Headlines

ਸੰਪਾਦਕੀ- ਆਰ ਸੀ ਐਮ ਪੀ ਦੇ ਤਾਜ਼ਾ ਖੁਲਾਸੇ ਤੇ ਕੈਨੇਡਾ -ਭਾਰਤ ਦੁਵੱਲੇ ਸਬੰਧਾਂ ਵਿਚ ਤਣਾਅ ਦੀ ਸਿਖਰ

ਸੁਖਵਿੰਦਰ ਸਿੰਘ ਚੋਹਲਾ-

ਕੈਨੇਡਾ ਤੇ ਭਾਰਤ ਵਿਚਾਲੇ ਦੁੱਵਲੇ ਸਬੰਧਾਂ ਵਿਚ ਮੁੜ ਤਣਾਅ ਪੈਦਾ ਹੋ ਗਿਆ ਹੈ। ਓਟਵਾ ਵਿਚ ਕੈਨੇਡੀਅਨ ਰਾਇਲ ਪੁਲਿਸ ਦੇ ਕਮਿਸ਼ਨਰ ਦੁਆਰਾ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਵਿਚ ਸਥਿਤ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਉਪਰ ਬਹੁਤ ਹੀ ਗੰਭੀਰ ਇਲਜਾਮ ਲਗਾਏ ਗਏ ਹਨ। ਆਰ ਸੀ ਐਮ ਪੀ ਦਾ ਕਹਿਣਾ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ਹੱਤਿਆਵਾਂ, ਜ਼ਬਰੀ ਵਸੂਲੀ ਅਤੇ ਦੂਸਰੀਆਂ ਹਿੰਸਕ ਵਾਰਦਾਤਾਂ ਨਾਲ ਜੁੜੇ ਹੋਏ ਹਨ। ਆਰ ਸੀ ਐਮ ਪੀ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਕੈਨੇਡਾ ਸਰਕਾਰ ਨੇ  ਓਟਵਾ ਸਥਿਤ  ਭਾਰਤ ਦੇ ਹਾਈ ਕਮਿਸ਼ਨਰ ਤੇ ਪੰਜ ਹੋਰ ਡਿਪਲੋਮੈਟਾ ਨੂੰ ਦੇਸ਼ ਛੱਡਣ ਦੇ ਹੁਕਮ ਸੁਣਾਏ ਹਨ। ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਵੀ ਨਵੀ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਸਮੇਤ ਛੇ  ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ ਹੈ। ਇਸਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਵਲੋਂ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਸਾਊਥ ਬਲਾਕ ਵਿਚ ਤਲਬ ਕੀਤਾ ਗਿਆ। ਉਹਨਾਂ ਸਾਊਥ ਬਲਾਕ ਤੋਂ ਬਾਹਰ ਆਊਂਦਿਆਂ ਮੀਡੀਆ ਸਾਹਮਣੇ ਕੈਨੇਡੀਅਨ ਸਰਕਾਰ ਦੇ ਦੋਸ਼ਾਂ ਨੂੰ ਦੁਹਰਾਇਆ। ਆਰਸੀਐਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਭਾਰਤੀ ਅਧਿਕਾਰੀਆਂ ਦੇ ਜ਼ੁਰਮਾਂ ਨਾਲ ਜੁੜੇ ਹੋਣ ਦੇ ਸਪੱਸ਼ਟ ਸਬੂਤ ਹਨ ਪਰ ਉਨ੍ਹਾਂ ਨੇ ਜਾਂਚ ਚਲਦੀ ਹੋਣ ਅਤੇ ਅਦਾਲਤੀ ਕਾਰਵਾਈਆਂ ਦਾ ਹਵਾਲਾ ਦਿੰਦਿਆਂ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ| ਭਾਵੇਂਕਿ ਆਰਸੀਐਮਪੀ ਕਮਿਸ਼ਨਰ  ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਥਿਤ ਅਪਰਾਧ ਕਦੋਂ ਹੋਏ, ਕਿੰਨੀਆਂ ਜਾਂਚਾਂ ਚੱਲ ਰਹੀਆਂ ਹਨ ਅਤੇ ਕਿੰਨੇ ਭਾਰਤੀ ਏਜੰਟ ਫਸੇ ਹੋਏ ਹਨ| ਉਹਨਾਂ ਸਪੱਸ਼ਟ ਕਿਹਾ ਕਿ ਪੁਲਿਸ ਨੇ ਸਬੂਤ ਇਕੱਤਰ ਕੀਤੇ ਹਨ ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਭਾਰਤ ਸਰਕਾਰ ਦੇ ਏਜੰਟ ਕਈ ਅਪਰਾਧਿਕ ਕਾਰਵਾਈਆਂ ਵਿਚ ਸ਼ਾਮਿਲ ਹਨ| ਜਾਂਚ ਮੁਤਾਬਿਕ ਹੱਤਿਆਵਾਂ ਅਤੇ ਜ਼ਬਰੀ ਵਸੂਲੀ ਦੇ ਸਬੰਧ ਵਿਚ ਹੁਣ ਤੱਕ ਭਾਰਤੀ ਮੂਲ ਦੇ 30 ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ ਜਿਹਨਾਂ ਦੇ ਸਿੱਧੇ ਤਾਰ ਭਾਰਤੀ ਡਿਪਲੋਮੈਟਾਂ ਨਾਲ ਜੁੜੇ ਹੋਏ ਦੱਸੇ ਗਏ ਹਨ। ਇਸ ਦੌਰਾਨ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਭਾਰਤੀ ਏਜੰਟਾਂ ਦੀਆਂ ਅਪਰਾਧਿਕ ਕਾਰਵਾਈਆਂ ਦਾ ਨਿਸ਼ਾਨਾ ਖਾਲਿਸਤਾਨ ਪੱਖੀ ਲਹਿਰ ਦੇ ਮੈਂਬਰ ਹਨ| ਜਾਂਚ ਦੌਰਾਨ ਜਿਥੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਭਾਰਤੀ ਗੈਂਗਸਟਰ ਗਰੁੱਪ ਦੇ ਮੈਂਬਰ ਫੜੇ ਗਏ ਹਨ ਉਥੇ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰਾਂ ਦੇ ਨਿਸ਼ਾਨੇ ਉਪਰ ਹੋਰ ਵੀ ਕਈ ਖਾਲਿਸਤਾਨੀ ਸਮਰਥਕ ਹਨ। ਉਹਨਾਂ ਨੂੰ ਸੁਰੱਖਿਆ ਏਜੰਸੀਆਂ ਵਲੋਂ ਕਈ ਵਾਰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਵਿਚ ਸਰੀ ਦੇ ਇਕ ਗੁਰੂ ਘਰ ਦੀ ਪਾਰਕਿੰਗ ਲੌਟ ਵਿਚ ਕਤਲ ਕੀਤੇ ਗਏ ਸਿੱਖ ਆਗੂ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ ਤੇ ਇਸ ਲਈ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਬਾਕਾਇਦਾ ਭਾਰਤੀ ਹੱਥ ਹੋਣ ਦੇ ਸਬੂਤ ਮਿਲਣ ਦਾ ਦਾਅਵਾ ਵੀ ਕੀਤਾ ਸੀ।

ਆਰ ਸੀ ਐਮ ਪੀ ਦੀ ਪ੍ਰੈਸ ਕਾਨਫਰੰਸ ਉਪਰੰਤ ਪ੍ਰਧਾਨ ਮੰਤਰੀ ਟਰੂਡੋ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਆਪਣੇ ਦੋਸ਼ਾਂ ਨੂੰ ਦੁਹਰਾਇਆ ਹੈ ਤੇ ਕਿਹਾ ਹੈ ਕਿ ਭਾਰਤੀ ਏਜੰਟਾਂ ਵਲੋਂ ਕੈਨੇਡੀਅਨ ਧਰਤੀ ਉਪਰ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉਹ ਕਦਾਚਿਤ ਬਰਦਾਸ਼ਤਯੋਗ ਨਹੀਂ। ਉਧਰ ਭਾਰਤ ਸਰਕਾਰ ਨੇ ਆਰ ਸੀ ਐਮ ਪੀ ਤੇ ਪ੍ਰਧਾਨ ਮੰਤਰੀ ਦੇ ਦੋਸ਼ਾਂ ਨੂੰ ਨਾਕਾਰਦਿਆਂ ਇਹਨਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।

ਭਾਰਤ ਅਤੇ ਕੈਨੇਡਾ ਦਰਮਿਆਨ ਇਹ ਤਣਾਅ ਭਰਿਆ ਮਾਹੌਲ ਪਿਛਲੇ ਸਾਲ ਵੀ ਬਣਿਆ ਸੀ। ਦੋਵਾਂ ਮੁਲਕਾਂ ਨੇ ਡਿਪਲੋਮੈਟਿਕ ਕਾਰਵਾਈ ਉਦੋ ਵੀ ਕੀਤੀ ਸੀ। ਦੋਵਾਂ ਮੁਲਕਾਂ ਦੇ ਸ਼ਹਿਰੀਆਂ ਲਈ ਵੀਜਾ ਸਹੂਲਤ ਵੀ ਮੁਲਤਵੀ ਕਰ ਦਿੱਤੀ ਗਈ ਸੀ। ਦੋਵਾਂ ਮੁਲਕਾਂ ਵਿਚਾਲੇ ਤਾਜਾ ਖਿਚੋਤਾਣ ਦਰਮਿਆਨ ਇਸ ਵਾਰ ਆਰ ਸੀ ਐਮ ਪੀ ਵਲੋਂ ਜੋ ਦੋਸ਼ ਲਗਾਏ ਗਏ ਹਨ, ਉਹ ਅਤਿ ਗੰਭੀਰ ਹਨ। ਕੈਨੇਡਾ ਵਿਚ ਖਾਲਿਸਤਾਨੀ ਸਮਰਥਕਾਂ ਖਿਲਾਫ ਭਾਰਤੀ ਖੁਫੀਆ ਏਜੰਸੀਆਂ ਦੀਆਂ ਕਾਰਵਾਈਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਸਕਦਾ ਹੈ ਪਰ ਆਰ ਸੀ ਐਮ ਪੀ ਵਲੋਂ ਆਪਣੀ ਜਾਂਚ ਵਿਚ ਜੋ ਇਹ ਖੁਲਾਸਾ ਕੀਤਾ ਗਿਆ ਹੈ ਕਿ ਭਾਰਤੀ ਡਿਪਲੋਮੈਟਾਂ ਦੇ ਤਾਰ ਕੈਨੇਡਾ ਵਿਚ ਸਰਗਰਮ ਭਾਰਤੀ ਮੂਲ ਦੇ ਗੈਂਗਸਟਰਾਂ ਨਾਲ ਜੁੜੇ ਹੋਣ ਅਤੇ ਉਹਨਾਂ ਦੁਆਰਾ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਵਿਚ ਸਹਾਇਕ ਹੋਣ ਤੋਂ ਅੱਗੇ ਇੰਡੋ-ਕੈਨੇਡੀਅਨ ਕਾਰੋਬਾਰੀਆਂ ਨੂੰ ਡਰਾਉਣ ਧਮਕਾਉਣ ਤੇ ਫਿਰੌਤੀਆਂ ਨਾਲ ਵੀ ਸਬੰਧਿਤ ਹਨ, ਇਹ ਅਤਿ ਸੰਵੇਦਨਸ਼ੀਲ ਹੋਣ ਦੇ ਨਾਲ ਹੈਰਾਨੀਜਨਕ ਵੀ ਹੈ। ਹੁਣ ਤੱਕ ਇਹ ਸਮਝਿਆ ਜਾਂਦਾ ਰਿਹਾ ਹੈ ਕਿ ਭਾਰਤੀ ਮੂਲ ਦੇ ਗੈਂਗਸਟਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਤੋ ਮੋਟੀਆਂ ਰਕਮਾਂ ਬਟੋਰ ਰਹੇ ਹਨ। ਅਗਜ਼ਨੀ, ਗੋਲੀਬਾਰੀ ਤੇ ਫਿਰੌਤੀ ਦੀਆਂ ਘਟਨਾਵਾਂ ਕਾਰਣ ਇੰਡੋ ਕੈਨੇਡੀਅਨ ਭਾਈਚਾਰੇ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ। ਇਸਦੇ ਖਿਲਾਫ ਭਾਰਤੀ ਭਾਈਚਾਰੇ ਵਲੋਂ ਵੱਡੇ ਇਕੱਠ ਵੀ ਕੀਤੇ ਗਏ ਹਨ ਤੇ ਸੁਰੱਖਿਆ ਏਜੰਸੀਆਂ ਉਪਰ ਸਵਾਲ ਵੀ ਉਠਦੇ ਰਹੇ ਹਨ। ਪਰ ਹੁਣ ਇਕ ਜਿੰਮੇਵਾਰ ਸੁਰੱਖਿਆ ਏਜੰਸੀ ਵਲੋਂ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਅਤੇ ਉਹਨਾਂ ਨੁੰ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਦਾ ਸਬੰਧ ਗੈਂਗਸਟਰਾਂ ਤੇ ਭਾਰਤੀ ਡਿਪਲੋਮੈਟਾਂ ਨਾਲ ਜੋੜਨਾ ਕਈ ਤਰਾਂ ਦੇ ਸੰਦੇਹ ਪੈਦਾ ਕਰਦਾ ਹੈ। ਪਰ ਪ੍ਰਧਾਨ ਮੰਤਰੀ ਦੇ ਕਹਿਣ ਦੇ ਮੂਜਬ ਅਗਰ ਕੈਨੇਡੀਅਨ ਸੁਰੱਖਿਆ ਏਜੰਸੀ ਅਜਿਹਾ ਕਹਿ ਰਹੀ ਹੈ, ਮੰਨਣਾ ਤਾਂ ਪਵੇਗਾ ਹੀ। ਸਮਝਿਆ ਜਾ ਸਕਦਾ ਹੈ ਕਿ ਭਾਰਤ ਤੋਂ ਕੌਮਾਂਤਰੀ ਸਟੂਡੈਂਟ ਵੀਜਾ  ਜਾਂ ਵਰਕ ਪਰਮਿਟ ਰਾਹੀਂ ਕੈਨੇਡਾ ਵਿਚ ਗੈਂਗਸਟਰਾਂ ਦਾ ਪ੍ਰਵੇਸ਼ ਭ੍ਰਿਸ਼ਟ ਸਿਸਟਮ ਦਾ ਕਮਾਲ ਹੋ ਸਕਦਾ ਹੈ ਪਰ ਗੈਂਗਸਟਰਾਂ ਰਾਹੀਂ ਕਿਸੇ ਇਕ ਵਿਸ਼ੇਸ਼ ਧਿਰ ਨੂੰ ਨਿਸ਼ਾਨਾ ਬਣਾਉਣ ਤੇ ਪੂਰੇ ਇਮੀਗ੍ਰਾਂਟ ਭਾਈਚਾਰੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦਿਆਂ ਮੁਲਕ ਦੇ ਸੁਰੱਖਿਆ ਤੰਤਰ ਨੂੰ ਕਟਹਿਰੇ ਵਿਚ ਖੜਾ ਕਰ ਦੇਣਾ-ਕਿੰਨਾ ਕੁ ਤਰਕਸੰਗਤ ਹੈ। ਗੈਂਗਸਟਰਾਂ ਦੁਆਰਾ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਤੇ ਧਮਕੀਆਂ  ਦੀਆਂ ਘਟਨਾਵਾਂ ਪਿੱਛਲੇ ਕਾਰਣ ਦੀ ਕੋਈ ਵੀ ਵਜਾਹ ਹੋ ਸਕਦੀ ਹੈ ਪਰ ਪਿਛਲੇ ਦਿਨੀ ਕੈਲਗਰੀ ਵਿਚ ਇਕ ਇਮੀਗ੍ਰੇਸ਼ਨ ਸਲਾਹਕਾਰ ਤੇ ਉਸਦੇ ਸਾਥੀਆਂ ਦੁਆਰਾ ਪੁਲਿਸ ਨੂੰ ਫੜਾਏ ਗਏ ਫਿਰੌਤੀ ਮੰਗਣ ਵਾਲੇ ਨੌਜਵਾਨ ਦੀ ਰਿਕਾਰਡ ਗੱਲਬਾਤ ਨੂੰ ਸੁਣਦਿਆਂ ਫਿਰੌਤੀਆਂ ਦੇ ਕਾਰੋਬਾਰ ਦਾ ਸੱਚ ਤਾਂ ਕੁਝ ਹੋਰ ਹੀ ਬਿਆਨ ਕਰਦਾ ਹੈ।

ਕੈਨੇਡਾ ਵਿਚ ਵਧ ਰਹੇ ਅਪਰਾਧ, ਗੈਂਗਸਟਰਵਾਦ ਤੇ ਉਸ ਵਿਚ ਭਾਰਤੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ, ਗੁੰਡਾਗਰਦੀ ਤੇ ਹੋਰ ਘਟਨਾਵਾਂ ਦੀ ਘੋਖ ਪੜਤਾਲ ਦੇ ਕਈ ਪਹਿਲੂ ਹੋ ਸਕਦੇ ਹਨ। ਪਰ ਆਪਣੇ ਸ਼ਹਿਰੀਆਂ ਦੇ ਜਾਨ-ਮਾਲ ਦੀ ਸੁਰੱਖਿਆ ਅਤੇ ਡਰ- ਭੈਅ ਮੁਕਤ ਵਾਤਾਵਰਣ ਪ੍ਰਦਾਨ ਕਰਨਾ ਹਰ ਮੁਲਕ ਦੀ ਪਹਿਲੀ ਜਿੰਮੇਵਾਰੀ ਹੈ। ਆਰ ਸੀ ਐਮ ਪੀ ਦੀ ਜਾਂਚ ਦੇ ਤਾਜਾ ਖੁਲਾਸੇ, ਮੁਲਕਾਂ ਦੇ ਡਿਪਲੋਮੈਟਿਕ ਸਬੰਧਾਂ ਵਿਚ ਕੜਵਾਪਣ ਤੇ ਤਣਾਅ ਦਾ ਵਧਣਾ ਕੌਮਾਂਤਰੀ ਵਿਦਿਆਰਥੀਆਂ, ਇਮੀਗ੍ਰੇਸ਼ਨ ਪ੍ਰਕਿਰਿਆ ਨਾਲ ਜੂਝ ਰਹੇ ਵਰਕਰ, ਡਾਇਸਪੋਰਾ ਤੇ ਆਮ ਲੋਕਾਂ ਨੂੰ ਵਧੇਰੇ ਪ੍ਰੇਸ਼ਾਨ ਕਰਨ ਵਾਲਾ ਹੈ। ਦੋਵਾਂ ਮੁਲਕਾਂ ਨੂੰ ਸਿਆਸੀ ਕਮਲੀਆਂ ਦੀ ਬਿਜਾਏ ਕੂਟਨੀਤਕ ਪਹੁੰਚ ਅਪਨਾਉਣ ਦੀ ਲੋੜ ਹੈ।

Leave a Reply

Your email address will not be published. Required fields are marked *