Headlines

ਸਕੂਲਾਂ ਵਿਚ ਬੱਚਿਆਂ ਤੇ ਸੋਜੀ ਵਰਗੇ ਪ੍ਰੋਗਰਾਮ ਥੋਪਣ ਵਾਲੀ ਸਰਕਾਰ ਲੋਕ ਹਿੱਤੂ ਨਹੀਂ ਹੋ ਸਕਦੀ-ਮਨਦੀਪ ਧਾਲੀਵਾਲ

ਸਰੀ ਨਾਰਥ ਤੋਂ ਐਨ ਡੀ ਪੀ ਉਮੀਦਵਾਰ ਤੇ ਸਿੱਖਿਆ ਮੰਤਰੀ ਖਿਲਾਫ ਲੜ ਰਿਹਾ ਹੈ ਚੋਣ-

ਸਰੀ ( ਦੇ ਪ੍ਰ ਬਿ)-ਸਰੀ ਨੌਰਥ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਸਿਆਸਤ ਵਿਚ ਬਿਲਕੁਲ ਨਵਾਂ ਹੈ। ਉਸਨੇ ਕਦੇ ਸੋਚਿਆ ਵੀ ਨਹੀ ਸੀ ਕਿ ਉਹ ਸਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਲਈ ਇਸ ਤਰਾਂ ਚੋਣ ਮੈਦਾਨ ਵਿਚ ਕੁੱਦੇਗਾ। ਉਸਦਾ ਕਹਿਣਾ ਹੈ ਕਿ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਦੀਆਂ ਲੋਕ ਪੱਖੀ ਨੀਤੀਆਂ ਕਾਰਣ ਉਹ ਕੰਸਰਵੇਟਿਵ ਪਾਰਟੀ ਨਾਲ ਜੁੜਿਆ ਹੈ। ਪਾਰਟੀ ਲਈ ਕੰਮ ਕਰਦਿਆਂ ਹੀ ਪਾਰਟੀ ਆਗੂ ਨੇ ਉਸਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ । ਉਸਨੂੰ ਅੱਜ ਵੀ ਇਕ ਵਲੰਟੀਅਰ ਵਜੋਂ  ਕੰਮ ਕਰਨ ਦਾ ਜ਼ਿਆਦਾ ਆਨੰਦ ਮਿਲਦਾ ਹੈ ਪਰ ਪਾਰਟੀ ਆਗੂ ਨੇ ਜੋ ਡਿਊਟੀ ਲਗਾਈ ਹੈ, ਉਸ ਲਈ ਸ਼ੁਕਰਗੁਜ਼ਾਰ ਹੈ।

ਮਨਦੀਪ ਧਾਲੀਵਾਲ ਜੋ ਕਿ ਸਾਬਕਾ ਅੰਤਰਰਾਸ਼ਟਰੀ ਤੇ ਗੋਲਡ ਮੈਡਲਿਸਟ ਖਿਡਾਰੀ ਹੈ, ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦਾ ਜੰਮਪਲ ਹੈ। ਉਹ ਇਕ ਖਿਡਾਰੀ ਤੇ ਸਟੂਡੈਂਟ ਵਜੋਂ ਕੈਨੇਡਾ ਆਇਆ ਸੀ। ਉਸਨੇ ਇਥੇ ਆਕੇ ਜੀਵਨ ਨਿਰਬਾਹ ਲਈ ਕਰੜੀ ਮਿਹਨਤ ਮਸ਼ੱਕਤ ਦੇ ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵਧ ਚੜਕੇ ਯੋਗਦਾਨ ਪਾਇਆ ਹੈ। ਉਸਨੇ ਵਲੰਟੀਅਰ ਵਜੋਂ ਕੈਨੇਡੀਅਨ ਕੈਂਸਰ ਸੁਸਾਇਟੀ ਲਈ ਇਕ ਲੱਖ ਡਾਲਰ ਫੰਡ ਇਕੱਤਰ ਕੀਤਾ।  ਖਾਲਸਾ ਏਡ ਇੰਟਰਨੈਸ਼ਨਲ ਲਈ ਇਕ ਲੱਖ ਡਾਲਰ ਇਕੱਠਾ ਕੀਤਾ ਤੇ ਹਰ ਸਾਲ ਸਰੀ ਦੇ ਨਗਰ ਕੀਰਤਨ ਵਿਚ ਕਲੀਨ ਅਪ ਟੀਮ ਨਾਲ ਸੇਵਾ ਕਰਨ ਦਾ ਮੌਕਾ ਨਹੀ ਖੁੰਝਾਇਆ। ਉਸਦੀਆਂ ਵਲੰਟੀਅਰ ਸੇਵਾਵਾਂ ਲਈ ਯੂਕੇ ਵਰਲਡ ਬੁੱਕ ਰਿਕਾਰਡ ਵਲੋਂ ਸਨਮਾਨਿਤ ਕੀਤਾ ਗਿਆ ਹੈ।

ਦੇਸ ਪ੍ਰਦੇਸ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸਰੀ ਨੌਰਥ ਤੋਂ  ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਨੇ ਦੱਸਿਆ ਕਿ ਉਸਨੇ ਇਸ ਹਲਕੇ ਦੀ ਚੋਣ ਖੁਦ ਕੀਤੀ ਤਾਂ ਕਿ ਸਿੱਖਿਆ ਮੰਤਰੀ ਵਲੋਂ ਬੀ ਸੀ ਦੇ ਸਕੂਲਾਂ ਵਿਚ ਛੋਟੇ ਬੱਚਿਆਂ ਨੂੰ ਪੜਾਏ ਜਾਂਦੇ ਸੋਜੀ ਵਰਗੇ ਪਾਠਕ੍ਰਮ ਦੀ ਚੋਣ ਅਤੇ ਲੋਕ ਵਿਰੋਧ ਦੇ ਬਾਵਜੂਦ ਉਸਦੇ ਹੱਕ ਵਿਚ ਡਟਣ ਵਾਲੀ ਸਿੱਖਿਆ ਮੰਤਰੀ ਨੂੰ ਚੈਲੰਜ ਕੀਤਾ ਜਾ ਸਕੇ। ਉਸਦਾ ਕਹਿਣਾ ਹੈ ਕਿ ਉਹ ਸੋਜੀ ਪਾਠਕ੍ਰਮ ਦਾ ਵਿਰੋਧ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਂਦਾ ਆ ਰਿਹਾ ਹੈ। ਉਸਨੇ ਇਸ ਦੌਰਾਨ ਵੇਖਿਆ ਕਿ ਸਿੱਖਿਆ ਮੰਤਰੀ ਬੱਚਿਆਂ ਦੇ ਮਾਪਿਆਂ ਦੇ ਰੋਸ ਤੇ ਤੌਖਲਿਆਂ ਨੂੰ ਦੂਰ ਕਰਨ ਦੀ ਥਾਂ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਉਸਦਾ ਕਹਿਣਾ ਹੈ ਕਿ ਲੋਕਾਂ ਦੇ ਚੁਣੇ ਪ੍ਰਤੀਨਿਧਾਂ ਦਾ ਕੰਮ ਹੈ ਕਿ ਉਹ ਲੋਕਾਂ ਦੀ ਗੱਲ ਸੁਣਨ। ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਪਰ ਸਿੱਖਿਆ ਮੰਤਰੀ ਦੇ ਜਿੱਦੀ ਰਵੱਈਏ ਨੇ ਉਸਨੂੰ ਤੇ ਬੀ ਸੀ ਦੇ ਮਾਪਿਆਂ ਨੂੰ ਭਾਰੀ ਨਿਰਾਸ਼ ਕੀਤਾ ਹੈ। ਮਨਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਨੰਨੇ ਬੱਚਿਆਂ ਦੀ ਮਾਨਸਿਕਤਾ ਵਿਚ ਵਿਗਾੜ ਪੈਦਾ ਕਰਨ ਵਾਲੇ ਸੋਜੀ ਵਰਗੇ ਪਾਠਕ੍ਰਮ ਨੂੰ ਮਨਜੂਰੀ ਦੇਣ ਵਾਲੀ ਐਨ ਡੀ ਪੀ ਸਰਕਾਰ ਕਦੇ ਵੀ ਲੋਕ ਹਿੱਤੂ ਨਹੀ ਹੋ ਸਕਦੀ।

ਇਸ ਦੌਰਾਨ ਉਹਨਾਂ ਸੂਬੇ ਅਤੇ ਸਰੀ ਦੀਆਂ ਹੋਰ ਸਮੱਸਿਆਵਾਂ ਦੀ ਗੱਲ ਕਰਦਿਆਂ ਕਿਹਾ ਕਿ ਐਨ ਡੀ ਪੀ ਸਰਕਾਰ ਕੇਵਲ ਨਾਅਰਿਆਂ ਤੇ ਵਾਅਦਿਆਂ ਤੱਕ ਸੀਮਤ ਹੈ। ਇਸਨੂੰ ਚਲਦਾ ਕਰਨਾ ਹੀ ਲੋਕਾਂ ਦੇ ਹਿੱਤ ਵਿਚ ਹੈ। ਇਸ ਮੌਕੇ ਉਹਨਾਂ ਹੋਰ ਕਿਹਾ ਕਿ ਇਕ ਖਿਡਾਰੀ ਹੋਣ ਦੇ ਨਾਤੇ ਉਹ ਇਹ ਮਹਿਸੂਸ ਕਰਦੇ ਹਨ ਕਿ ਸਰਕਾਰ ਕੋਲ ਨੌਜਵਾਨਾਂ ਲਈ ਕੋਈ ਵੀ ਖੇਡ ਪਾਲਸੀ ਨਹੀ ਹੈ। ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਖੇਡਾਂ ਅਤੇ ਕੋਚਿੰਗ ਲਈ ਕੋਈ ਵੀ ਸਹੂਲਤ ਨਹੀ ਹੈ। ਕਿਸੇ ਵੀ ਖੇਡ ਦੀ ਕੋਚਿੰਗ ਲਈ ਫੀਸਾਂ ਇਤਨੀਆਂ ਜ਼ਿਆਦਾ ਹਨ ਕਿ ਪਰਿਵਾਰ ਫੀਸਾਂ ਹੀ ਨਹੀ ਦੇ ਸਕਦੇ। ਉਹਨਾਂ ਕਿਹਾ ਕਿ ਅਗਰ ਬੀ ਸੀ ਕੰਸਰਵੇਟਿਵ ਸਰਕਾਰ ਬਣਦੀ ਹੈ ਤਾਂ ਉਹ ਬੀ ਸੀ ਵਿਚ ਅਜਿਹੀ ਖੇਡ ਨੀਤੀ ਬਣਵਾਉਣਗੇ ਕਿ ਹਰ ਬੱਚੇ ਨੂੰ ਬਿਨਾਂ ਕਿਸੇ ਫੀਸ ਦੇ ਖੇਡਾਂ ਖੇਡਣ ਤੇ ਕੋਚਿੰਗ ਲੈਣ ਦੇ ਮੌਕੇ ਮਿਲਣ । ਉਹਨਾਂ 19 ਅਕਤੂਬਰ ਨੂੰ ਪੈ ਰਹੀਆਂ ਵੋਟਾਂ ਵਿਚ ਲੋਕਾਂ ਨੂੰ ਬੀਸੀ ਕੰਸਰਵੇਟਿਵ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ।