Headlines

ਸਰੀ ਨਿਊਟਨ ਨੂੰ ਅਪਰਾਧ ਮੁਕਤ ਤੇ ਸੁਪਨਿਆਂ ਦਾ ਸ਼ਹਿਰ ਬਣਾਉਣ ਲਈ ਬਲੂ ਲਹਿਰ ਦਾ ਹਿੱਸਾ ਬਣੋ-ਤੇਗਜੋਤ ਬੱਲ

ਐਨ ਡੀ ਪੀ ਨੇ ਸਰੀ ਦੇ ਲੋਕਾਂ ਨੂੰ ਨਾਅਰਿਆਂ ਤੇ ਲਾਰਿਆਂ ਤੋਂ ਸਿਵਾਏ ਕੁਝ ਨਹੀ ਦਿੱਤਾ-

ਸਰੀ ( ਦੇ ਪ੍ਰ ਬਿ)-ਸਰੀ ਨਿਊਟਨ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਭਰਵੀਂ ਵਸੋਂ ਵਾਲਾ ਹਲਕਾ ਹਰ ਪੱਖੋੇਂ ਅਤਿ ਪਛੜਿਆ ਹੋਇਆ ਹੈ। ਭਾਵੇਂਕਿ ਇਸ ਹਲਕੇ ਦੇ ਲੋਕਾਂ ਨੇ ਐਨ ਡੀ ਪੀ ਉਮੀਦਵਾਰ ਨੂੰ ਲਗਾਤਾਰ 5ਵਾਰ ਜਿਤਾ ਕੇ ਵਿਕਟੋਰੀਆ ਭੇਜਿਆ,ਮੰਤਰੀ ਬਣਾਇਆ ਤੇ ਭਰਵਾਂ ਇਜਤ ਮਾਣ ਬਖਸ਼ਿਆ ਪਰ ਲੋਕਾਂ ਨੂੰ ਇਸਦੇ ਇਵਜ਼ ਵਿਚ ਕੁਝ ਵੀ ਹਾਸਲ ਨਹੀ ਹੋਇਆ। ਅੱਜ ਇਹ ਹਲਕਾ ਸਿਹਤ, ਸਿੱਖਿਆ, ਆਵਾਜ਼ਾਈ ਤੇ ਬੁਨਿਆਦੀ ਢਾਂਚੇ ਪੱਖੋਂ ਜਿਥੇ ਪਛੜਿਆ ਹੋਇਆ ਹੈ ਉਥੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਜੁਰਮ ਤੇ ਨਸ਼ਿਆਂ ਦੇ ਵਪਾਰ ਦਾ ਅੱਡਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਨਸ਼ਿਆਂ ਪ੍ਰਤੀ ਗੈਰਅਪਰਾਧੀਕਰਣ ਨੀਤੀ ਕਾਰਣ ਅੱਜ ਗਲੀਆਂ ਨਸ਼ਈਆਂ ਤੇ ਨਸ਼ੇ ਦੇ ਵਪਾਰੀਆਂ ਕਾਰਣ ਸੁਰੱਖਿਅਤ ਨਹੀ ਰਹੀਆਂ।

ਤੇਗਜੋਤ ਸਿੰਘ ਬੱਲ ਜੋ ਕਿ ਪੰਜਾਬ ਦੇ ਜਿਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੀ ਹੱਦ ਤੇ ਵਸਦੇ ਪਿੰਡ ਸ਼ੇਖੂਪੁਰਾ ਦੇ ਜੰਮਪਲ ਹਨ। ਮੁਢਲੀ ਵਿਦਿਆ ਬਟਾਲਾ ਸ਼ਹਿਰ ਤੋਂ ਕਰਨ ਉਪਰੰਤ ਸਵਿਟਜਰਲੈਂਡ ਤੋਂ ਹੋਟਲ ਮੈਨਜਮੈਂਟ ਦੀ ਡਿਗਰੀ ਹਾਸਲ ਕਰਨ ਅਤੇ ਲੰਡਨ ਯੂਨੀਵਰਸਿਟੀ ਤੋਂ ਕਾਰਪੋਰੇਟ ਸੈਕਟਰ ਵਿਚ ਡਿਪਲੋਮਾ ਕਰਨ ਉਪਰੰਤ  ਉਹ ਸਾਲ 2012 ਵਿਚ ਕੈਨੇਡਾ ਪ੍ਰਵਾਸ ਕਰ ਆਏ ਸਨ। ਉਹਨਾਂ ਨੇ ਇਥੇ ਜਿ਼ੰਦਗੀ ਦਾ ਸੰਘਰਸ਼ ਸ਼ੁਰੂ ਕਰਦਿਆਂ ਰੌਜ਼ਰ ਸਟੋਰ ਵਿਚ ਮੈਨੇਜਰ ਦੀ ਜੌਬ ਅਤੇ ਬੀ ਸੀ ਲਿਕੁਰ ਸਟੋਰ ਵਿਚ ਮੈਨੇਜਰ ਦੀ ਜੌਬ ਕਰਦਿਆਂ ਕਈ ਅਨੁਭਵ ਪ੍ਰਾਪਤ ਕੀਤੇ ਹਨ। ਸ਼ੇਰੇ ਪੰਜਾਬ ਰੇਡੀਓ ਉਪਰ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ ਹੋਸਟ ਕਰਨ ਵਾਲੇ ਤੇਗਜੋਤ ਬੱਲ ਸਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਮੁੱਦਿਆਂ ਤੇ ਭਲੀਭਾਂਤ ਜਾਣੂ ਹਨ। ਲਿਕੁਰ ਸਟੋਰ ਵਿਚ ਕੰਮ ਕਰਦਿਆਂ ਇਕ ਡਰੱਗੀ ਗਾਹਕ ਵਲੋਂ ਉਸਦੇ ਸਿਰ ਬੋਤਲ ਮਾਰਨ ਦੀ ਘਟਨਾ ਨੇ ਉਸਦਾ ਕੈਨੇਡੀਅਨ ਜਿੰਦਗੀ ਤੇ ਨਰਮ ਕਨੂੰਨਾਂ ਪ੍ਰਤੀ ਨਜ਼ਰੀਆ ਬਦਲ ਦਿੱਤਾ। ਉਸਦਾ ਕਹਿਣਾ ਹੈ ਕਿ ਉਹ ਸਮਝਦਾ ਹੈ ਕਿ ਕੈਨੇਡਾ ਵਿਚ ਅਪਰਾਧੀਆਂ ਲਈ ਅਜਿਹੇ ਸਖਤ ਕਨੂੰਨਾਂ ਦਾ ਲੋੜ ਹੈ ਕਿ ਆਮ ਸ਼ਹਿਰੀ ਸੁਰੱਖਿਆ ਦੀ ਭਾਵਨਾ ਨਾਲ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਜਿੰਦਗੀ ਗੁਜ਼ਾਰ ਸਕਣ।

ਸਰੀ ਨਿਊਟਨ ਹਲਕੇ ਵਿਚ ਲੰਬਾ ਸਮਾਂ ਰਹਿਣ ਵਾਲੇ ਤੇਗਜੋਤ ਬੱਲ ਨੇ ਦੇਸ ਪ੍ਰਦੇਸ ਟਾਈਮਜ ਨਾਲ ਇਕ ਗੱਲਬਾਤ ਦੌਰਾਨ ਕਿਹਾ ਕਿ  ਸਿਹਤ, ਸਿੱਖਿਆ ਤੋਂ ਛੁੱਟ ਅਪਰਾਧ ਦੇ ਮਾਮਲੇ ਵਿਚ ਸਰੀ ਨਿਊਟਨ ਦੀ ਜੋ ਸਥਿਤੀ ਹੈ ਉਹ ਸੱਚਮੁੱਚ ਹੀ ਪ੍ਰੇਸ਼ਾਨ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਸੂਬੇ ਅਤੇ ਸ਼ਹਿਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਉਹ ਚਾਹੁੰਦੇ ਹਨ ਕਿ ਲੋਕ ਇਸਦੇ ਖਿਲਾਫ ਇਕਮੁੱਠ ਹੋਣ ਤੇ ਬੀਸੀ ਕੰਸਰਵੇਟਿਵ ਦੀ ਬਲੂ ਲਹਿਰ ਤੇ ਤਬਦੀਲੀ ਦੇ ਸੰਦੇਸ਼ ਨੂੰ ਭਰਵਾਂ ਹੁੰਗਾਰਾ ਦੇਣ। ਉਹਨਾਂ ਕਿਹਾ ਕਿ ਸੂਬੇ ਤੇ ਰਾਜ ਕਰ ਰਹੀ ਪਾਰਟੀ ਨੇ ਲੋਕਾਂ ਨੂੰ ਨਾਅਰਿਆਂ ਤੇ ਲਾਰਿਆਂ ਤੋਂ ਸਿਵਾਏ ਕੁਝ ਨਹੀ ਦਿੱਤਾ। ਸਭ ਤੋਂ ਵੱਡਾ ਮਜ਼ਾਕ ਤਾਂ ਸਰੀ ਦੇ ਲੋਕਾਂ ਨਾਲ ਕੀਤਾ ਗਿਆ ਹੈ। ਸਰੀ ਦੇ ਲੋਕਾਂ ਨੇ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਦੇ ਸੁਧਾਰ ਲਈ ਕੇਵਲ ਇਕ ਹਸਪਤਾਲ ਬਣਾਉਣ ਦੀ ਮੰਗ ਕੀਤੀ ਸੀ ਪਰ ਸਰੀ ਦੇ ਲੋਕ ਵੇਖ ਸਕਦੇ ਹਨ ਕਿ ਉਹ ਨਵਾਂ ਹਸਪਤਾਲ ਅੱਜ ਕਿਥੇ ਹੈ। ਉਲਟਾ ਝੂਠ ਤੇ ਝੂਠ ਬੋਲਿਆ ਜਾ ਰਿਹਾ ਹੈ ਕਿ ਸਰੀ ਵਿਚ ਨਵੇਂ ਹਸਪਤਾਲ ਦੀ ਉਸਾਰੀ ਚੱਲ ਰਹੀ ਹੈ ਜਦੋਂਕਿ ਜਮੀਨ ਖੁਦਾਈ ਦੇ ਪਰਮਿਟ ਤੋਂ ਸਿਵਾਏ ਇਮਾਰਤ ਉਸਾਰੀ ਤੇ ਹੋਰ ਲੋੜੀਂਦੇ ਪਰਮਿਟ ਅਜੇ ਤੱਕ ਜਾਰੀ ਨਹੀ ਹੋ ਸਕੇ। ਸਰੀ ਵਿਚ ਆਵਾਜਾਈ ਦੀ ਹਾਲਤ ਇਤਨੀ ਤਰਸਯੋਗ ਹੈ ਕਿ ਹਰ ਸੜਕ ਉਪਰ ਜਾਮ ਲੱਗਾ ਰਹਿੰਦਾ ਹੈ। ਸਰੀ ਦੇ ਨੇੜਲੇ ਸ਼ਹਿਰਾਂ ਨੂੰ ਆਉਣ ਜਾਣ ਲਈ ਵੀ ਘੰਟਿਆਂ ਬੱਧੀ ਲੋਕ ਜਾਮ ਵਿਚ ਫਸੇ ਰਹਿੰਦੇ ਹਨ। ਸਰੀ ਦੇ ਲੋਕਾਂ ਲਈ ਸਕਾਈਟਰੇਨ ਦੀ ਮੰਗ ਨੂੰ ਪੂਰਾ ਕਰਨ ਦੇ ਦਾਅਵੇਦਾਰਾਂ ਕੋਲ ਸਕਾਈਟਰੇਨ ਦਾ ਮੂੰਹ ਲੈਂਗਲੀ ਵੱਲ ਮੋੜੇ ਜਾਣ ਦਾ ਕੋਈ ਜਵਾਬ ਨਹੀਂ। ਜਦੋਂਕਿ ਸਰੀ ਨਿਊਟਨ ਦੇ ਲੋਕ ਸੜਕਾਂ ਤੇ ਖੱਜਲ ਖੁਆਰ ਹੋ ਰਹੇ ਹਨ।

ਤੇਗਜੋਤ ਬੱਲ ਨੇ ਸੂਬੇ ਤੇ ਸਰੀ ਦੀਆਂ ਸਮੱਸਿਆਵਾਂ ਦੀ ਗੱਲ ਅਤੇ ਇਹਨਾਂ ਦੇ ਹੱਲ ਲਈ ਬੀਸੀ ਕੰਸਰਵੇਟਿਵ ਦੀ ਬਲੂ ਲਹਿਰ ਨੂੰ ਲੋਕਾਂ ਦੇ ਹੁੰਗਾਰੇ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਿਸੇ ਸਿਆਸੀ ਪਰਿਵਾਰ ਨਾਲ ਸਬੰਧਿਤ ਨਹੀ। ਨਾਹੀ ਉਸਦਾ ਕੋਈ ਰਿਸ਼ਤੇਦਾਰ ਸਰਕਾਰ ਵਿਚ ਹੈ। ਉਹ ਸਰੀ ਦਾ ਇਕ ਜਾਗਰੁਕ ਵਸਨੀਕ ਹੋਣ ਦੇ ਨਾਤੇ ਸਰੀ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਕੰਮ ਕਰਨ ਦਾ ਚਾਹਵਾਨ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰੀ ਨੂੰ ਅਪਰਾਧ ਮੁਕਤ ਤੇ ਪੰਜਾਬੀਆਂ ਦੇ ਸੁਪਨੇ ਦਾ ਸ਼ਹਿਰ ਬਣਾਉਣ ਲਈ ਬੀ ਸੀ ਕੰਸਰਵੇਟਿਵ ਨੂੰ ਭਾਰੀ ਮਤਦਾਨ ਨਾਲ ਜਿਤਾਉਣਾ ਹੀ  ਸਮੇਂ ਦੀ ਲੋੜ ਹੈ।

Leave a Reply

Your email address will not be published. Required fields are marked *