Headlines

ਪੰਜਾਬ ਪੰਚਾਇਤ ਚੋਣਾਂ ਦੌਰਾਨ 90 ਫੀਸਦੀ ਪੰਚਾਇਤਾਂ ਤੇ ਆਮ ਆਦਮੀ ਪਾਰਟੀ ਕਾਬਜ਼

ਚੰਡੀਗੜ੍ਹ ( ਭੰਗੂ)-ਪੰਜਾਬ ਵਿਚ ਪੰਚਾਇਤ ਚੋਣਾਂ ਦੌਰਾਨ ਧੱਕੇਸ਼ਾਹੀ, ਧਾਂਦਲੀਆਂ, ਲੜਾਈ ਝਗੜੇ ਤੇ ਹਾਈਕੋਰਟ ਵਿਚ ਪਟੀਸ਼ਨਾਂ ਦਾਇਰ ਹੋਣ ਦੀਆਂ ਖਬਰਾਂ ਦਰਮਿਆਨ ਪੰਚਾਇਤ ਚੋਣਾਂ ਵਿਚ ਕੁਲ 77 ਫੀਸਦੀ ਮਤਦਾਨ ਹੋਣ ਦੀ ਖਬਰ ਹੈ। ਇਹ ਵੀ ਖਬਰ ਹੈ ਕਿ  ਪੰਜਾਬ ’ਚ ਕਰੀਬ 90 ਫੀਸਦੀ ਪੰਚਾਇਤਾਂ ’ਤੇ ਸੱਤਾਧਾਰੀ ਧਿਰ ‘ਆਪ ਆਦਮੀ ਪਾਰਟੀ ਕਾਬਜ਼ ਹੋ ਗਈ ਹੈ।   ਮਾਲਵਾ ਖਿੱਤੇ ਵਿਚ ਭਾਜਪਾ ਨੂੰ ਪਿੰਡਾਂ ’ਚੋਂ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਹੈ ਜਦੋਂ ਕਿ ਮਾਝੇ ਵਿਚਲੇ ਗੜ੍ਹ ਵਿਚ ਕੁਝ ਸਫਲਤਾ ਭਾਜਪਾ ਦੀ ਝੋਲੀ ਪਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਚ ਕੁੱਲ 422 ਪੰਚਾਇਤਾਂ ਚੋਂ ਸਰਪੰਚੀ ਦੇ ਅਹੁਦੇ ’ਤੇ 71.56 ਫੀਸਦੀ ਸਫਲਤਾ ‘ਆਪ’ ਨੂੰ ਮਿਲੀ ਹੈ ਅਤੇ ‘ਆਪ’ ਨੇ 302 ਪਿੰਡਾਂ ਦੀ ਸਰਪੰਚੀ ਜਿੱਤੀ ਹੈ, ਜਦੋਂ ਕਿ ਕਾਂਗਰਸ ਦੀ ਝੋਲੀ 22 ਪਿੰਡਾਂ ਦੀ ਸਰਪੰਚੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਨੇ 10 ਪਿੰਡਾਂ ’ਤੇ ਜਿੱਤ ਹਾਸਲ ਕੀਤੀ ਹੈ। ਬਲਾਕ ਧੂਰੀ ਦੀਆਂ 70 ਪੰਚਾਇਤਾਂ ’ਚੋਂ 47 ਵਿਚ ‘ਆਪ’ ਜਿੱਤੀ ਹੈ, ਜਦੋਂ ਕਿ ਦੋ ਪਿੰਡਾਂ ਵਿਚ ਕਾਂਗਰਸ ਤੇ 11 ਪਿੰਡਾਂ ਵਿਚ ਆਜ਼ਾਦ ਜਿੱਤੇ ਹਨ। ਪਟਿਆਲਾ ਜ਼ਿਲ੍ਹੇ ਦੀਆਂ 1022 ਪੰਚਾਇਤਾਂ ’ਚੋਂ 820 ਪਿੰਡਾਂ ਵਿਚ ਸਰਪੰਚੀ ਦੇ ਅਹੁਦੇ ‘ਆਪ’ ਦੇ ਹਿੱਸੇ ਹਨ ਜੋ ਕਿ 80.23 ਫੀਸਦੀ ਬਣਦੇ ਹਨ। ਕਾਂਗਰਸ ਨੂੰ ਇਸ ਜ਼ਿਲ੍ਹੇ ਵਿਚ 52 ਪਿੰਡਾਂ ’ਚ ਅਤੇ ਅਕਾਲੀ ਦਲ ਨੂੰ 23 ਪਿੰਡਾਂ ਵਿਚ ਕਾਮਯਾਬੀ ਮਿਲੀ ਹੈ। ਫਤਹਿਗੜ੍ਹ ਜ਼ਿਲ੍ਹੇ ਵਿਚ 429 ਪੰਚਾਇਤਾਂ ’ਚੋਂ ‘ਆਪ’ ਨੇ 372 ਪਿੰਡਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ ਜੋ ਕਿ 86.71 ਫੀਸਦੀ ਬਣਦੀ ਹੈ। ਕਾਂਗਰਸ ਨੇ 20 ਪਿੰਡਾਂ, ਅਕਾਲੀ ਦਲ ਨੇ 8 ਅਤੇ 29 ਪਿੰਡਾਂ ਵਿਚ ਆਜ਼ਾਦ ਜਿੱਤੇ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 269 ਪੰਚਾਇਤਾਂ ’ਚੋਂ 158 ਪਿੰਡਾਂ ਦੀ ਸਰਪੰਚੀ ‘ਆਪ’ ਦੇ ਹਿੱਸੇ ਆਈ ਹੈ ਜਦੋਂ ਕਿ 41 ਪਿੰਡਾਂ ਵਿਚ ਅਕਾਲੀ ਦਲ ਦੇ ਸਰਪੰਚ ਅਤੇ 16 ਪਿੰਡਾਂ ਵਿਚ ਕਾਂਗਰਸ ਦੇ ਸਰਪੰਚ ਬਣੇ ਹਨ। ਹਲਕਾ ਲੰਬੀ ਦੇ 55 ਪਿੰਡਾਂ ਚੋਂ ‘ਆਪ’ ਨੂੰ 28 ਪਿੰਡਾਂ ’ਚ, ਅਕਾਲੀ ਦਲ ਨੂੰ 20 ਪਿੰਡਾਂ ’ਚ, ਕਾਂਗਰਸ ਨੂੰ ਪੰਜ ਪਿੰਡਾਂ ਅਤੇ ਦੋ ਪਿੰਡਾਂ ਵਿਚ ਆਜ਼ਾਦ ਜਿੱਤੇ ਹਨ।