ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਦੀ ਆਮਦ ‘ਤੇ ਸਰੀ ‘ਚ ਸਮਾਗਮ- ਪੰਜਾਬੀ ਪੱਤਰਕਾਰੀ ਨੂੰ ਦਰਪੇਸ਼ ਚਣੌਤੀਆਂ ‘ਤੇ ਸੈਮੀਨਾਰ ਹੋ ਨਿੱਬੜਿਆ-
ਸਰੀ (ਜੋਗਿੰਦਰ ਸਿੰਘ, ਮਹੇਸ਼ਇੰਦਰ ਸਿੰਘ ਮਾਂਗਟ )-ਵਿਸ਼ਵ ਭਰ ‘ਚ ਭਾਵੇਂ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਲੋਕ ਮਨਾਂ ‘ਚ ਛਾ ਰਿਹਾ, ਪਰ ਪ੍ਰਿੰਟ ਮੀਡੀਆ ਦੀ ਸਾਰਥਿਕਤਾ ਅੱਜ ਵੀ ਬਰਕਰਾਰ ਹੈ ਤੇ ਮੌਜੂਦਾ ਚਣੌਤੀਆਂ ਭਰੇ ਦੌਰ ‘ਚ ਹਰ ਮੋੜ ‘ਤੇ ਪ੍ਰਿੰਟ ਮੀਡੀਆ ਸਮਾਜ ਨੂੰ ਸਹੀ ਅਗਵਾਈ ਦੇ ਰਿਹਾ ਤੇ ਲੋਕਾਂ ਲਈ ਪ੍ਰਤੀਬੱਧਤਾ ਵੀ ਨਿਭਾ ਰਿਹਾ | ਉਪਰੋਕਤ ਪ੍ਰਗਟਾਵਾ ਦੇਸ਼ ਪ੍ਰਦੇਸ਼ ਟਾਈਮਜ਼ ਕੈਨੇਡਾ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੇ ਸਰੀ ਵਿਖੇ ਇੰਡੀਆ ਕਲੱਬ ਰੈਸਟੋਰੈਂਟ ਵਿਖੇ ਪੰਜਾਬੀ ਦੇ ਸਿਰਮੌਰ ਅਖ਼ਬਾਰ ‘ਅਜੀਤ’ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਦੀ ਆਮਦ ‘ਤੇ ਰੱਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਸ਼ੇਰਗਿੱਲ ਅੱਜ ਕੱਲ੍ਹ ਪ੍ਰਿੰਟ ਮੀਡੀਆ ‘ਤੇ ਕਾਲਮ ਦੇ ਨਾਲ ਅਜੀਤ ਵੈਬ ਚੈਨਲ ‘ਤੇ ਦੇਸ਼ ਦੁਨੀਆਂ ਨਾਲ ਸਬੰਧਤ ਚਲੰਤ ਮੁੱਦਿਆਂ ਉਪਰ ਰੋਜ਼ਾਨਾ ਜਾਣਕਾਰੀ ਭਰਪੂਰ ਚਰਚਾ ਵੀ ਕਰਦੇ ਹਨ | ਸਰੀ ਸ਼ਹਿਰ ਦੇ ਉਘੇ ਰੀਐਲਟਰ ਤੇ ਰੇਡੀਓ ਹੋਸਟ ਸ.ਅੰਗਰੇਜ ਸਿੰਘ ਬਰਾੜ, ਨਿਰਲੇਪ ਸਿੰਘ ਗਿੱਲ ਅਤੇ ਭੁਪਿੰਦਰ ਸਿੰਘ ਬੱਬੀ ਵਲੋਂ ਰੱਖੇ ਇਸ ਸਮਾਗਮ ਦੌਰਾਨ ਸ. ਚੋਹਲਾ ਨੇ ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਅਖ਼ਬਾਰਾਂ ਨੂੰ ਬਚਾਉਣ ਲਈ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਸੋਸ਼ਲ ਮੀਡੀਏ ‘ਤੇ ਵਿਊਜ਼ ਲੈਣ ਤੇ ਪੈਸਾ ਕਮਾਉਣ ਲਈ ਹਰ ਮੁੱਦੇ ‘ਤੇ ਸਨਸ਼ਨੀ ਫੈਲਾਉਣ ਦੀ ਦੌੜ ਹੈ, ਜਦੋਂਕਿ ਪ੍ਰਿੰਟ ਮੀਡੀਆ ਅੱਜ ਵੀ ਹਰ ਖ਼ਬਰ ਨੂੰ ਤੱਥਾਂ ਨਾਲ ਛਾਪ ਕੇ ਆਪਣੀ ਸਹੀ ਜਿੰਮੇਵਾਰੀ ਨਿਭਾਅ ਰਿਹਾ |
ਇਸ ਮੌਕੇ ਸ. ਸ਼ੇਰਗਿੱਲ ਨੇ ਪੰਜਾਬੀ ਪੱਤਰਕਾਰੀ ਦੀ ਭੂਮਿਕਾ, ਪੱਤਰਕਾਰੀ ਨੂੰ ਦਰਪੇਸ਼ ਚਣੌਤੀਆਂ ਅਤੇ ਪੰਜਾਬੀ ਦੇ ਅਖਬਾਰਾਂ ਨੂੰ ਬਚਾਉਣ ਲਈ ਹੋ ਰਹੇ ਯਤਨਾਂ ‘ਤੇ ਚਾਨਣਾ ਪਾਇਆ | ਉਨ੍ਹਾਂ ਪੱਤਰਕਾਰਾਂ ਵਲੋਂ ਪੁੱਛੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਲਸ਼ਕਾਰਾ ਚੈਨਲ ਦੇ ਡਾਇਰੈਕਟਰ ਸ਼ੰਮੀ ਝੱਜ ਵਲੋਂ ਚਫੇਰੇ ਫੈਲੇ ਮਾਫ਼ੀਏ ਦੇ ਦੌਰ ‘ਚ ਸਹੀ ਆਵਾਜ ਉਠਾਉਣ ਵਾਲੇ ਪੱਤਰਕਾਰਾਂ ਨੂੰ ਆਉਂਦੀਆਂ ਧਮਕੀਆਂ ਤੇ ਡਰਾਵਿਆਂ ਦੇ ਟਾਕਰੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਹੋਣ ਸਵਾਲ ਰਾਹੀਂ ਇਹ ਮੁੱਦਾ ਵੀ ਉਠਾਇਆ | ਇਸ ਮੌਕੇ ਉਘੇ ਕਵੀ ਮੋਹਨ ਸਿੰਘ ਗਿੱਲ, ਦੇਸ਼ ਪ੍ਰਦੇਸ਼ ਦੇ ਸਰੀ ਤੋਂ ਪ੍ਰਤੀਨਿਧ ਮਹੇਸ਼ਇੰਦਰ ਸਿੰਘ ਮਾਂਗਟ, ਚਿੱਤਰਕਾਰ ਜਰਨੈਲ ਸਿੰਘ, ਮਹਿਲਾ ਪੱਤਰਕਾਰ ਲਵੀ ਪੰਨੂ, ਸੰਦੀਪ ਕੌਰ ਤਰਲੋਚਨ ਸਿੰਘ ਨੇ ਵੀ ਮੌਜੂਦਾ ਚਣੌਤੀਆਂ ਨਾਲ ਜੁੜੇ ਸਵਾਲ ਉਠਾਏ, ਜਿਨ੍ਹਾਂ ‘ਤੇ ਅਵਤਾਰ ਸਿੰਘ ਸ਼ੇਰਗਿੱਲ ਨੇ ਆਪਣੀ ਰਾਇ ਦਿੱਤੀ | ਇਸ ਮੌਕੇ ਪ੍ਰੈਸ ਕਲੱਬ ਜਗਰਾਉਂ ਦੇ ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਪੰਜਾਬ ਤੇ ਪੰਜਾਬੀਅਤ ਲਈ ਨਿਭਾਈ ਜਾ ਰਹੀ ਭੂਮਿਕਾ ਤੇ ‘ਅਜੀਤ’ ਦੇ ਅਹਿਮ ਰੋਲ ਦਾ ਜ਼ਿਕਰ ਕੀਤਾ | ਇਸ ਮੌਕੇ ਜਰਨੈਲ ਸਿੰਘ ਖੰਡੌਲੀ, ਜੈਸ ਗਿੱਲ, ਅਕਾਸ਼ਦੀਪ ਸਿੰਘ ਛੀਨਾ, ਦਵਿੰਦਰ ਸਿੰਘ ਲਿੱਟ ਆਦਿ ਹਾਜ਼ਰ ਸਨ | ਸੀਨੀਅਰ ਪੱਤਰਕਾਰ ਸ਼ੇਰਗਿੱਲ ਦੀ ਆਮਦ ‘ਤੇ ਇਹ ਸਮਾਗਮ ਪੰਜਾਬੀ ਪੱਤਰਕਾਰੀ ਨੂੰ ਸਮਰਪਿਤ ਸੈਮੀਨਾਰ ਹੋ ਨਿੱਬੜਿਆ |