ਸੋਜੀ ਪ੍ਰੋਗਰਾਮ ਬੀ ਸੀ ਸਕੂਲ ਪਾਠਕ੍ਰਮ ਦਾ ਹਿੱਸਾ ਨਹੀਂ-
ਹਾਊਸਿੰਗ ਅਫੋਰਡੇਬਿਲਟੀ, ਹੈਲਥ ਕੇਅਰ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਠੋਸ ਉਪਰਾਲੇ-
ਸਰੀ ( ਦੇ ਪ੍ਰ ਬਿ)- ਸਰੀ ਫਲੀਟਵੁੱਡ ਤੋਂ ਬੀ ਸੀ ਐਨ ਡੀ ਪੀ ਉਮੀਦਵਾਰ ਜਗਰੂਪ ਸਿੰਘ ਬਰਾੜ ਜੋ ਕਿ ਸੂਬਾਈ ਸਿਆਸਤ ਵਿਚ ਵਿਚ ਇਕ ਜਾਣਿਆ ਪਹਿਚਾਣਿਆ ਨਾਮ ਹੈ ,ਪੰਜ ਵਾਰ ਵਿਧਾਇਕ ਚੁਣੇ ਜਾਣ ਦੇ ਨਾਲ ਸੂਬੇ ਦੇ ਟਰੇਡ ਮਨਿਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪੰਜਾਬ ਦੇ ਜਿਲਾ ਬਠਿੰਡਾ ਨਾਲ ਸਬੰਧਿਤ ਤੇ ਕੌਮੀ ਪੱਧਰ ਦੇ ਸਾਬਕਾ ਖਿਡਾਰੀ ਤੋਂ ਕੈਨੇਡੀਅਨ ਸਿਆਸਤਦਾਨ ਬਣੇ ਜਗਰੂਪ ਬਰਾੜ ਨੇ ਵਿਚ ਬੀਤੇ ਦਿਨ ਦੇਸ ਪ੍ਰਦੇਸ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੀ ਚੋਣ ਮੁਹਿੰਮ ਪ੍ਰਤੀ ਲੋਕ ਹੁੰਗਾਰੇ ਅਤੇ ਸਰੀ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਹਲਕੇ ਦੀਆਂ ਲੋੜਾਂ ਜਾਂ ਮੰਗਾਂ ਸਰੀ ਤੋਂ ਵੱਖ ਨਹੀਂ ਹਨ। ਉਹਨਾਂ ਕਿਹਾ ਕਿ ਉਹ ਬੀ ਸੀ ਐਨ ਡੀ ਪੀ ਪਿਛਲੇ 7 ਸਾਲ ਤੋਂ ਸੱਤਾ ਵਿਚ ਹੁੰਦਿਆਂ ਆਪਣੇ ਲੋਕਾਂ ਦੀ ਜਿੰਦਗੀ ਨੂੰ ਸੌਖਾਲਾ ਬਣਾਉਣ ਦੇ ਯਤਨਾਂ ਦੇ ਨਾਲ ਸਰੀ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਬੀ ਸੀ ਐਨ ਡੀ ਪੀ ਨੇ ਹੁਣ ਤੱਕ ਸਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ, ਉਹਨਾਂ ਨੂੰ ਪੂਰਾ ਕਰਨ ਅਤੇ ਅੱਗੇ ਵਧਣ ਲਈ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ।ਉਹਨਾਂ ਸਰੀ ਦੀਆਂ ਵੱਡੀਆਂ ਮੰਗਾਂ, ਸਰੀ ਵਿਚ ਨਵਾਂ ਹਸਪਤਾਲ, ਆਵਾਜਾਈ ਲਈ ਸਕਾਈਟਰੇਨ, ਪਟੂਲੋ ਬ੍ਰਿਜ ਦੀ ਨਵ ਉਸਾਰੀ ਅਤੇ ਛੋਟੇ ਕਾਰੋਬਾਰਾਂ ਦੇ ਵਿਸਥਾਰ ਲਈ ਕੀਤੇ ਜਾ ਰਹੇ ਯਤਨਾਂ ਤੇ ਐਨ ਡੀ ਪੀ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਚਰਚਾ ਕੀਤੀ। ਉਹਨਾਂ ਇਸਦੇ ਨਾਲ ਪੰਜਾਬੀ ਭਾਈਚਾਰੇ ਅਤੇ ਨਵੀਂ ਪੀੜੀ ਨੂੰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੋੜਨ ਲਈ ਕੀਤੇ ਜਾ ਰਹੇ ਉਚੇਚੇ ਯਤਨਾਂ ਦਾ ਵੀ ਜਿ਼ਕਰ ਕੀਤਾ। ਜਿਹਨਾਂ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਸਥਾਪਨਾ ਦਾ ਖਾਸ ਜ਼ਿਕਰ ਹੈ। ਐਨ ਡੀ ਪੀ ਸਰਕਾਰ ਵਲੋਂ ਪਹਿਲਾਂ ਹੀ ਐਸ ਐਫ ਯੂ ਵਿਚ ਇਕ ਮੈਡੀਕਲ ਸਕੂਲ ਖੋਹਲਣ ਦਾ ਐਲਾਨ ਕੀਤਾ ਗਿਆ ਹੈ ਤੇ ਉਸਦੀ ਕਾਇਮੀ ਲਈ ਕਾਰਵਾਈ ਆਰੰਭ ਹੋ ਚੁੱਕੀ ਹੈ। ਇਸਦਾ ਮੁੱਖ ਮਕਸਦ ਮੈਡੀਕਲ ਸਕੂਲ ਦੇ ਵਿਦਿਆਰਥੀ ਨੂੰ ਆਪਣੀ ਮੈਡੀਕਲ ਦੇ ਪੜਾਈ ਦੇ ਨਾਲ ਪੰਜਾਬੀ ਭਾਸ਼ਾ ਦੇ ਗਿਆਨ ਦੀ ਸਹੂਲਤ ਵੀ ਪ੍ਰਦਾਨ ਕਰਨਾ ਹੈ ਤਾਂਕਿ ਉਹਨਾਂ ਨੂੰ ਪੰਜਾਬੀ ਮਰੀਜਾਂ ਦੇ ਇਲਾਜ ਦੌਰਾਨ ਗੱਲ ਸਮਝਣ ਵਿਚ ਸਹੂਲਤ ਰਹੇ।
ਬੀ ਸੀ ਐਨ ਡੀ ਪੀ ਵਲੋਂ ਕੀਤੇ ਗਏ ਕੰਮਾਂ ਬਾਰੇ ਗੱਲ ਕਰਦਿਆਂ ਉਹਨਾਂ ਸਰੀ ਵਿਚ ਨਵੇਂ ਹਸਪਤਾਲ ਦੀ ਉਸਾਰੀ ਸਬੰਧੀ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕੋਈ ਵੀ ਸ਼ਹਿਰੀ ਕਲੋਵਰਡੇਲ ਇਲਾਕੇ ਵਿਚ ਨਵੇਂ ਹਸਪਤਾਲ ਦੀ ਉਸਾਰੀ ਦੀ ਅਸਲੀਅਤ ਖੁਦ ਜਾਕੇ ਵੇਖ ਸਕਦਾ ਹੈ। ਨਵੇਂ ਹਸਪਤਾਲ ਦੀ ਉਸਾਰੀ ਲਈ ਲਗਪਗ 250 ਦੇ ਕਰੀਬ ਵਰਕਰ ਦਿਨ ਰਾਤ ਕੰਮ ਕਰ ਰਹੇ ਹਨ। ਭਾਵੇਂਕਿ ਨਵੇ ਹਸਪਤਾਲ ਦੇ ਨਿਰਮਾਣ ਵਿਚ ਸਮਾਂ ਦਰਕਾਰ ਹੈ ਪਰ ਐਨ ਡੀ ਪੀ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹੈਲਥ ਵਿਭਾਗ ਵਿਚ ਨਵੀਂ ਭਰਤੀ ਕੀਤੀ ਗਈ ਹੈ ਜਿਹਨਾਂ ਵਿਚ 800 ਤੋਂ ਵਧੇਰੇ ਨਵੇਂ ਡਾਕਟਰ ਅਤੇ 6000 ਦੇ ਕਰੀਬ ਨਰਸਾਂ ਤੇ ਹੋਰ ਕਰਮਚਾਰੀਆਂ ਦੀ ਭਰਤੀ ਸ਼ਾਮਿਲ ਹੈ।
ਸਿੱਖਿਆ ਸਹੂਲਤਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਨੇ 2013 ਤੋਂ ਲੈਕੇ 2017 ਤੱਕ ਸਰੀ ਵਿਚ ਇਕ ਵੀ ਨਵਾਂ ਸਕੂਲ ਨਹੀ ਬਣਾਇਆ ਜਦੋਂਕਿ ਐਨ ਡੀ ਪੀ ਸਰਕਾਰ ਨੇ ਪਿਛਲੇ 7 ਸਾਲਾਂ ਵਿਚ ਸਰੀ ਵਿਚ ਲਗਪਗ 20 ਨਵੇਂ ਐਲੀਮੈਂਟਰੀ ਸਕੂਲ ਬਣਾਏ ਹਨ ਤੇ ਸੈਕੰਡਰੀ ਸਕੂਲਾਂ ਵਿਚ ਹਜ਼ਾਰਾਂ ਨਵੀਂ ਸਪੇਸ ਬਣਾਈਆਂ ਹਨ।
ਸਕੂਲਾਂ ਵਿਚ ਬੱਚਿਆਂ ਨੂੰ ਸੋਜੀ ਪ੍ਰੋਗਰਾਮ (ਸੈਕਸ ਆਧਾਰਿਤ ਲਿੰਗ ਪਛਾਣ) ਦੀ ਪੜਾਈ ਦਾ ਮਾਪਿਆਂ ਵਲੋਂ ਵਿਰੋਧ ਕੀਤੇ ਜਾਣ ਤੇ ਸਰਕਾਰ ਵਲੋਂ ਉਹਨਾਂ ਦੀ ਸੁਣਵਾਈ ਨਾ ਕਰਨ ਬਾਰੇ ਪੁੱਛੇ ਜਾਣ ਤੇ ਉਹਨਾਂ ਸਪੱਸ਼ਟ ਕੀਤਾ ਹੈ ਕਿ ਇਹ ਸੋਜੀ ਪ੍ਰੋਗਰਾਮ ਕਿਸੇ ਸਕੂਲ ਪਾਠਕ੍ਰਮ ਦਾ ਹਿੱਸਾ ਨਹੀ ਹੈ। ਇਹ ਕੇਵਲ ਅਧਿਆਪਕਾਂ ਲਈ ਸਹਾਇਕ ਬੁੱਕ ਦਾ ਹਿੱਸਾ ਹੈ ਤਾਂ ਕਿ ਸਕੂਲਾਂ ਵਿਚ ਜਿਹਨਾਂ ਬੱਚਿਆਂ ਨੂੰ ਲਿੰਗ ਆਧਾਰਤਿ ਬੁਲਿੰਗ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਉਹਨਾਂ ਨੂੰ ਇਕ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਇਹ ਬੱਚਿਆਂ ਨੂੰ ਧਰਮ, ਰੰਗ ਤੇ ਲਿੰਗ ਆਧਾਰਿਤ ਕਿਸੇ ਵੀ ਵਿਤਕਰੇ ਦੇ ਖਿਲਾਫ ਮਾਨਵੀ ਅਧਿਕਾਰਾਂ ਦੀ ਸੁਰੱਖਆ ਲਈ ਪੜਾਇਆ ਜਾਣ ਵਾਲਾ ਪ੍ਰੋਗਰਾਮ ਪਰ ਇਹ ਸਕੂਲ ਪਾਠਕ੍ਰਮ ਦਾ ਹਿੱਸਾ ਨਾ ਹੋਣ ਕਰਕੇ ਕਿਸੇ ਨੂੰ ਪੜਨ ਲਈ ਮਜ਼ਬੂਰ ਨਹੀ ਕੀਤਾ ਜਾ ਸਕਦਾ। ਉਹਨਾਂ ਹੋਰ ਕਿਹਾ ਕਿ ਸਕੂਲਾਂ ਵਿਚ ਸੋਜੀ ਪ੍ਰੋਗਰਾਮ ਤਤਕਾਲੀ ਲਿਬਰਲ ਸਰਕਾਰ ਵਲੋਂ 2016 ਵਿਚ ਇਕ ਕਨੂੰਨੀ ਸੋਧ ਰਾਹੀਂ ਲਿਆਂਦਾ ਗਿਆ ਸੀ ਤੇ ਇਸਦਾ ਮੌਜੂਦਾ ਬੀ ਸੀ ਐਨ ਡ਼ੀ ਪੀ ਸਰਕਾਰ ਨਾਲ ਕੋਈ ਵਾਸਤਾ ਨਹੀਂ। ਸਕੂਲੀ ਬੱਚਿਆਂ ਦੇ ਮਾਪਿਆਂ ਵਲੋਂ ਇਸ ਪ੍ਰੋਗਰਾਮ ਦਾ ਵਿਰੋਧ ਕਰਨ ਅਤੇ ਸਿੱਖਿਆ ਵਿਭਾਗ ਵਲੋਂ ਮਾਪਿਆਂ ਦੀ ਗੱਲ ਨਾ ਸੁਣਨ ਦੇ ਸਵਾਲ ਬਾਰੇ ਉਹਨਾਂ ਇੰਨਾ ਹੀ ਕਿਹਾ ਕਿ ਸੋਜੀ ਪ੍ਰੋਗਰਾਮ ਕਿਸੇ ਵੀ ਸਕੂਲ ਪਾਠਕ੍ਰਮ ਦਾ ਹਿੱਸਾ ਨਹੀ ਹੈ।
ਜਗਰੂਪ ਸਿੰਘ ਬਰਾੜ ਨੇ ਇਸ ਗੱਲਬਾਤ ਦੌਰਾਨ ਬੀ ਸੀ ਐਨ ਡੀ ਪੀ ਨੂੰ ਲੋਕ ਭਲਾਈ ਪ੍ਰਤੀ ਸਮਰਪਿਤ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਡੇਵਿਡ ਈਬੀ ਦੀ ਅਗਵਾਈ ਹੇਠ ਐਨ ਡੀ ਪੀ ਲੋਕਾਂ ਨੂੰ ਟੈਕਸਾਂ ਵਿਚ ਰਾਹਤ ਦੇ ਨਾਲ ਹਾਊਸਿੰਗ ਅਫੋਰਡੇਬਿਲਟੀ, ਹੈਲਥ ਕੇਅਰ, ਸਿੱਖਿਆ ਸਹੂਲਤਾਂ, ਆਵਾਜਾਈ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਠੋਸ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਐਨ ਡੀ ਪੀ ਹੀ ਹੈ ਕਿ ਸਰੀ ਵਿਚ ਸਕਾਈਟਰੇਨ ਦੀ ਉਸਾਰੀ ਦਾ ਕੰਮ ਆਰੰਭ ਹੋ ਸਕਿਆ ਨਹੀਂ ਤਾਂ ਸਾਬਕਾ ਲਿਬਰਲ ਸਰਕਾਰ ਤਾਂ ਇਸਦੀ ਉਸਾਰੀ ਤੋਂ ਇਨਕਾਰ ਕਰ ਚੁੱਕੀ ਸੀ। ਹਾਊਸਿੰਗ ਅਫੋਰਡੇਬਿਲਟੀ ਲਈ ਈਬੀ ਸਰਕਾਰ ਨੇ ਮਕਾਨ ਉਸਾਰੀ ਲਈ ਨਿਯਮਾਂ ਵਿਚ ਕਈ ਤਬਦੀਲੀਆਂਂ ਕੀਤੀਆਂ ਤੇ ਹੁਣ 3 ਲੱਖ ਨਵੇਂ ਘਰ ਬਣਾਉਣ ਦਾ ਵਾਅਦਾ ਵੀ ਕੀਤਾ ਹੈ ਜਿਸ ਵਿਚ ਪਹਿਲੀ ਵਾਰ ਘਰ ਖਰੀਦਣ ਵਾਲੇ ਲਈ 40 ਪ੍ਰਤੀਸ਼ਤ ਫਾਇਨਾਂਸ ਸਹੂਲਤ ਦਾ ਵੀ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਬੇਹਤਰ ਸਹੂਲਤਾਂ ਲਈ ਇਮੀਗਰਾਂਟ ਡਾਕਟਰਾਂ ਤੇ ਨਰਸਾਂ ਨੂੰ ਮਾਨਤਾ ਦੇਣ ਲਈ ਕਨੂੰਨ ਵਿਚ ਸੋਧ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੀ ਸੀ ਕੰਸਰਵੇਟਿਵ ਆਗੂ ਸੂਬੇ ਵਿਚ ਸਿਹਤ ਸਹੂਲਤਾਂ ਦੇ ਨਾਲ ਹੋਰ ਕਈ ਤਰਾਂ ਦੇ ਕੱਟ ਲਗਾਉਣ ਦੀਆਂ ਗੱਲਾਂ ਕਰਦੇ ਹਨ। ਬੀ ਸੀ ਦੇ ਲੋਕ ਅਜਿਹੇ ਰੂੜੀਵਾਦੀ ਖਿਆਲਾਂ ਵਾਲੇ ਆਗੂ ਤੇ ਉਸਦੀ ਟੀਮ ਨੂੰ ਕਦੇ ਵੀ ਸਹਿਣ ਨਹੀ ਕਰ ਸਕਦੇ।ਉਹਨਾਂ ਹੋਰ ਕਿਹਾ ਕਿ ਇਸ ਚੋਣ ਮੁਹਿੰਮ ਦੌਰਾਨ ਬੀ ਸੀ ਕੰਸਰੇਟਿਵ ਊਮੀਦਵਾਰਾਂ ਵਲੋਂ ਨਸਲੀ ਤੇ ਭੇਦਭਾਵ ਵਾਲੀਆਂ ਟਿਪਣੀਆਂ ਤੋਂ ਜਾਣਿਆ ਜਾ ਸਕਦਾ ਹੈ ਕਿ ਉਹ ਲੋਕ ਬੀਸੀ ਦੀ ਅਗਵਾਈ ਕਰਨ ਦੇ ਕਿੰਨੇ ਕੁ ਯੋਗ ਹਨ। ਉਹਨਾਂ ਬੀ ਸੀ ਦੇ ਸਰਬਪੱਖੀ ਵਿਕਾਸ ਅਤੇ ਸਰੀ ਦੇ ਨਿਰਮਾਣ ਕਾਰਜਾਂ ਨੂੰ ਸਿਰੇ ਚਾੜਨ ਲਈ ਡੇਵਿਡ ਈਬੀ ਦੀ ਅਗਵਾਈ ਵਾਲੀ ਐਨ ਡੀ ਪੀ ਨੂੰ ਭਾਰੀ ਮੱਤਦਾਨ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ।