Headlines

ਅਕਾਲ ਤਖਤ ਸਾਹਿਬ ਦੇ ਨਿਰਦੇਸ਼ ਉਪੰਰਤ ਅਕਾਲੀ ਆਗੂ ਵਲਟੋਹਾ ਵਲੋਂ ਅਕਾਲੀ ਦਲ ਤੋਂ ਅਸਤੀਫਾ

ਕਾਰਜਕਾਰੀ ਪ੍ਰਧਾਨ ਵਲੋਂ ਅਸਤੀਫਾ ਪ੍ਰਵਾਨ-

ਅੰਮ੍ਰਿਤਸਰ ,16 ਅਕਤੂਬਰ ( ਭੰਗੂ)- ਅਕਾਲ ਤਖਤ ਸਾਹਿਬ ਵਲੋਂ ਦਿੱਤੇ ਗਏ ਨਿਰਦੇਸ਼ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਣੇ ਹੋਰ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਨੂੰ ਤੁਰੰਤ ਪ੍ਰਵਾਨ ਕਰ ਲਿਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲੰਘੇ ਦਿਨ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਸਖ਼ਤ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ’ਚੋਂ 10 ਸਾਲਾਂ ਲਈ ਬਰਖਾਸਤ ਕਰਨ ਦਾ ਹੁਕਮ ਦਿੱਤਾ ਸੀ।

ਇਸ ਮਗਰੋਂ ਵਿਰਸਾ ਸਿੰਘ ਵਲਟੋਹਾ ਵੱਲੋਂ ਦੇਰ ਰਾਤ ਪਾਰਟੀ ਦੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੇ ਨਾਂ ਅਸਤੀਫ਼ਾ ਭੇਜਿਆ ਗਿਆ ਸੀ। ਜਾਣਕਾਰੀ ਅਨੁਸਾਰ ਵਿਰਸਾ ਸਿੰਘ ਵਲਟੋਹਾ ਨੇ ਪਾਰਟੀ ਦੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੇ ਨਾਂ ਲਿਖੇ ਅਸਤੀਫ਼ੇ ਵਿੱਚ ਕਿਹਾ ਕਿ 15 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਵਿਖੇ ਪੇਸ਼ੀ ਤੋਂ ਬਾਅਦ ਜਾਰੀ ਕੀਤੇ ਹੁਕਮਾਂ ਨੂੰ ਉਹ ਸਿਰ ਝੁਕਾ ਕੇ ਪ੍ਰਵਾਨ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਦੇ ਨਾਲ-ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ। ਵਲਟੋਹਾ ਨੇ ਪਾਰਟੀ ਪ੍ਰਧਾਨ ਤੋਂ ਭੁੱਲ ਚੁੱਕ ਦੀ ਮੁਆਫ਼ੀ ਮੰਗੀ ਹੈ। ਅਕਾਲ ਤਖ਼ਤ ਦੇ ਜਥੇਦਾਰ ਖ਼ਿਲਾਫ਼ ਲਾਏ ਗਏ ਦੋਸ਼ਾਂ ਦੇ ਮਾਮਲੇ ਵਿੱਚ ਲੰਘੇ ਦਿਨ ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖ਼ਤ ’ਚ ਸਬੂਤਾਂ ਸਣੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ। ਇਸ ਦੌਰਾਨ ਵਲਟੋਹਾ ਸਿੰਘ ਸਾਹਿਬਾਨ ਖ਼ਿਲਾਫ਼ ਲਾਏ ਦੋਸ਼ਾਂ ਨੂੰ ਸਬੂਤਾਂ ਸਣੇ ਸਾਬਤ ਕਰਨ ’ਚ ਅਸਫ਼ਲ ਰਹੇ। ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਲਿਖਤੀ ਤੌਰ ’ਤੇ ਮੁਆਫ਼ੀ ਵੀ ਮੰਗੀ ਗਈ ਹੈ।

Leave a Reply

Your email address will not be published. Required fields are marked *