Headlines

ਪ੍ਰੋ. ਕੁਲਬੀਰ ਸਿੰਘ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨੂੰ ‘ਮੀਡੀਆ ਆਲੋਚਕ ਦੀ ਆਤਮਕਥਾ’ ਭੇਟ

ਅਵਤਾਰ ਸਿੰਘ ਸ਼ੇਰਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ-
 ਸਰੀ, 18 ਅਕਤੂਬਰ- (ਸੰਦੀਪ ਸਿੰਘ ਧੰਜੂ)-  ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿੱਚ ਮੀਡੀਆ ਆਲੋਚਕ ਪ੍ਰੋਫੈਸਰ ਕੁਲਬੀਰ ਸਿੰਘ ਨੇ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਆਪਣੀ ਲਿਖਤ ‘ਮੀਡੀਆ ਆਲੋਚਕ ਦੀ ਆਤਮਕਥਾ’ ਭੇਟ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਰੋਜ਼ਾਨਾ ਅਜੀਤ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਨੇ ਆਪਣੇ ਵਿਚਾਰਾਂ ਰਾਹੀਂ ਪੰਜਾਬੀ ਪ੍ਰੈੱਸ ਕਲੱਬ ਨਾਲ ਮਿਲਣੀ ਨੂੰ ਪ੍ਰਾਪਤੀ ਦੱਸਿਆ ਅਤੇ ਕੌਮਾਂਤਰੀ ਪੰਜਾਬੀ ਪੱਤਰਕਾਰੀ ਦੇ ਸਰੋਕਾਰਾਂ ਬਾਰੇ ਗੱਲਬਾਤ ਕੀਤੀ। ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ‘ਮੀਡੀਆ ਵੱਲੋਂ ਕੀਤੀ ਜਾਂਦੀ ਧੌਂਸ’ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ।
    ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕੈਨੇਡਾ ਦੇ ਪੰਜਾਬੀ ਮੀਡੀਏ ਦੇ ਆਰੰਭ ਤੋਂ ਅੱਜ ਤੱਕ ਦੇ ਸਫਰ ਬਾਰੇ ਗੱਲ ਕਰਦਿਆਂ, ਉਸ ਸਮੇਂ ਦੇ ਮੀਡੀਏ ਵਿੱਚ ਸੇਵਾ ਦੇ ਮਿਸ਼ਨ ਅਤੇ ਸਰਕਾਰੀ ਧੱਕੇਸ਼ਾਹੀ ਖਿਲਾਫ ਲੜਨ ਦੀ ਜੁਅਰਤ ਬਾਰੇ ਵਿਚਾਰ ਦਿੱਤੇ ਤੇ ਹੁਣ ਮੀਡੀਏ ਦੀ ਲੋਕਾਂ ਨੂੰ ਦਬਾਉਣ ਅਤੇ ਸਰਕਾਰ ਦੇ ਗੁਣ ਗਾਉਣ ਦੀ ਬਦਨੀਤੀ ‘ਤੇ ਚਿੰਤਾ ਪ੍ਰਗਟਾਈ।ਡਾ. ਪੂਰਨ ਸਿੰਘ ਗਿੱਲ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਮਸਲੇ ਦੇ ਹੱਲ ਬਾਰੇ ਵਿਚਾਰਾਂ ਦਿੱਤੀਆਂ, ਜਦਕਿ ਬਲਜਿੰਦਰ ਕੌਰ ਵੱਲੋਂ ਮੀਡੀਏ ਦੀ ਧੌਂਸ ਬਾਰੇ ਡੂੰਘੇ ਮਸਲਿਆਂ ਦਾ ਇਜ਼ਹਾਰ ਕੀਤਾ ਗਿਆ। ‘ਦੇਸ ਪ੍ਰਦੇਸ ਟਾਈਮਜ’ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੇ ਅਜੋਕੇ ਸਮੇਂ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ। ਹੋਰਨਾਂ ਬੁਲਾਰਿਆਂ ਵਿੱਚ ਭੁਪਿੰਦਰ ਸਿੰਘ ਮੱਲੀ ਅਤੇ ਪ੍ਰੋ. ਗੁਰਬਾਜ ਸਿੰਘ ਬਰਾੜ ਨੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦਾ ਸੰਚਾਲਨ ਜਰਨੈਲ ਸਿੰਘ ਆਰਟਿਸਟ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਹਾਜ਼ਰ ਹੋਰਨਾਂ ਸ਼ਖਸੀਅਤਾਂ ਵਿੱਚ ਬਲਦੇਵ ਸਿੰਘ ਮਾਨ,ਬਖਸ਼ਿੰਦਰ,ਸਰਬਰਾਜ ਸਿੰਘ ਕਾਹਲੋਂ, ਬਲਵੀਰ ਕੌਰ ਢਿੱਲੋ,ਜੋਗਰਾਜ ਸਿੰਘ ਕਾਹਲੋਂ, ਡਾ. ਜਸਵਿੰਦਰ ਸਿੰਘ ਦਿਲਾਵਰੀ, ਮਨਮੋਹਣ ਸਿੰਘ ਸਮਰਾ, ਰਾਜ ਸਿੰਘ ਭੰਡਾਲ,ਜਗਜੀਤ ਸਿੰਘ ਮਹਿਰੋਕ ਅਤੇ ਅੰਮ੍ਰਿਤ ਢੋਟ ਸਮੇਤ ਕਈ ਸ਼ਖਸੀਅਤਾਂ ਸ਼ਾਮਿਲ ਹੋਈਆਂ। ਤਾਜ ਪਾਰਕ ਕਨਵੈਂਸ਼ਨ ਸੈਂਟਰ ਦੇ ਮਾਲਕ ਕੁਲਤਾਰਜੀਤ ਸਿੰਘ ਥਿਆੜਾ ਵੱਲੋਂ ਹਾਲ ਵਿੱਚ ਪ੍ਰੋਗਰਾਮ ਲਈ ਸੁਚੱਜਾ ਪ੍ਰਬੰਧ ਕੀਤਾ ਗਿਆ।