ਜੌਹਨ ਰਸਟੈਡ ਵਲੋਂ ਕੰਸਰਵੇਟਿਵ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ
ਸਰੀ ( ਦੇ ਪ੍ਰ ਬਿ )-ਇਥੇ ਬੀਸੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਬੀਸੀ ਕੰਸਰਵੇਟਿਵ ਪਾਰਟੀ ਵਲੋਂ ਬੌਂਬੇ ਬੈਂਕੁਇਟ ਹਾਲ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਜੌਹਨ ਰਸਟੈਡ ਨੇ ਐਲਾਨ ਕੀਤਾ ਕਿ ਸੂਬੇ ਵਿਚ ਕੰਸਰਵੇਟਿਵ ਸਰਕਾਰ ਬਣਨ ਤੇ ਸਰੀ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਜਿਸ ਤਹਿਤ ਸਰੀ ਵਿਚ ਇਕ ਨਵਾਂ ਬੱਚਿਆਂ ਦਾ ਹਸਪਤਾਲ ਬਣਾਇਆ ਜਾਵੇਗਾ, ਪਟੂਲੋ ਬਰਿੱਜ ਦੀਆਂ 6 ਲੇਨਜ਼ ਬਣਾਈਆਂ ਜਾਣਗੀਆਂ, ਸਕਾਈਟਰੇਨ ਨੂੰ ਨਿਊਟਨ ਤੱਕ ਲਿਆਂਦਾ ਜਾਵੇਗਾ, ਆਈਸੀਬੀਸੀ ਨੂੰ ਲੋਕ ਪੱਖੀ ਬਣਾਕੇ ਆਟੋ ਇੰਸੋਰੈਂਸ ਦਾ ਬੋਝ ਘਟਾਇਆ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਵਿਚ ਐਨ ਡੀ ਪੀ ਦੀਆਂ ਗਲਤ ਨੀਤੀਆਂ ਤੋ ਤੰਗ ਆਏ ਲੋਕ ਅੱਜ ਬੀ ਸੀ ਕੰਸਰਵੇਟਿਵ ਦੀ ਸਰਕਾਰ ਬਣਾਉਣ ਜਾ ਰਹੇ ਹਨ ਤੇ ਕੰਸਰਵੇਟਿਵ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਾਲ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ।
ਜੋਹਨ ਰਸਟੈਡ ਨੇ ਕਿਹਾ ਕਿ ਐਨ.ਡੀ.ਪੀ. ਆਗੂ ਨਿੱਤ ਦਿਨ ਸਾਡੇ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ ਕਿ ਜੇ ਕੰਸਰਵੇਟਿਵ ਸਰਕਾਰ ਬਣ ਗਈ ਤਾਂ ਐਮ.ਐਸ.ਪੀ. ਲਾਗੂ ਕੀਤੀ ਜਾਵੇਗੀ, ਆਈਸੀਬੀਸੀ ਦੇ ਮੁਕਾਬਲੇ ਪ੍ਰਾਈਵੇਟ ਕੰਪਨੀਆਂ ਲਿਆ ਕੇ ਵਹੀਕਲ ਇੰਸ਼ੋਰੈਂਸ ਮਹਿੰਗੀ ਕੀਤੀ ਜਾਵੇਗੀ ਜਦੋਂ ਕਿ ਸਾਡਾ ਅਜਿਹਾ ਕੋਈ ਪ੍ਰੋਗਰਾਮ ਨਹੀਂ। ਅਸੀਂ ਵਹੀਕਲ ਇੰਸ਼ੋਰੈਂਸ ਨੂੰ ਲੋਕਪੱਖੀ ਬਣਾਵਾਂਗੇ, ਕਾਰਬਨ ਟੈਕਸ ਬੰਦ ਕੀਤਾ ਜਾਵੇਗਾ, ਮੌਰਗੇਜ ਜਾਂ ਰੈਂਟ ਦੇਣ ਵਾਲੇ ਹਰੇਕ ਪਰਿਵਾਰ ਨੂੰ 3,000 ਡਾਲਰ ਸਾਲਾਨਾ ਇਨਕਮ ਰੀਬੇਟ ਦਿੱਤਾ ਜਾਵੇਗਾ, ਬੀ.ਸੀ. ਦੇ ਸਕੂਲਾਂ ਵਿਚਲਾ ਸੋਜੀ ਪ੍ਰੋਗਰਾਮ ਬੰਦ ਕੀਤਾ ਜਾਵੇਗਾ, ਟਰਾਂਸਪੋਰਟੇਸ਼ਨ ਵਿਚ ਵਾਧਾ ਕੀਤਾ ਜਾਵੇਗਾ ਤੇ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਸਰੀ ਦੇ ਸਾਰੇ ਕੰਸਰਵੇਟਿਵ ਉਮੀਦਵਾਰ ਹਾਜ਼ਰ ਸਨ ਜਿਹਨਾਂ ਦੇ ਨਾਲ ਆਏ ਉਹਨਾਂ ਦੇ ਸਮਰਥਕਾਂ ਨੇ ਜੌਹਨ ਰਸਟੈਡ ਦੇ ਭਾਸ਼ਨ ਦਾ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ। ਇਸ ਮੌਕੇ ਸਰੀ ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਨੇ ਕਿਹਾ ਕਿ ਅੱਜ ਦਾ ਇਕੱਠ ਤਬਦੀਲੀ ਦੀ ਲਹਿਰ ਦਾ ਗਵਾਹ ਹੈ। ਉਹਨਾਂ ਵੱਡੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਤੇ ਪਾਰਟੀ ਵਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰ ਦੇ ਕਈ ਬਿਜਨੈਸਮੈਨ, ਵਰਕਰ ਨੁਮਾਇੰਦੇ ਤੇ ਸ਼ਹਿਰੀ ਭਾਰੀ ਉਤਸ਼ਾਹ ਵਿਚ ਕੰਸਰਵੇਟਿਵ ਆਗੂ ਦੇ ਭਾਸ਼ਨ ਦਾ ਸਵਾਗਤ ਕਰ ਰਹੇ ਸਨ।