Headlines

ਪੰਜਾਬੀ ਭਾਸ਼ਾ ਨੂੰ ਸਕੂਲਾਂ, ਕਾਲਜਾਂ ਵਿਚ ਪ੍ਰਫੁੱਲਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ

 ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵੱਲੋਂ ਬੀਸੀ ਅਸੈਂਬਲੀ ਚੋਣਾਂ ਲੜ ਰਹੀਆਂ ਤਿੰਨਾਂ ਪਾਰਟੀਆਂ ਦੇ ਆਗੂਆਂ ਨੂੰ ਅਪੀਲ-

ਸਰੀ, 17 ਅਕਤੂਬਰ (ਹਰਦਮ ਮਾਨ)-ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵੱਲੋਂ ਬੀਸੀ ਅਸੈਂਬਲੀ ਚੋਣਾਂ ਲੜ ਰਹੀਆਂ ਤਿੰਨ ਪ੍ਰਮੁੱਖ ਪਾਰਟੀਆਂ ਐੇਨ.ਡੀ.ਪੀ, ਕੰਸਰਵੇਟਿਵ ਅਤੇ ਗਰੀਨ ਪਾਰਟੀ ਦੇ ਲੀਡਰਾਂ, ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੈਨੇਡਾ ਵਿਚ ਤੀਜੀ ਭਾਸ਼ਾ ਦਾ ਦਰਜਾ ਹਾਸਲ ਕਰ ਚੁੱਕੀ ਪੰਜਾਬੀ ਭਾਸ਼ਾ ਨੂੰ ਸਕੂਲਾਂ, ਕਾਲਜਾਂ ਵਿਚ ਪ੍ਰਫੁੱਲਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ।

ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਹੈ ਕਿ ਇਸ ਵੇਲੇ ਕੈਨੇਡਾ ਵਿਚ 20 ਲੱਖ ਦੇ ਕਰੀਬ ਪੰਜਾਬੀ ਵਸਦੇ ਹਨ। ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਹੁਣ ਪੰਜਾਬੀ ਕੈਨੇਡਾ ਦੀ ਤੀਸਰੀ ਸਭ ਤੋਂ ਜ਼ਿਆਦਾ ਬੋਲਣ ਵਾਲੀ ਭਾਸ਼ਾ  ਬਣ ਗਈ ਹੈ। ਸਰੀ, ਐਬਟਸਫੋਰਡ, ਬਰੈਂਪਟਨ, ਕੈਲਗਰੀ ਅਤੇ ਐਡਮਿੰਟਨ ਵਰਗੇ ਸ਼ਹਿਰਾਂ ਵਿਚ ਪੰਜਾਬੀ ਹੁਣ ਰੁਜਗਾਰ ਦੀ ਭਾਸ਼ਾ ਬਣ ਗਈ ਹੈ। ਪੰਜਾਬੀ ਭਾਸ਼ਾ ਕਾਫੀ ਸਮੇਂ ਤੋਂ ਬੀ.ਸੀ. ਦੇ ਸਕੂਲਾਂ ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਪ੍ਰਫੁਲੱਤ ਹੋ ਰਹੀ ਹੈ। ਇਸ ਵੇਲੇ ਇਸ ਸੂਬੇ ਦੇ ਸਕੂਲਾਂ ਵਿਚ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੂਜੀ ਭਾਸ਼ਾ ਲੈਣੀ ਜਰੂਰੀ ਹੈ। ਨੌਵੀਂ ਤੋਂ ਬਾਹਰਵੀਂ ਤੱਕ ਦੂਜੀ ਭਾਸ਼ਾ ਔਪਸ਼ਨਲ ਹੈ। ਇਸ ਮਕਸਦ ਲਈ ਪੰਜ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਵੀ ਪੂਰੀ ਮਾਨਤਾ ਹੈ।

ਪਲੀਅ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੂਜੀ ਭਾਸ਼ਾ ਦੀ ਚੋਣ ਪੰਜਵੀਂ ਤੋਂ ਅੱਠਵੀਂ ਦੀ ਬਜਾਏ ਚੌਥੀ ਤੋਂ ਸੱਤਵੀਂ ਤੱਕ ਜ਼ਰੂਰੀ ਕੀਤੀ ਜਾਵੇ ਅਤੇ ਅੱਠਵੀਂ ਤੋਂ ਬਾਹਰਵੀਂ ਜਮਾਤ ਤੱਕ ਔਪਸ਼ਨਲ ਕਰ ਦਿੱਤੀ ਜਾਵੇ। ਇਸ ਦਾ ਦਸਦਿਆਂ ਪਲੀਅ ਆਗੂਆਂ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਕਿੰਡਰਗਾਰਟਨ ਤੋਂ ਗਰੇਡ ਤਿੰਨ ਤੱਕ ਪ੍ਰਾਇਮਰੀ ਅਤੇ  ਚੌਥੀ ਤੋਂ ਸੱਤਵੀਂ ਜਮਾਤ ਤੱਕ ਇੰਟਰਮੀਡੀਏਟ ਦੀ ਕੁਦਰਤੀ ਵੰਡ ਹੈ। ਅੱਠਵੀਂ  ਤੋਂ ਬਾਹਰਵੀਂ ਤੱਕ ਦੂਜੀ ਭਾਸ਼ਾ ਔਪਸ਼ਨਲ ਹੋਣੀ ਚਾਹੀਦੀ ਹੈ। ਮਿਡਲ ਸਕੂਲਾਂ ਵਿਚ ਇਹ ਚੋਣ ਛੇਵੀਂ ਤੋਂ ਅੱਠਵੀਂ ਤੱਕ ਦੂਜੀ ਭਾਸ਼ਾ ਜ਼ਰੂਰੀ ਹੋਣੀ ਚਾਹੀਦੀ ਹੈ। ਪਲੀਅ ਚਾਹੁੰਦੀ ਹੈ ਕਿ ਸਾਡੇ ਬੱਚੇ ਚੌਥੀ ਜਮਾਤ ਤੋਂ ਹੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਣ। ਆਮ ਤੌਰ ‘ਤੇ ਕਾਫੀ ਸਕੂਲਾਂ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਗੱਲ਼ ਦਾ ਵੀ ਪਤਾ ਨਹੀਂ ਹੁੰਦਾ ਕਿ ਉਹ ਛੇਆਂ ਭਾਸ਼ਾਵਾਂ ਵਿੱਚੋਂ ਕੋਈ ਇਕ ਚੁਣ ਸਕਦੇ ਹਨ ਅਤੇ ਪਲੀਅ ਦੀ ਮੰਗ ਹੈ ਕਿ ਬੀ.ਸੀ. ਦੇ ਹਰ ਸਕੂਲ ਵਿਚ ਇਹ ਜਾਣਕਾਰੀ ਉਪਲਬਧ ਹੋਣੀ ਚਾਹੀਦੀ ਹੈ ਅਤੇ ਇਹ ਬੀ.ਸੀ ਸਰਕਾਰ ਅਤੇ ਹਰ ਸਕੂਲ ਡਿਸਟ੍ਰਿਕਟ ਦੀ ਜ਼ਿੰਮੇਵਾਰ ਹੋਣੀ ਚਾਹੀਦੀ ਹੈ। ਇਸ ਸਿਲਸਿਲੇ ਵਿਚ ਪੰਜਾਬੀ ਬੋਲੀ ਲਈ ਸਰਕਾਰ ਅਤੇ ਸਕੂਲ ਅਧਿਕਾਰੀਆਂ ਨੂੰ ਹੋਰ ਵੀ ਯਤਨ ਕਰਨੇ ਚਾਹੀਦੇ ਹਨ।

ਪਲੀਅ ਆਗੂਆਂ ਦਾ ਮਹਿਣਾ ਹੈ ਕਿ ਇਸ ਵੇਲੇ ਪੰਜਾਬੀ ਦੇ ਅਧਿਆਪਕਾਂ ਲਈ ਬਹੁਤ ਹੀ ਘੱਟ ਸਹੂਲਤਾਂ ਹਨ। ਉਹਨਾਂ ਦੀ ਸਹਾਇਤਾ ਲਈ ਸਰਕਾਰ ਅਤੇ ਸਕੂਲ ਅਧਿਕਾਰੀਆਂ ਨੂੰ ਮੱਦਦ ਦੇਣੀ ਚਾਹੀਦੀ ਹੈ। ਉਹਨਾਂ ਲਈ ਪੜ੍ਹਾਉਣ ਵਾਲੀ ਸਮਗਰੀ, ਚੰਗੇ ਤਰੀਕੇ ਅਤੇ ਹੋਰ ਕਾਫੀ ਮਦਦ ਦੀ ਲੋੜ ਹੈ। ਇਸ ਦੇ ਨਾਲ ਹੀ ਸਾਡੀਆਂ ਯੂਨੀਵਰਸਟੀਆਂ ਵਿਚ ਟੀਚਰ ਟਰੇਨਿੰਗ ਦੇ ਵਿਚ ਵੀ ਪੰਜਾਬੀ ਪੜ੍ਹਾਉਣ ਦੇ ਕੋਰਸ ਹੋਣੇ ਚਾਹੀਦੇ ਹਨ। ਪੰਜਾਬੀ ਦੀਆਂ ਕਲਾਸਾਂ ਲਈ ਜੋ ਸਰਵੇ ਭੇਜੇ ਜਾਂਦੇ ਹਨ ਉਹ ਲਿਖਤੀ ਰੂਪ ਵਿਚ ਵੀ ਮਾਪਿਆਂ ਕੋਲ ਸਾਲ ਦੇ ਸ਼ੁਰੂ ਵਿਚ ਹੀ ਪਹੁੰਚ ਜਾਣੇ ਚਾਹੀਦੇ ਹਨ। ਇਸ ਨਾਲ ਸਕੂਲ ਅਧਿਕਾਰੀਆਂ ਕੋਲ ਪੰਜਾਬੀ ਕਲਾਸਾਂ ਸ਼ੁਰੂ ਕਰਨ ਲਈ ਕਾਫੀ ਸਮਾਂ ਮਿਲ ਜਾਏਗਾ। ਹਾਈ ਸਕੂਲ ਪੱਧਰ ‘ਤੇ ਕੋਰਸ ਸਿਲੈਕਸ਼ਨ ਦੇ ਸਮੇਂ ਪੰਜਾਬੀ ਭਾਸ਼ਾ ਦੀ ਚੋਣ ਵੀ ਬੱਚਿਆਂ ਲਈ ਹੋਣੀ ਚਾਹੀਦੀ ਹੈ। ਜੇਕਰ ਸਾਰੇ ਸੂਬੇ ਵਿਚ ਪੰਜਾਬੀ ਭਾਸ਼ਾ ਦੇ ਕੋਰਸ ਆਨ ਲਾਈਨ ਕੀਤੇ ਜਾਣ ਤਾਂ ਇਹ ਬਹੁਤ ਚੰਗੀ ਗੱਲ ਹੋਵੇਗੀ। ਇਸ ਨਾਲ ਸਾਰੇ ਸੂਬੇ ਵਿਚ ਜੋ ਬੱਚਾ ਪੰਜਾਬੀ ਪੜ੍ਹਨਾ ਚਾਹੰਦਾ ਹੈ ਉਸ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ।

ਪਲੀਅ ਆਗੂਆਂ ਨੇ ਯਾਦ ਕਰਵਾਇਆ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਦੁਨੀਆਂ ਦੀਆਂ ਪ੍ਰਮੁੱਖ ਬੋਲੀਆਂ ਵਿੱਚੋਂ ਇੱਕ ਹੈ। ਦੁਨੀਆਂ ਵਿਚ 7,000 ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ ਪੰਜਾਬੀ ਸਿਖਰੋਂ ਦਸਵੇਂ ਨੰਬਰ ‘ਤੇ ਹੈ। ਦੁਨੀਆਂ ਵਿਚ 15 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿਚ ਪੰਜਾਬੀ ਹੁਣ ਰੁਜ਼ਗਾਰ ਦੀ ਭਾਸ਼ਾ ਬਣ ਗਈ ਹੈ। ਪੰਜਾਬੀ ਭਾਸ਼ਾ ਦੇ ਬੁਲਾਰੇ ਅਤੇ ਪ੍ਰੇਮੀਂ ਇਸ ਦੇਸ਼ ਦੀ ਉਸਾਰੀ ਵਿਚ 130 ਸਾਲ ਤੋਂ  ਯੋਗਦਾਨ ਪਾ ਰਹੇ ਹਨ। ਇਸ ਲਈ ਉਨ੍ਹਾਂ ਕੈਨੈਡਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਭਾਸ਼ਾ ਨੂੰ ਕੈਲੇਡਾ ਵਿਚ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਵੇ।

Leave a Reply

Your email address will not be published. Required fields are marked *