ਪੰਜਾਬ ਭਵਨ ਸਰੀ ਵਲੋਂ ਸਨਮਾਨ-
ਸਰੀ, 18 ਅਕਤੂਬਰ ( ਸੰਦੀਪ ਸਿੰਘ ਧੰਜੂ)- ਸਰੀ ਦੇ ਪੰਜਾਬ ਭਵਨ ਵਿੱਚ ‘ਮਹਿਫਲ ਏ ਮੁਹੱਬਤ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਉੱਘੇ ਮੀਡੀਆ ਆਲੋਚਕ ਅਤੇ ਗਲੋਬਲ ਮੀਡੀਆ ਅਕੈਡਮੀ ਦੇ ਚੇਅਰਮੈਨ ਪ੍ਰੋ.ਕੁਲਬੀਰ ਸਿੰਘ ਆਪਣੇ ਨਵੀਂ ਪੁਸਤਕ ‘ਮੀਡੀਆ ਆਲੋਚਕ ਦੀ ਆਤਮਕਥਾ’ ਬਾਰੇ ਜਿਕਰ ਕਰਦਿਆਂ ਕਿਹਾ ਕਿ ਕੋਈ ਵੀ ਅਲੋਚਨਾ ਨੂੰ ਪਸੰਦ ਨਹੀਂ ਕਰਦਾ ਪਰ ਇਹ ਕੰਮ ਕਰਨਾ ਉਨਾਂ ਹਿੱਸੇ ਆਇਆ ਹੈ। ਸਾਰੀ ਉਮਰ ਉਹਨਾਂ ਨੇ ਇਕ ਮੀਡੀਆ ਆਲੋਚਕ ਦੇ ਤੌਰ ਤੇ ਕੰਮ ਕੀਤਾ ਹੈ ਅਤੇ ਉਨਾਂ ਦੀ ਇਸ ਪੁਸਤਕ ਵਿੱਚ ਇਸੇ ਨਿਵੇਕਲੇ ਆਲੋਚਨਾ ਦੇ ਇਸ ਸਫਰ ਦਾ ਜਿਕਰ ਹੈ। ਇਸ ਤੋਂ ਪਹਿਲਾਂ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ.ਬੀ ਐਸ ਘੁੰਮਣ ਸਮੇਤ ਹੋਰ ਮਾਣਮੱਤੀ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ। ਦੱਸਣਯੋਗ ਹੈ ਕਿ ਪ੍ਰੋ.ਕੁਲਬੀਰ ਸਿੰਘ ਨੇ ਜਿਥੇ ਸਿਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਉਥੇ 1990 ਤੋਂ 2020 ਤੱਕ ਲੰਬਾ ਸਮਾਂ ਜਲੰਧਰ ਦੂਰਦਰਸ਼ਨ ਨਾਲ ਵੀ ਜੁੜੇ ਰਹੇ ਅਤੇ ਮੀਡੀਆ ਆਲੋਚਕ ਵਜੋਂ ਬਹੁਤ ਸਾਰਥਿਕ ਕੰਮ ਕੀਤਾ। ਇਸ ਸਬੰਧੀ ਪ੍ਰੋ.ਕੁਲਬੀਰ ਸਿੰਘ ਨੇ ਦੱਸਿਆ ਕਿ ਹਰ ਕੋਈ ਪ੍ਰਸੰਸਾ ਚਾਹੁੰਦਾ ਹੈ ਅਤੇ ਆਲੋਚਨਾ ਕਿਸੇ ਨੂੰ ਪਸੰਦ ਨਹੀਂ ਪਰ ਉਨਾਂ ਲੰਬੇ ਸਮੇਂ ਤੱਕ ਇਸ ਚੁਣੌਤੀ ਭਰੇ ਵਿਸ਼ੇ ਉਤੇ ਕੰਮ ਕੀਤਾ ਹੈ। ਉਨਾਂ 20 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਜਿਨਾਂ ਵਿਚ ਅਜੋਕੇ ਮੀਡੀਆ ਬਾਰੇ, ਟੀਵੀ ਸਮੀਖਿਆ ਅਤੇ ਹਰ ਤਰਾਂ ਦੇ ਇਲੈਕਟ੍ਰਾਨਿਕ ਮੀਡੀਆ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਉਹ ‘ਲੰਡਨ ਦੂਰ ਨਹੀਂ’ ਸਫ਼ਰਨਾਮਾ ਅਤੇ ‘ਟਰਨਿੰਗ ਪੁਆਇੰਟ ‘ ਕਵਿਤਾ ਵੀ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। 37 ਸਾਲ ਤੱਕ ਪੱਤਰਕਾਰਤਾ ਦੇ ਖੇਤਰ ਦੇ ਨਾਲ ਵਿਸ਼ਵ ਮੀਡੀਆ ਕਾਨਫਰੰਸ ਕਰਵਾਉਣ ਦਾ ਯੋਗਦਾਨ ਵੀ ਪਾਇਆ ਹੈ। ਸਮਾਗਮ ਦੌਰਾਨ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਿਕਰ ਕਰਦਿਆਂ ਸੁੱਖੀ ਬਾਠ ਨੇ ਦੱਸਿਆ ਕਿ ਪ੍ਰੋ.ਕੁਲਬੀਰ ਸਿੰਘ ਨੇ ਮੀਡੀਆਂ ਬਾਰੇ ਪੰਜ ਕਿਤਾਬਾਂ ‘ਦੂਰਦਰਸ਼ਨ ਜਲੰਧਰ-ਇਤਿਹਾਸ ਅਤੇ ਵਿਕਾਸ ‘, ‘ਹੁਣ ਪ੍ਰਸਾਰਣ ਜਲੰਧਰ ਤੋਂ’, ‘ਪ੍ਰਵਾਸੀ ਪੰਜਾਬੀ ਮੀਡੀਆ ਭਾਗ ਪਹਿਲਾ’, ‘ਪ੍ਰਵਾਸੀ ਪੰਜਾਬੀ ਮੀਡੀਆ ਭਾਗ ਦੂਜਾ’, ‘ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਤੇ ਸਫਰਨਾਮਾ’, ‘ਆਸਟ੍ਰੇਲੀਆ ਵਿੱਚ 20 ਦਿਨ ‘ ਆਦਿ ਪ੍ਰਕਾਸ਼ਿਤ ਕੀਤੀਆਂ ਹਨ। ਇਸ ਤੋਂ ਇਲਾਵਾ ਉਨਾਂ ਨੂੰ ‘ਪੰਜਾਬ ਰਤਨ ਐਵਾਰਡ ‘, ਸ਼੍ਰੋਮਣੀ ਪੱਤਰਕਾਰ ਐਵਾਰਡ’, ‘ਪੰਜਾਬੀ ਮੀਡੀਆ ਦਾ ਮਾਣ’ ਅਤੇ ‘ਐਕਸੀਲੈਂਸ ਐਵਾਰਡ ਫਾਰ ਪ੍ਰੋਮੋਟਿੰਗ ਪੰਜਾਬੀ ਮੀਡੀਆ’ ਆਦਿ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕਿਤਾਬ ਲੋਕ ਅਰਪਣ ਕਰਨ ਤੋਂ ਬਾਅਦ ਪ੍ਰੋ.ਕੁਲਬੀਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਪ੍ਰੋ.ਕਵਲਜੀਤ ਕੌਰ ਨੂੰ ਪੰਜਾਬ ਭਵਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਹੁੰਚੀਆਂ ਹੋਰ ਸਾਹਿਤਕ ਸਖਸ਼ੀਅਤਾਂ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਸਿੰਘ, ਅਮਰੀਕ ਸਿੰਘ ਪਲਾਹੀ, ਪ੍ਰਿਥੀਪਾਲ ਸਿੰਘ ਸੋਹੀ, ਇੰਦਰਜੀਤ ਸਿੰਘ ਧਾਮੀ, ਮਲੂਕ ਚੰਦ ਕਲੇਰ, ਮਨਪ੍ਰੀਤ ਕੌਰ ਖਿੰਡਾ, ਡਾਕਟਰ ਕਮਲਜੀਤ ਕੌਰ, ਰਿਸ਼ੀ ਵੈਨਕੂਵਰ ਆਦਿ ਹਾਜ਼ਰ ਸਨ। ਮੰਚ ਦਾ ਸੰਚਾਲਨ ਕਵਿੰਦਰ ਚਾਂਦ ਅਤੇ ਕੁਲਦੀਪ ਚੁੰਬਰ ਨੇ ਖੂਬ ਨਿਭਾਇਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ.ਕੁਲਬੀਰ ਸਿੰਘ ਨੇ ਸੁੱਖੀ ਬਾਠ ਅਤੇ ਸਤੀਸ਼ ਜੌੜਾ ਦਾ ਇਸ ਸਮਾਗਮ ਦੇ ਆਯੋਜਨ ਲਈ ਧੰਨਵਾਦ ਕੀਤਾ।