Headlines

ਬੀਸੀ ਗੁਰਦੁਆਰਾ ਕੌਂਸਲ ਤੇ ਸਿਖਸ ਫਾਰ ਜਸਟਿਸ ਵਲੋਂ ਕੈਨੇਡਾ ਵਿਚ ਭਾਰਤੀ ਕੌਂਸਲਖਾਨੇ ਪੱਕੇ ਤੌਰ ਤੇ ਬੰਦ ਕਰਨ ਦੀ ਮੰਗ

18 ਅਕਤੂਬਰ ਨੂੰ ਭਾਰਤੀ ਕੌਂਸਲਖਾਨਿਆਂ ਦੇ ਬਾਹਰ ਰੋਸ ਰੈਲੀਆਂ ਕਰਨ ਦਾ ਐਲਾਨ-

ਸਰੀ ( ਦੇ ਪ੍ਰ ਬਿ)-ਕੈਨੇਡੀਅਨ ਜਾਂਚ ਏਜੰਸੀ ਵਲੋਂ ਕੈਨੇਡਾ ਵਿਚ ਭਾਰਤੀ ਡਿਪਲੋਮੈਟ -ਗੈਂਗਸਟਰ ਗਠਜੋੜ ਦੁਆਰਾ ਮੁਲਕ ਵਿਚ ਆਤੰਕੀ ਕਾਰਵਾਈਆਂ ਦਾ ਪਰਦਾਫਾਸ਼ ਕਰਨ ਉਪਰੰਤ ਸਿਖਸ ਫਾਰ ਜਸਟਿਸ ਅਤੇ  ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਡਰਲ ਸਰਕਾਰ ਤੋਂ  ਵੈਨਕੂਵਰ ਅਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰਾਂ  ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਮੰਗ ਕੀਤੀ ਹੈ।
ਇਥੇ ਬੀਸੀ ਗੁਰਦੁਆਰਾ ਕੌਂਸਲ ਦੇ ਪ੍ਰਬੰਧਕਾਂ ਅਤੇ  ਸਿੱਖਸ ਫਾਰ ਜਸਟਿਸ ਵਲੋਂ ਜਾਰੀ ਇਕ ਬਿਆਨ ਵਿਚ  ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਕੰਮ ਕਰ ਰਹੇ ਭਾਰਤੀ ਜਾਸੂਸੀ ਨੈਟਵਰਕ ਨੂੰ ਨਸ਼ਟ ਕਰਨ ਲਈ ਇਹ ਜ਼ਰੂਰੀ ਹੈ ਕਿ ਭਾਰਤੀ ਕੌਂਸਲੇਟ ਦਫਤਰਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ ਜੋ ਕਿ ਸਿੱਖਾਂ ਦੀ ਜਾਨ ਅਤੇ ਸਿੱਖ ਆਜ਼ਾਦ ਰਾਜ ਖਾਲਿਸਤਾਨ ਲਈ ਵੱਡਾ ਖਤਰਾ ਹਨ।
ਉਹਨਾਂ ਨੇ 18 ਅਕਤੂਬਰ ਦਿਨ ਸ਼ੁਕਰਵਾਰ ਨੂੰ ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤੀ ਕੌਂਸਲੇਟਾਂ ਦੇ ਬਾਹਰ ਸ਼ੱਟ ਡਾਊਨ ਇੰਡੀਅਨ ਟੈਰਰ ਹਾਊਸ” ਰੈਲੀਆਂ ਕਰਨ ਦਾ ਵੀ ਐਲਾਨ ਕੀਤਾ ਹੈ ।
ਸਿਖਸ ਫਾਰ ਜਸਟਿਸ ਦੇ ਜਤਿੰਦਰ ਸਿੰਘ ਗਰੇਵਾਲ ਨੇ ਦੋਸ਼ ਲਾਇਆ ਕਿ ਭਾਰਤ ਨਹੀਂ ਚਾਹੁੰਦਾ ਕਿ ਸਿੱਖ ਕੈਨੇਡਾ ਵਿੱਚ ਆਪਣੀ ਸਿਆਸੀ ਰਾਏ ਖੁੱਲ੍ਹ ਕੇ ਪ੍ਰਗਟ ਕਰਨ ਅਤੇ ਆਪਣੇ ਚਾਰਟਰ ਦੇ ਅਧਿਕਾਰਾਂ ਦੀ ਵਰਤੋਂ ਕਰਨ। ਉਹ ਸਮਝਦੇ ਹਨ ਕਿ ਸਾਡੇ ਅਤੇ ਸਾਡੀਆਂ ਆਵਾਜ਼ਾਂ ਬੰਦ ਕਰਨਾ ਉਹਨਾਂ ਦਾ ਜਨਮਸਿੱਧ ਅਧਿਕਾਰ ਹੈ।
ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਦਾਅਵਾ ਕੀਤਾ ਸੀ  ਕਿ ਭਾਰਤੀ ਡਿਪਲੋਮੈਟਾਂ ਨੇ  ਕਤਲ, ਜਬਰੀ ਵਸੂਲੀ ਅਤੇ ਡਰਾਉਣ ਧਮਕਾਉਣ ਦਾ ਅਨੈਤਿਕ ਢੰਗ ਅਖਤਿਆਰ ਕਰਦਿਆਂ ਕੈਨੇਡਾ ਦੀ ਪ੍ਰਭੂਸੱਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਬੁਨਿਆਦੀ ਤੌਰ ‘ਤੇ ਉਲੰਘਣਾ ਕੀਤੀ ਹੈ। ਆਰ ਸੀ ਐਮ ਪੀ ਵੱਲੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਜੁੜੇ ਕੈਨੇਡੀਅਨਾਂ ਲਈ ਸੁਰੱਖਿਆ ਖਤਰਿਆਂ ਬਾਰੇ ਲੋਕਾਂ ਨੂੰ ਚੇਤਾਵਨੀ ਦੇਣ ਦੇ ਅਸਧਾਰਣ ਕਦਮ ਦੀ ਘੋਸ਼ਣਾ ਕਰਨ ਤੋਂ ਬਾਅਦ ਉਹਨਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਕਤ ਦੋਸ਼ ਲਗਾਏ ਸਨ।
ਜਿਕਰਯੋਗ ਹੈ ਕਿ ਕੈਨੇਡੀਅਨ ਨਾਗਰਿਕ ਅਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ 18 ਜੂਨ, 2023 ਨੂੰ  ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਾਰਕਿੰਗ ਲੌਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਸਦੇ ਕਤਲ ਲਈ ਜਿੰਮੇਵਾਰ ਭਾਰਤੀ ਨਾਗਰਿਕ  ਅਮਨਦੀਪ ਸਿੰਘ (22), ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਗ੍ਰਿਫਤਾਰ ਕਰਦਿਆਂ ਉਹਨਾਂ ਖਿਲਾਫ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ।
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਮੁਹਿੰਮ ਦੇ ਸਬੂਤਾਂ ਦਾ ਪਰਦਾਫਾਸ਼ ਕਰਨ ਤੋਂ ਬਾਅਦ ਸੋਮਵਾਰ ਨੂੰ ਦੋਵਾਂ ਦੇਸ਼ਾਂ ਨੇ ਅਦਲੇ ਬਦਲੇ ਦੀ ਕਾਰਵਾਈ ਕਰਦਿਆਂ ਛੇ-ਛੇ ਡਿਪਲੋਮੈਟਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਸੁਣਾਏ ਸਨ।
ਇਸੇ ਦੌਰਾਨ ਬੀਸੀ ਗੁਰਦੁਆਰਾਜ਼ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡਾ ਵਿੱਚ ਸਿੱਖ “ਭਾਰਤੀ ਧਮਕੀਆਂ ਤੋਂ ਚੁੱਪ ਨਹੀਂ ਰਹਿਣਗੇ ਸਗੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦੇ ਹੋਏ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਿਣਗੇ।
ਉਹਨਾਂ ਕਿਹਾ ਕਿ ਆਰ ਸੀ ਐਮ ਪੀ ਨੇ ਜਨਤਕ ਤੌਰ ‘ਤੇ ਕਿਹਾ  ਹੈ ਕਿ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਖਾਸ ਕਰਕੇ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਸਿੱਖਾਂ ਖਿਲਾਫ ਹਿੰਸਾ ਦੀ ਇੱਕ ਲਹਿਰ ਚਲਾ ਰਹੇ ਹਨ।

Leave a Reply

Your email address will not be published. Required fields are marked *