ਫਤਹਿਗੜ ਸਾਹਿਬ (ਰਮਨਦੀਪ ਕੌਰ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਰਾਜਨੀਤਿਕ ਵਿਗਿਆਨ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਪੰਜ ਦਿਨਾਂ ਰਾਜਨੀਤਿਕ ਜਾਗਰੂਕਤਾ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰਗੋਸ਼ਟੀ ਵਿੱਚ ਦੋਨੋ ਵਿਭਾਗਾਂ ਦੇ 50 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦਾ ਮੁੱਖ ਉਦੇਸ਼ ਰਾਜਨੀਤਿਕ ਪ੍ਰਣਾਲੀਆਂ, ਸ਼ਾਸਨ, ਨੀਤੀ-ਨਿਰਮਾਣ, ਮਨੁੱਖੀ ਅਧਿਕਾਰਾਂ ਅਤੇ ਰਾਜਨੀਤਿਕ ਵਿਵਸਥਾ ਨੂੰ ਰੂਪ ਦੇਣ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਡੂੰਘੀ ਸਮਝ ਪ੍ਰਦਾਨ ਕਰਨਾ ਸੀ। ਰਾਜਨੀਤਿਕ ਵਿਗਿਆਨ ਵਿਭਾਗ ਦੀ ਇੰਚਾਰਜ ਸ਼੍ਰੀਮਤੀ ਰਮਨਦੀਪ ਕੌਰ ਨੇ “ਵੱਖ-ਵੱਖ ਰਾਜਨੀਤਿਕ ਪ੍ਰਣਾਲੀਆਂ ਅਤੇ ਉਨ੍ਹਾਂ ਦੇ ਸ਼ਾਸਨ ਤੇ ਸਮਾਜ ‘ਤੇ ਪ੍ਰਭਾਵ” ਵਿਸ਼ੇ ’ਤੇ ਜਾਣਕਾਰੀ-ਭਰਪੂਰ ਲੈਕਚਰ ਦਿੱਤਾ। ਉਨ੍ਹਾਂ ਨੇ ਕਈ ਮਾਡਲਾਂ ਦੇ ਰੂਪ ਵਿਚ ਸ਼ਾਸਨ ਪ੍ਰਣਾਲੀਆਂ ਨੂੰ ਸਮਝਾਉਂਦੇ ਹੋਏ ਇਹ ਦੱਸਿਆ ਕਿ ਕਿਵੇਂ ਇਹ ਸਮਾਜਕ ਪ੍ਰਬੰਧਨ ਅਤੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਰਾਜਨੀਤਿਕ ਵਿਗਿਆਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਸ਼੍ਰੀਮਤੀ ਨਵਨੀਤ ਕੌਰ ਨੇ “ਨੀਤੀ-ਨਿਰਮਾਣ ਪ੍ਰਕਿਰਿਆ ਅਤੇ ਸਰਕਾਰ ਦੀ ਭੂਮਿਕਾ” ’ਤੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਨੀਤੀਆਂ ਦੇ ਬਣਨ, ਲਾਗੂ ਕਰਨ ਅਤੇ ਮੁਲਾਂਕਣ ਕਰਨ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਏ.ਐਸ. ਕਾਲਜ ਖੰਨਾ ਦੇ ਸਹਾਇਕ ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਨੇ ਮਨੁੱਖੀ ਅਧਿਕਾਰਾਂ ਨੂੰ ਆਧੁਨਿਕ ਚੁਣੌਤੀਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਅਸਮਾਨਤਾ, ਆਜ਼ਾਦੀ ਅਤੇ ਵਿਸ਼ਵ ਮਨੁੱਖੀ ਅਧਿਕਾਰ ਦੇ ਅੰਦੋਲਨਾਂ ਵਰਗੇ ਮੁੱਦਿਆਂ ’ਤੇ ਧਿਆਨ ਦਿਵਾਇਆ। ਵਿਭਾਗ ਦੇ ਪ੍ਰੋ. ਜਮਸ਼ੀਦ ਅਲੀ ਖਾਨ ਨੇ ਸਮਾਜਿਕ ਵਿਗਿਆਨਾਂ ਵਿੱਚ ਖੋਜ ਤਰੀਕਿਆਂ ’ਤੇ ਲੈਕਚਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਰਾਜਨੀਤਿਕ ਵਿਗਿਆਨ ਅਤੇ ਸਮਾਜਿਕ ਵਿਗਿਆਨਾਂ ਵਿੱਚ ਖੋਜ ਕਰਨ ਦੀਆਂ ਵਿਧੀਆਂ ਅਤੇ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ, ਜਿਸ ਨਾਲ ਵਿਦਿਅਰਥੀਆਂ ਨੂੰ ਅਕਾਦਮਿਕ ਖੋਜ ਲਈ ਮਹੱਤਵਪੂਰਨ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ। ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ ਦੇ ਡਾ. ਸੁਖਪਾਲ ਕੌਰ ਨੇ ਮੀਡੀਆ ਅਤੇ ਜਨਮਤ ਦਾ ਰਾਜਨੀਤਿਕ ਪ੍ਰਕਿਰਿਆ ’ਤੇ ਪ੍ਰਭਾਵ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਮੀਡੀਆ ਰਾਜਨੀਤਿਕ ਫ਼ੈਸਲੇ ਅਤੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਜਾਣਕਾਰੀ ਦੇ ਯੁੱਗ ਵਿੱਚ ਨੰਵੀ ਸੋਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਰਾਜਨੀਤਿਕ ਵਿਗਿਆਨ ਵਿਭਾਗ ਦੇ ਮੁਖੀ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਮੌਕੇ ਦੀ ਸ਼ਲਾਘਾ ਕੀਤੀ ਅਤੇ ਦਸਿਆ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਨਿੱਜੀ ਵਿਕਾਸ ਨਾਲ ਸੰਬੰਧਤ ਸਮਕਾਲੀ ਮੁੱਦਿਆਂ ਨੂੰ ਵਿਚਾਰਨ ਲਈ ਮਹੱਤਵਪੂਰਣ ਸਿੱਧ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਪ੍ਰਿਤਪਾਲ ਸਿੰਘ ਨੇ ਵੀ ਇਸ ਸਹਿਕਾਰਤਮਕ ਯਤਨ ਦੀ ਵੱਡੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਵਰਗੀਆਂ ਵਿਸ਼ੇਸ਼ ਗਤੀਵਿਧੀਆਂ ਨਾਲ ਗਿਆਨ-ਨਿਰਮਾਣ ਹੁੰਦਾ ਹੈ ਅਤੇ ਨਾਗਰਿਕਾਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਹੋਦੀ ਹੈ। ਇਸ ਵਰਕਸ਼ਾਪ ਨੂੰ ਅਕਾਦਮਿਕ ਸਿਧਾਂਤਾਂ ਅਤੇ ਅਮਲੀ ਸਮਝ ਵਿਚਕਾਰ ਇੱਕ ਮਹੱਤਵਪੂਰਣ ਲਿੰਕ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਅਸਲੀ-ਜਗਤ ਦੀਆਂ ਰਾਜਨੀਤਿਕ ਚੁਣੌਤੀਆਂ ਅਤੇ ਵਿਚਾਰ-ਵਿਮਰਸ਼ਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।