Headlines

ਕੈਨੇਡਾ-ਭਾਰਤ ਸਬੰਧਾਂ ਵਿਚ ਮੁੜ ਤਣਾਅ- ਦੋਵਾਂ ਮੁਲਕਾਂ ਨੇ ਛੇ-ਛੇ ਡਿਪਲੋਮੈਟ ਕੱਢੇ

ਆਰ ਸੀ ਐਮ ਪੀ ਦੀ ਜਾਂਚ ਟੀਮ ਨੇ ਕਤਲ, ਫਿਰੌਤੀਆਂ ਤੇ ਹੋਰ ਘਟਨਾਵਾਂ ਵਿਚ ਭਾਰਤੀ ਏਜੰਟਾਂ ਤੇ ਦੋਸ਼ ਲਗਾਏ-

ਓਟਵਾ ( ਦੇ ਪ੍ਰ ਬਿ)- ਕੈਨੇਡਾ ਅਤੇ ਭਾਰਤ ਵਿਚਾਲੇ ਦੁਵੱਲੇ ਸਬੰਧਾਂ ਵਿਚ ਉਸ ਸਮੇਂ ਮੁੜ ਤਣਾਅ ਪੈਦਾ ਹੋ ਗਿਆ ਜਦੋਂ  ਕੈਨੇਡਾ ਅਤੇ ਭਾਰਤ ਨੇ ਇਕ ਦੂਸਰੇ ਖਿਲਾਫ ਅਦਲੇ ਬਦਲੇ ਦੀ ਕਾਰਵਾਈ ਕਰਦਿਆਂ ਛੇ-ਛੇ ਡਿਪਲੋਮੈਟਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਸੁਣਾ ਦਿੱਤੇ।

ਇਸਤੋਂ ਪਹਿਲਾਂ ਕੈਨੇਡੀਅਨ ਜਾਂਚ ਏਜੰਸੀ ਨੇ ਖਾਲਿਸਤਾਨੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਬਾਰੇ ਭਾਰਤ ਸਰਕਾਰ ਨੂੰ ਜਾਂਚ ਵਿਚ ਸਹਿਯੋਗ ਦੇਣ ਦੀ ਮੰਗ ਕੀਤੀ ਤੇ ਕੈਨੇਡਾ ਵਿਚ ਭਾਰਤੀ ਹਾਈਕਮਿਸ਼ਨਰ ਸੰਜੇ ਵਰਮਾ ਸਮੇਤ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ। ਬਦਲੇ ਵਿਚ ਭਾਰਤ ਨੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਸਮੇਤ 6 ਕੈਨੇਡੀਅਨ ਡਿਪਲੋਮੈਟਾਂ ਨੂੰ 19 ਅਕਤੂਬਰ ਤੱਕ ਭਾਰਤ ਛੱਡਕੇ ਜਾਣ ਦੇ ਹੁਕਮ ਦਿੰਦਿਆਂ ਦੋਸ਼ ਲਗਾਇਆ ਕਿ ਕੈਨੇਡਾ ਦੀ ਟਰੂਡੋ ਸਰਕਾਰ ਆਪਣੇ ਵੋਟ ਏਜੰਡੇ ਤੇ ਕੰਮ ਕਰਦਿਆਂ ਭਾਰਤ ਖਿਲਾਫ ਝੂਠੇ ਦੋਸ਼ ਲਗਾ ਰਹੀ ਹੈ।

ਇਸੇ ਦੌਰਾਨ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਆਰ ਸੀ ਐਮ ਪੀ ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਦੇ ਸਬੂਤ ਮਿਲਣ ਤੋਂ ਬਾਅਦ ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨਰ ਸਮੇਤ ਛੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਛੱਡਣ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਥੋੜ੍ਹੀ ਦੇਰ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਕਾਰਜਕਾਰੀ ਹਾਈ ਕਮਿਸ਼ਨਰ ਅਤੇ ਡਿਪਟੀ ਹਾਈ ਕਮਿਸ਼ਨਰ ਸਮੇਤ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਬਾਹਰ ਕੱਢ ਰਿਹਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਡਿਪਲੋਮੈਟਾਂ ਨੂੰ ਸ਼ਨੀਵਾਰ ਦੇ ਅੰਤ ਤੱਕ ਭਾਰਤ ਛੱਡਣ ਲਈ ਕਿਹਾ ਗਿਆ ਹੈ।
ਵਿਦੇਸ਼ ਮੰਤਰੀ ਜੌਲੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਨੇ ਅਜਿਹੀ ਜਾਣਕਾਰੀ ਇਕੱਠੀ ਕੀਤੀ ਜੋ ਕਤਲ, ਫਿਰੌਤੀਆਂ ਤੇ ਧਮਕੀਆਂ ਦੇ ਅਪਰਾਧਿਕ ਮਾਮਲਿਆਂ ਵਿਚ  ਭਾਰਤ ਸਰਕਾਰ ਦੇ ਏਜੰਟਾਂ ਨਾਲ ਸਬੰਧਾਂ ਦੀ ਪੁਸ਼ਟੀ ਕਰਦੇ ਹਨ। ਜੌਲੀ ਨੇ ਕਿਹਾ ਕਿ ਭਾਰਤ ਨੂੰ ਕੂਟਨੀਤਕ ਛੋਟ ਮੁਆਫ ਕਰਨ ਅਤੇ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਗਿਆ ਸੀ।
ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਨੇ ਸਹਿਮਤੀ ਨਹੀਂ ਦਿੱਤੀ। ਕੈਨੇਡੀਅਨਾਂ ਲਈ ਜਾਰੀ ਜਨਤਕ ਸੁਰੱਖਿਆ ਚਿੰਤਾਵਾਂ ਨੂੰ ਦੇਖਦੇ ਹੋਏ, ਕੈਨੇਡਾ ਨੇ ਇਹਨਾਂ ਵਿਅਕਤੀਆਂ ਨੂੰ ਦੇਸ਼ ਛੱਡਣ ਦੇ ਨੋਟਿਸ ਜਾਰੀ ਕਰ ਦਿੱਤੇ। ਇਹਨਾਂ ਨੋਟਿਸਾਂ ਤੋਂ ਬਾਅਦ, ਭਾਰਤ ਨੇ ਆਪਣੇ ਅਧਿਕਾਰੀਆਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਬਦਲੇ ਵਿਚ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਹੁਕਮ ਸੁਣਾ ਦਿੱਤੇ।

Screenshot