Headlines

ਸੰਪਾਦਕੀ-ਸਰਧਾਂਜ਼ਲੀ-ਅਮੀਰੀ ਦੇ ਅਸਲ ਅਰਥਾਂ ਨੂੰ ਰੂਪਮਾਨ ਕਰਨ ਵਾਲਾ ਰਤਨ ਟਾਟਾ…

-ਸੁਖਵਿੰਦਰ ਸਿੰਘ ਚੋਹਲਾ-

ਦੁਨੀਆ ਵਿਚ ਅਮੀਰ ਤਰੀਨ ਲੋਕ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਤਾਂ ਬਹੁਤ ਹਨ ਪਰ ਬਹੁਤ ਘੱਟ ਅਜਿਹੇ ਲੋਕ ਹਨ ਜਿਹਨਾਂ ਨੂੰ ਉਹਨਾਂ ਦੀ ਅਮੀਰੀ ਦੇ ਨਾਲ ਮਾਣ-ਸਨਮਾਨ ਤੇ ਲੋਕਾਂ ਦਾ ਪਿਆਰ ਤੇ ਸਤਿਕਾਰ ਵੀ ਨਸੀਬ ਹੁੰਦਾ ਹੈ। ਵਿਸ਼ੇਸ਼ ਕਰਕੇ ਭਾਰਤ ਵਰਗੇ ਮੁਲਕ ਵਿਚ ਜਿਥੇ ਆਮ ਕਰਕੇ ਅਮੀਰ ਲੋਕਾਂ ਪ੍ਰਤੀ ਨਜ਼ਰੀਆ ਹੀ ਕੁਝ ਹੋਰ ਹੈ। ਭਾਵੇਂਕਿ ਉਸਨੂੰ ਇਹ ਅਮੀਰੀ ਪਿਓ -ਦਾਦੇ ਦੀ ਵਿਰਾਸਤ ਵਜੋਂ ਮਿਲੀ ਸੀ ਪਰ ਉਸਨੇ ਇਸ ਵਿਰਾਸਤ ਨੂੰ ਇਸ ਤਰਾਂ ਅੱਗੇ ਵਧਾਇਆ ਕਿ ਦੇਸ਼ ਦਾ ਪ੍ਰਸਿਧ ਟਾਟਾ ਗਰੁੱਪ ਕੇਵਲ ਭਾਰਤ ਹੀ ਨਹੀ ਵਿਸ਼ਵ ਦਾ ਇਕ ਨਾਮੀ ਟਾਟਾ ਗਰੁੱਪ ਬਣ ਗਿਆ। ਭਾਰਤ ਵਿਚ ਅਮੀਰ ਵਿਅਕਤੀ ਪ੍ਰਤੀ ਬਣੀਆਂ ਮਿੱਥਾਂ ਨੂੰ ਤੋੜਨ ਵਾਲਾ ਇਕ ਮਹਾਨ ਸਨਅਤਕਾਰ ਰਤਨ ਟਾਟਾ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ 86 ਸਾਲ ਲੰਬੀ ਆਉਧ ਹੰਢਾਕੇ ਰੁਖਸਤ ਹੋ ਗਿਆ। ਉਹ ਆਪਣੇ ਨਾਮ ਵਾਂਗ ਹੀ ਭਾਰਤ ਦਾ ਇਕ ਨਾਯਾਬ ਰਤਨ ਸੀ। ਭਾਰਤ ਦਾ ਸ਼ਾਇਦ ਉਹ ਪਹਿਲਾ ਅਜਿਹਾ ਅਮੀਰ ਵਿਅਕਤੀ ਹੈ ਜਿਸਦੇ ਤੁਰ ਜਾਣ ਤੇ ਸਨਅਤਕਾਰਾਂ, ਕਾਰੋਬਾਰੀਆਂ, ਸਿਆਸਤਦਾਨਾਂ ਤੇ ਅਫਸਰਸ਼ਾਹਾਂ ਨੇ ਤਾਂ ਅਫਸੋਸ ਪ੍ਰਗਟ ਕੀਤਾ ਹੀ, ਉਸਦਾ ਤੁਰ ਜਾਣਾ ਆਮ ਲੋਕਾਂ ਦੀਆਂ ਅੱਖਾਂ ਵੀ ਨਮ ਕਰ ਗਿਆ। ਉਹ ਅਜਿਹਾ ਅਮੀਰ ਵਿਅਕਤੀ ਸੀ ਜਿਸਦੇ ਚਿਹਰੇ ਦੇ ਅਮੀਰੀ ਦੇ ਦਗਦੇ ਸੂਰਜ ਦੀ ਝਲਕ ਦੇ ਨਾਲ ਨਿਰਮਲ ਤੇ ਸ਼ਾਂਤੀ ਪਾਣੀਆਂ ਜਿਹਾ ਸਕੂਨ ਵੀ ਝਲਕਦਾ ਸੀ। ਕਿਸੇ ਅਮੀਰ ਦਾ ਇਤਨਾ ਨਿਮਰ ਤੇ ਸਾਊ ਹੋਣਾ-ਉਸਦੀ ਕਾਰੋਬਾਰੀ ਜਿੰਦਗੀ ਤੇ ਲੋਕਾਂ ਲਈ ਕੀਤੇ ਗਏ ਕੰਮਾਂ ਨੂੰ ਵੇਖ ਹੀ ਜਾਣਿਆ ਜਾ ਸਕਦਾ ਹੈ।

ਉਹਨਾਂ ਜਦੋਂ ਟਾਟਾ ਗਰੁੱਪ ਦੇ ਚੇਅਰਮੈਨ ਦੀ ਜਿੰਮੇਵਾਰੀ ਸੰਭਾਲੀ ਤਾਂ ਗਰੁੱਪ ਦੀ ਸਾਲਾਨਾ ਆਮਦਨ 4 ਅਰਬ ਡਾਲਰ ਸੀ ਜੋ ਅੱਜ 100 ਅਰਬ ਡਾਲਰ ਤੋਂ ਉਪਰ ਹੈ। ਉਸਨੇ ਆਪਣੇ ਕਾਰੋਬਾਰ ਨੂੰ ਵਿਸ਼ਵ ਵਿਆਪੀ ਬਣਾਉਣ ਦੇ ਨਾਲ ਸਿਹਤ, ਸਿੱਖਿਆ ਤੇ ਹੋਰ ਸਮਾਜਿਕ ਖੇਤਰਾਂ ਵਿਚ ਚੈਰਟੀ ਦਾ ਵੀ ਆਪਣਾ ਇਕ ਅਲਗ ਰਿਕਾਰਡ ਸਥਾਪਿਤ ਕੀਤਾ। ਵਿਸ਼ਵ ਭਰ ਵਿਚ ਸਵਾ 7 ਲੱਖ ਦੇ ਕਰੀਬ ਕਰਮਚਾਰੀਆਂ ਵਾਲੇ ਟਾਟਾ ਗਰੁੱਪ ਦੀਆਂ 29 ਕੰਪਨੀਆਂ ਦਾ ਕੁਲ ਸਲਾਨਾ  ਕਾਰੋਬਾਰ 33 ਖਰਬ ਰੁਪਏ ( 400 ਅਰਬ ਅਮਰੀਕੀ ਡਾਲਰ)  ਹੈ। 100 ਅਰਬ ਡਾਲਰ ਸਾਲਾਨਾ ਆਮਦਨ ਚੋਂ 66 ਪ੍ਰਤੀਸ਼ਤ ਹਿੱਸਾ ਕੇਵਲ ਚੈਰਟੀ ਤੇ ਦਾਨ ਉਪਰ ਖਰਚ ਕੀਤਾ ਜਾਂਦਾ ਹੈ।

ਭਾਰਤ ਵਿਚ ਅੰਬਾਨੀਆਂ-ਅਡਾਨੀਆਂ ਦੇ ਕਾਰੋਬਾਰੀ ਵਿਸਥਾਰ ਤੇ ਢੰਗ ਤਰੀਕਿਆਂ ਦਰਮਿਆਨ ਟਾਟਾ ਗਰੁੱਪ ਦੀ ਕਾਰੋਬਾਰੀ ਨੈਤਿਕਤਾ ਨੂੰ ਸੰਭਾਲਣ  ਤੇ ਅੱਗੇ ਵਧਾਉਣ ਵਾਲੇ ਇਸ ਅਮੀਰ ਵਿਅਕਤੀ ਦੀ ਸੋਚ ਤੇ ਦੂਰਦ੍ਰਿਸ਼ਟੀ ਲਈ ਉਸਦੇ ਇਹਨਾਂ ਸ਼ਬਦਾਂ ਨੂੰ ਜਾਣ ਲੈਣਾ ਹੀ ਕਾਫੀ ਹੈ ਕਿ ਟਾਟਾ ਗਰੁੱਪ ਇੰਡਸਟਰੀ ਚਲਾਉਂਦਾ ਹੈ, ਕਾਰੋਬਾਰ ਨਹੀ ਕਰਦਾ। ਤੇ ਟਾਟਾ ਗਰੁੱਪ ਦੀ ਇੰਡਸਟਰੀ ਵਿਚ ਨੈਤਿਕ ਕਦਰਾਂ ਕੀਮਤਾਂ ਉਪਰ ਕਾਰੋਬਾਰ ਨੂੰ ਕਦੀ ਵੀ ਭਾਰੂ ਨਹੀ ਹੋਣ ਦਿੱਤਾ ਗਿਆ। ਇਸਦੀ ਮਿਸਾਲ ਇਸਤੋਂ ਵੱਡੀ ਕੀ ਹੋ ਸਕਦੀ ਹੈ ਕਿ ਟਾਟਾ ਗਰੁੱਪ ਨੇ ਰਤਨ ਟਾਟਾ ਦੀ ਅਗਵਾਈ ਹੇਠ ਕੋਵਿਡ ਦੌਰਾਨ ਮਰਨ ਵਾਲੇ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਉਹਨਾਂ ਦੀ 60 ਸਾਲ ਦੀ ਉਮਰ ਤੱਕ ਪੂਰੇ ਲਾਭ ਤੇ ਤਨਖਾਹ ਦੇਣ ਦਾ ਐਲਾਨ ਕੀਤਾ। ਸਿੱਖ ਭਾਈਚਾਰਾ ਵੀ ਉਹਨਾਂ ਦੀ ਉਸ ਉਦਾਰਤਾ ਨੂੰ ਕਦੇ ਵੀ ਭੁਲਾ ਨਹੀ ਸਕਦਾ ਜਦੋਂ ਟਾਟਾ ਕੰਪਨੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੌਰਾਨ ਅਗਜਨੀ ਦੇ ਹਵਾਲੇ ਕੀਤੇ ਗਏ ਟਰੱਕ ਮਾਲਕਾਂ ਨੂੰ ਮੁਫਤ ਵਿਚ ਟਰੱਕ ਮੁਹੱਈਆ ਕਰਵਾਏ ਸਨ। ਪੀੜਤ ਸਿੱਖ ਡਰਾਈਵਰਾਂ ਦੀ ਕੀਤੀ ਗਈ ਇਸ ਮਦਦ ਦਾ ਉਹਨਾਂ ਕਦੇ ਜਿਕਰ ਤੱਕ ਨਹੀ ਕੀਤਾ।

ਟਾਟਾ ਗਰੁੱਪ ਦੇ ਕਾਰੋਬਾਰ ਵਿਚ ਟਾਟਾ ਸਟੀਲ, ਟਾਟਾ ਕਾਟਨ, ਟਾਟਾ ਕਾਰਾਂ, ਹੋਟਲ ਅਤੇ ਟਾਟਾ ਚਾਹ ਆਦਿ ਸ਼ਾਮਲ ਸਨ। ਪਰ ਇਹ ਰਤਨ ਟਾਟਾ ਹੀ ਸਨ ਜਿਹਨਾਂ ਦੀ ਦੂਰ ਦਰਸ਼ਤਾ ਨੇ ਟਾਟਾ ਗਰੁੱਪ ਨੂੰ ਗਲੋਬਲ ਪੱਧਰ ਤੇ ਵੀ ਮਾਨਤਾ ਦਿਵਾਈ ਤੇ ਆਪਣੇ ਖਰਾਇਤੀ ਤੇ ਸਮਾਜਿਕ ਕੰਮਾਂ ਨਾਲ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਤੇ ਜਿੰਮੇਵਾਰੀ ਨੂੰ ਦ੍ਰਿੜਾਇਆ। ਉਹਨਾਂ ਨੇ ਆਪਣੇ ਦਾਦਾ ਜਮਸ਼ੇਦਜੀ ਟਾਟਾ ਦੁਆਰਾ ਲਗਪਗ 150 ਸਾਲ ਪਹਿਲਾਂ ਸਥਾਪਿਤ ਕੀਤੇ ਗਈ ਟਾਟਾ ਕਾਰੋਬਾਰੀ ਸਲਤਨਤ ਨੂੰ  ਟਾਟਾ ਸਮੂਹ ਦੇ ਮੁਖੀ ਹੋਣ ਦੇ ਨਾਤੇ, ਆਪਣੀ ਯੋਗਤਾ ਤੇ ਹਲੀਮੀ ਨਾਲ ਭਾਰਤ ਦੇ ਕਾਰਪੋਰੇਟ ਵਿਕਾਸ ਅਤੇ ਸਮਾਜਿਕ ਵਿਕਾਸ ਨੂੰ ਬਰਾਬਰ ਦੀ ਭਾਈਵਾਲੀ ਨਿਭਾਉਣ ਵਿਚ ਇਤਿਹਾਸਕ ਜਿੰਮੇਵਾਰੀ ਨਿਭਾਈ ।  ਉਹਨਾਂ ਦੀਆਂ  ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਬ੍ਰਿਟਿਸ਼ ਚਾਹ ਕੰਪਨੀ ਟੈਟਲੀ ਨੂੰ 2000 ਵਿੱਚ 271 ਮਿਲੀਅਨ ਪੌੰਡ ਵਿੱਚ ਖਰੀਦਣਾ ਸੀ, ਜਿਸ ਨਾਲ ਟਾਟਾ ਦੁਨੀਆ ਦੀ ਸਭ ਤੋਂ ਵੱਡੀ ਚਾਹ ਕੰਪਨੀਆਂ ਵਿੱਚੋਂ ਇੱਕ ਬਣ ਗਈ। ਉਹਨਾਂ ਦੀ ਅਗਵਾਈ ਹੇਠ ਟਾਟਾ ਵਲੋਂ 2008 ਵਿੱਚ ਜੈਗੁਆਰ ਲੈਂਡ ਰੋਵਰ ਨੂੰ ਖਰੀਦਣਾ ਵੀ ਵੱਡੀ ਪ੍ਰਾਪਤੀ ਸੀ। ਭਾਵੇਂਕਿ ਉਸ ਸਮੇਂ ਮੋਟਰਿੰਗ ਕੰਪਨੀ ਦੇ ਵਿੱਤੀ ਸੰਕਟ ਦੇ ਬਾਵਜੂਦ, ਟਾਟਾ ਨੇ ਬ੍ਰਿਟਿਸ਼ ਬ੍ਰਾਂਡ ਵਿੱਚ ਸੰਭਾਵਨਾਵਾਂ ਵੇਖੀਆਂ। ਉਸਨੇ ਤਕਨਾਲੋਜੀ ਅਤੇ ਡਿਜ਼ਾਈਨ ਵਿੱਚ ਮਹੱਤਵਪੂਰਨ ਨਿਵੇਸ਼ ਦੀ ਨਿਗਰਾਨੀ ਕੀਤੀ ਤੇ ਨਵੇਂ ਮਾਡਲਾਂ ਨੇ ਗਲੋਬਲ ਮਾਨਤਾ ਪ੍ਰਾਪਤ ਕੀਤੀ ਜਿਸ ਨਾਲ ਟਾਟਾ ਮੋਟਰਜ਼ ਵਿਸ਼ਵ ਆਟੋ ਖੇਤਰ ਵਿੱਚ ਇੱਕ ਵੱਡੀ ਤਾਕਤ ਬਣ ਗਈ।

ਰਤਨ ਟਾਟਾ ਦੀ ਅਗਵਾਈ ਵਿੱਚ ਇੱਕ ਹੋਰ ਜਿਕਰਯੋਗ ਪਲ 2007 ਵਿੱਚ ਕੋਰਸ ਸਟੀਲ ਦੀ $12 ਬਿਲੀਅਨ ਅਮਰੀਕੀ ਡਾਲਰ ਦੀ ਖਰੀਦ ਸੀ, ਜੋ ਭਾਰਤੀ ਕਾਰਪੋਰੇਟ ਇਤਿਹਾਸ ਵਿੱਚ ਸਭ ਤੋਂ ਵੱਡੇ ਖਰੀਦਦਾਰੀ ਵਿੱਚੋਂ ਇੱਕ ਸੀ। ਇਹ ਵੀ ਉਹਨਾਂ ਦੀ ਅਗਵਾਈ ਸੀ ਕਿ ਆਟੋ ਖੇਤਰ ਵਿਚ ਵਿਸ਼ਵ ਵਿਆਪੀ ਉਪਲਬਧੀਆਂ ਦੇ ਨਾਲ ਉਹਨਾਂ ਨੇ ਭਾਰਤੀਆਂ ਲਈ ਸਸਤੀ ਕਾਰ ਦੇ ਸੁਪਨੇ ਨੂੰ ਸੱਚ ਕੀਤਾ। ਕੰਪਨੀ ਦਾ 2008 ਵਿੱਚ ਟਾਟਾ ਨੈਨੋ ਦਾ ਨਿਰਮਾਣ ਇਕ ਵਿਲੱਖਣ ਕਾਰਜ ਸੀ। ਇਕ ਲੱਖ ਰੁਪਏ ਵਿਚ ਇਹ ਦੁਨੀਆ ਦੀ ਸਭ ਤੋਂ ਸਸਤੀ ਕਾਰ ਸੀ। ਭਾਵੇਂਕਿ ਉਹਨਾਂ ਦਾ ਇਹ ਤਜੁਰਬਾ ਕੁਝ ਹੋਰ ਕਾਰਣਾਂ ਕਰਕੇ ਪੂਰਾ ਸਫਲ ਨਾ ਰਿਹਾ ਪਰ ਉਹਨਾਂ ਦੀ ਆਮ ਭਾਰਤੀਆਂ ਲਈ ਸਸਤੀ ਕਾਰ ਦਾ ਸੁਪਨਾ ਭਾਰਤੀਆਂ ਦੇ ਸੁਪਨੇ ਨੂੰ ਖੰਭ ਲਗਾਉਣ ਵਾਲ ਜ਼ਰੂਰ ਸੀ। ਆਪਣੇ ਕਾਰੋਬਾਰ ਵਾਧੇ ਦੇ ਨਾਲ ਟਾਟਾ ਸਮੂਹ ਵਲੋਂ  ਸਿੱਖਿਆ, ਸਿਹਤ ਸੰਭਾਲ ਅਤੇ ਵਿਗਿਆਨਕ ਖੋਜ ਵਿੱਚ ਪਰਉਪਕਾਰੀ ਕਾਰਜਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਭਾਰਤ ਵਿੱਚ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਸਮੇਤ ਕਈ ਟਾਟਾ ਖੋਜ ਕੇਂਦਰ ਹਨ। ਟਾਟਾ ਟਰੱਸਟਾਂ ਨੇ ਹਾਰਵਰਡ ਬਿਜ਼ਨਸ ਸਕੂਲ ਅਤੇ ਲੰਡਨ ਸਕੂਲ ਆਫ ਇਕਨਾਮਿਕਸ, ਇਟਲੀ ਤੇ ਕਈ ਹੋਰ ਨਾਮੀ ਓਵਰਸੀਜ਼ ਸਿੱਖਿਆ ਸੰਸਥਾਵਾਂ ਨੂੰ ਕਰੋੜਾਂ ਅਰਬਾਂ ਦੇ ਦਾਨ ਨਾਲ ਨਵੀਆਂ ਪੈੜਾਂ ਸਿਰਜੀਆਂ। ਇਹਨਾਂ ਵਿਚ ਸਭ ਤੋਂ ਮਹੱਤਵਪੂਰਣ ਟਾਟਾ ਐਜੂਕੇਸ਼ਨ ਐਂਡ ਡਿਵੈਲਪਮੈਂਟ ਟਰੱਸਟ ਦੁਆਰਾ ਅਮਰੀਕਾ ਦੀ ਕਾਰਨੈਲ ਯੂਨੀਵਰਸਿਟੀ ਵਿਚ 28 ਮਿਲੀਅਨ ਡਾਲਰ ਦਾ ਸਕਾਲਰਸ਼ਿਪ ਫੰਡ ਹੈ। ਇਸ ਵਿਚ ਹਰ ਸਾਲ 20 ਭਾਰਤੀ ਵਿਦਿਆਰਥੀਆਂ ਨੂੰ ਅੰਡਰ ਗਰੈਜੂਏਟ ਡਿਗਰੀ ਲਈ ਮੁਫਤ ਪੜਾਈ ਲਈ ਚੁਣਿਆ ਜਾਂਦਾ ਹੈ। ਹਾਰਵਰਡ ਬਿਜਨੈਸ ਸਕੂਲ ਵਿਚ ਸਥਾਪਿਤ ਕੀਤੇ ਰਤਨ ਟਾਟਾ ਹਾਲ ਲਈ 50 ਮਿਲੀਅਨ ਡਾਲਰ ਦਾਨ ਕੀਤੇ ਗਏ ਸਨ ਜਿਸ ਵਿਚ ਸਟੂਡੈਂਟਸ ਲਈ 180 ਬੈਡ ਦਾ ਰਿਹਾਇਸ਼ੀ ਪ੍ਰਬੰਧ ਕੀਤਾ ਗਿਆ ਹੈ।

ਰਤਨ ਟਾਟਾ ਨੇ ਆਪਣੀ ਜਿੰਦਗੀ ਵਿਚ ਖੈਰਾਇਤੀ ਕੰਮਾਂ ਲਈ ਲਗਪਗ 900 ਕਰੋੜ ਦੇ ਕਰੀਬ ਰਾਸ਼ੀ ਵੱਖ-ਵੱਖ ਸਮਾਜਿਕ ਕੰਮਾਂ ਲਈ ਦਾਨ ਕੀਤੀ। ਸਾਰੀ ਉਮਰ ਵਿਆਹ ਨਾ ਕਰਵਾਉਣ ਵਾਲੇ ਰਤਨ ਟਾਟਾ ਨੂੰ ਕਦੇ ਵੀ ਖੂਬਸੂਰਤ ਔਰਤਾਂ ਦੀ ਘਾਟ ਨਹੀ ਰਹੀ ਹੋਵੇਗੀ ਪਰ ਇਹ ਉਸਦਾ ਜਿੰਦਗੀ ਪ੍ਰਤੀ ਨਜ਼ਰੀਆ ਸੀ ਕਿ ਦੁਨੀਆ ਦਾ ਅਮੀਰ ਤਰੀਨ ਵਿਅਕਤੀ ਹੋਣ ਦੇ ਨਾਲ ਜਿੰਦਗੀ ਨੂੰ ਆਪਣੇ ਕਾਰੋਬਾਰ ਦੇ ਨਾਲ ਸਮਾਜਿਕ ਕੰਮਾਂ ਵਿਚ ਲਗਾਕੇ ਇੰਜ ਵੀ ਸਕੂਨ ਨਾਲ ਜੀਵਿਆ ਜਾ ਸਕਦਾ ਹੈ। ਭਾਰਤ ਸਰਕਾਰ ਵਲੋਂ ਉਹਨਾਂ ਨੂੰ ਪਦਮ ਭੂਸ਼ਨ, ਪਦਮ ਵਿਭੂਸ਼ਨ ਦੇ ਸਨਮਾਨ ਤੋਂ ਇਲਾਵਾ ਉਹਨਾਂ ਨੂੰ ਦੁਨੀਆ ਭਰ ਦੀਆਂ ਵੱਕਾਰੀ ਸੰਸਥਾਵਾਂ ਨੇ ਲਗਪਗ 4 ਦਰਜਨ ਤੋਂ ਵੱਧ ਡਾਕਟਰੇਟ, ਫੈਲੇਸ਼ਿਪ ਤੇ ਹੋਰ ਐਵਾਰਡਾਂ ਨਾਲ ਸਨਮਾਨਿਤ ਕੀਤਾ ਪਰ ਉਹਨਾਂ ਹਮੇਸ਼ਾਂ ਖੁਦ ਨੂੰ ਲੋਕਾਂ ਦਾ ਉਦਯੋਗਪਤੀ ਹੋਣ ਵਜੋਂ ਸਨਮਾਨਿਤ ਹੋਣ ਨੂੰ ਤਰਜੀਹ ਦਿੱਤੀ। ਆਮ ਲੋਕਾਂ ਦੀ ਜਿੰਦਗੀ ਵਿਚ ਬਦਲਾਅ ਤੇ ਬੇਹਤਰੀ ਲਿਆਉਣ ਲਈ ਆਪਣੇ ਕਾਰੋਬਾਰ ਨੂੰ ਕਦਰਾਂ ਕੀਮਤਾਂ ਨਾਲ ਲਬਰੇਜ ਰੱਖਣ ਦਾ ਯਤਨ ਕੀਤਾ। ਉਹਨਾਂ ਇਕ ਵਾਰ ਕਿਹਾ ਸੀ ਮੈਂ ਅਜਿਹਾ ਕੁਝ ਕਰਨਾ ਚਾਹੁੰਦਾ ਹਾਂ ਜੋ ਵੱਖਰਾ ਹੋਵੇ ਤੇ ਘੱਟੋ ਘੱਟ ਲੋਕਾਂ ਲਈ ਹੋਵੇ।

ਬੀਤੀ 10 ਅਕਤੂਬਰ ਨੂੰ ਭਾਰਤ ਦੇ ਇਸ ਮਹਾਨ ਸਪੂਤ ਤੇ ਸਨਅਤਕਾਰ ਨੂੰ ਮੁੰਬਈ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਹ ਜਰੂਰ ਹੈ ਕਿ ਉਹ ਸੋਨੇ ਦਾ ਚਮਚ ਲੈਕੇ ਪੈਦਾ ਹੋਇਆ ਸੀ ਪਰ ਉਸਨੇ ਆਪਣੇ ਕਾਰੋਬਾਰ ਦੇ ਨਾਲ ਆਮ ਲੋਕਾਂ ਤੇ ਸਮਾਜ ਲਈ ਕੀਤੇ ਕਾਰਜਾਂ ਰਾਹੀਂ ਜੋ ਪਿਆਰ ਤੇ ਸਤਿਕਾਰ ਹਾਸਲ ਕੀਤਾ,  ਅਮੀਰੀ ਦੇ ਅਸਲ ਅਰਥਾਂ ਨੂੰ ਰੂਪਮਾਨ ਕੀਤਾ ਹੈ। ਉਸ ਮਹਾਨ ਸ਼ਖਸੀਅਤ ਤੇ ਦਾਨੀ ਪੁਰਸ਼ ਦੀ ਸੋਚ ਨੂੰ ਨਮਨ ਹੈ।

Leave a Reply

Your email address will not be published. Required fields are marked *