ਕੈਲਗਰੀ ( ਜਗਦੇਵ ਸਿੱਧੂ)– ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦਾ ਸਾਲਾਨਾ ਜਨਰਲ ਇਜਲਾਸ – ਏ.ਜੀ.ਐਮ. 21 ਅਕਤੂਬਰ ਨੂੰ ਵੀਵੋ ਦੇ ਹਾਲ ਵਿਚ ਹੋਇਆ। ਸ਼ੁਰੂਆਤ ਇਸ ਸ਼ਬਦ ਦੇ ਗਾਇਨ ਨਾਲ ਹੋਈ – ਦੇਹਿ ਸ਼ਿਵਾ ਵਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੌਂ।
ਏਜੰਡਾ ਪੇਸ਼ ਕਰਦਿਆਂ ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ 1 ਅਕਤੂਬਰ, 2023 ਤੋਂ 30 ਸਤੰਬਰ, 2024 ਤੱਕ ਦੇ ਸਾਲ ਦਾ ਆਮਦਨ ਖ਼ਰਚ ਦਾ ਲੇਖਾ-ਜੋਖਾ ਸਾਹਮਣੇ ਰੱਖਿਆ। ਕੈਸੀਨੋ ਅਤੇ ਜਨਰਲ ਖਾਤਿਆਂ ਵਿਚਲੇ ਜਮ੍ਹਾਂ-ਖ਼ਰਚ ਦੀ ਪੂਰੀ ਤਫਸੀਲ ਦਿੱਤੀ। ਮੈਂਬਰਾਂ ਦੇ ਸਵਾਲਾਂ ਅਤੇ ਸ਼ੰਕਿਆਂ ਬਾਰੇ ਨਿਯਮਾਂ ਦੇ ਹਵਾਲੇ ਨਾਲ ਤਸੱਲੀ ਕਰਵਾਈ। ਪਿਛਲੇ ਸਾਲ ਦੌਰਾਨ ਕਾਰਜਕਾਰਨੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਦਾ ਬਿਓਰਾ ਦਿੱਤਾ। ਵਿੱਤੀ ਏਜੰਡੇ ਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਪ੍ਰਧਾਨ ਨੇ ਆਉਣ ਵਾਲੀਆਂ ਮੀਟਿੰਗਾਂ – 4 ਨਵੰਬਰ ਨੂੰ ਦੀਵਾਲੀ ਮਨਾਉਣ, 25 ਨਵੰਬਰ ਨੂੰ ਉਸ ਤੋਂ ਅਗਲੀ ਮੀਟਿੰਗ ਅਤੇ 13 ਦਸੰਬਰ ਨੂੰ ਸਾਲਾਨਾ ਭੋਜ ਲਈ ਮੀਟਿੰਗ ਕਰਨ ਦੀ ਸੂਚਨਾ ਦਿੱਤੀ।
ਅਕਤੂਬਰ ਮਹੀਨੇ ਵਿਚ ਪੈਂਦੇ ਜਨਮ ਦਿਨ ਵਾਲੇ ਇਨ੍ਹਾਂ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਮੁਬਾਰਕਾਂ ਦਿੱਤੀਆਂ ਗਈਆਂ – ਸੋਮ ਨਾਥ ਅਗਰਵਾਲ, ਦਰਸ਼ਨ ਧਾਲੀਵਾਲ, ਕੰਵਲ ਅਰੇੜਾ, ਜੰਗਪਾਲ ਖੋਸਾ, ਕੁਲਵੰਤ ਰਾਏ ਸ਼ਰਮਾ, ਨੀਲਮ ਪਰਮਾਰ, ਰਮੇਸ਼ ਕੁਮਾਰ, ਮਹਿੰਦਰ ਕੌਰ। ਸੁਰਿੰਦਰਜੀਤ ਪਲਾਹਾ ਨੇ ਸ਼ੂਗਰ ਦੀ ਬੀਮਾਰੀ ਤੋਂ ਬਚਣ ਲਈ ਖਾਣ ਵਾਲੇ ਪਦਾਰਥਾਂ ਬਾਰੇ ਵਿਗਿਆਨਕ ਜਾਣਕਾਰੀ ਸਾਂਝੀ ਕੀਤੀ ਅਤੇ ਪ੍ਰਚਲਤ ਭੁਲੇਖਿਆਂ ਤੋਂ ਖਬਰਦਾਰ ਕੀਤਾ। ਉਨ੍ਹਾਂ ਨੇ ਕਈ ਤਰ੍ਹਾਂ ਦੇ ਆਟਿਆਂ, ਗੁੜ, ਚੀਨੀ, ਫਲ਼ਾਂ, ਸਬਜ਼ੀਆਂ, ਚਾਵਲ, ਦਾਲ਼ਾਂ ਆਦਿ ਪਦਾਰਥਾਂ ਵਿਚਲੀ ਕੈਲੋਰੀ ਅਤੇ ਮਿੱਠਤ (ਸ਼ੂਗਰ, ਸੂਕਰੋਜ਼, ਫਰੱਕਟੋਜ਼, ਗੁਲੂਕੋਜ਼ ਵਗੈਰਾ) ਦੀ ਮਾਤਰਾ ਦੱਸ ਕੇ ਅਹਿਮ ਜਾਣਕਾਰੀ ਦਿੱਤੀ। ਹਾਸਿਆਂ ਦੇ ਬਾਦਸ਼ਾਹ ਤਰਲੋਕ ਚੁੱਘ, ਜੋਗਾ ਸਿੰਘ ਲੈਹਲ ਅਤੇ ਭਜਨ ਸਿੰਘ ਸੱਗੂ ਨੇ ਨਵੇਂ ਨਵੇਂ ਚੁਟਕਲੇ ਸੁਣਾ ਕੇ ਦਰਸ਼ਕਾਂ ਨੂੰ ਖੂਬ ਹਸਾਇਆ। ਲੋਕ-ਗੀਤਾਂ ਦੀ ਪੇਸ਼ਕਾਰੀ ਵਿਚ ਸ਼ਮਿੰਦਰ ਅਤੇ ਸੁਰਜੀਤ ਕੌਰ ਦੀ ਜੋੜੀ ਦਾ ਗੀਤ – ਭਾਵੇਂ ਬੋਲ ਤੇ ਭਾਵੇਂ ਨਾ ਬੋਲ ਅਤੇ ਵਿਨੋਦ ਕੁਮਾਰੀ ਦਾ ਗੀਤ – ਅੱਜ ਆਉਣੈ ਮੇਰੇ ਦਿਲ ਜਾਨੀ ਮੈਂ ਰਾਹ ਵੇਖਾਂ ਗਲ਼ੀਆਂ ਦੇ ਸਰੋਤਿਆਂ ਨੂੰ ਕੀਲ ਗਏ। ਸ. ਲ. ਮੱਟੂ ਨੇ ਪਹਾੜੀ ਗੀਤ ਨਾਲ਼ ਹਾਜ਼ਰੀ ਲਵਾਈ – ਮਾਏ ਨੀ ਮੇਰੀਏ ਸ਼ਿਮਲੇ ਨੂੰ ਜਾਣਾ ਚੰਬਾ ਕਿਤਨੀ ਕੁ ਦੂਰ, ਲਾਈਆਂ ਮੁਹੱਬਤਾਂ ਦੂਰ ਦੁਰਾਡੇ ਅੱਖੀਆਂ ਤੋਂ ਹੋਇਆ ਕਸੂਰ। ਹਰਕੰਵਲਜੀਤ ਕੌਰ ਨੇ ਘੋੜੀ ਗਾਈ – ਭੈਣਾਂ ਨੇ ਵੀਰ ਸ਼ਿੰਗਾਰਿਆ ਨੀ ਮਾਏ, ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ। ਸ਼ਾਇਰ ਸੁਖਮੰਦਰ ਗਿੱਲ ਨੇ ਆਪਣਾ ਗੀਤ ਤਰੱਨਮ ਵਿਚ ਗਾਇਆ – ਅਸਾਂ ਤੇਰੇ ਨਾਵੇਂ ਕਰ ਛੱਡਿਐ ਜ਼ਿੰਦਗੀ ਦਾ ਇਕ ਇਕ ਪਲ ਸੱਜਣਾ। ਹਰਿੰਦਰ ਕੌਰ ਮੁੰਡੀ ਨੇ ਧਰਮ ਦੇ ਨਾਂ ਹੇਠ ਚਲਦੇ ਪਾਖੰਡੀ ਕਾਰੋਬਾਰਾਂ ਨੂੰ ਆਪਣੀ ਭਾਵਪੂਰਤ ਕਵਿਤਾ ਰਾਹੀਂ ਨੰਗਾ ਕੀਤਾ – ਮੈਂ ਘਰ ਖ਼ੁਦਾ ਦੇ ਜਾ ਕੇ ਬਾਲ਼ੂੰ ਮੋਮਬੱਤੀਆਂ।। ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਜਿੱਥੇ ਕਾਰਵਾਈ ਨੂੰ ਮੁਹਾਰਤਨਾਲ ਚਲਾਇਆ ਉੱਥੇ ਉੱਘੇ ਸਨਅਤਕਾਰ ਰਤਨ ਟਾਟਾ, ਚੋਟੀ ਦੇ ਗਾਇਕ ਮਹਿੰਦਰ ਕਪੂਰ ਅਤੇ ਕਾਮੇਡੀਅਨ ਜਸਪਾਲ ਭੱਟੀ ਦੀ ਜੀਵਨੀ ਬਾਰੇ ਜ਼ਿਕਰਯੋਗ ਤੱਥ ਸਾਂਝੇ ਕੀਤੇ। ਸਭਾ ਦੇ ਮੋਢੀ ਮੈਂਬਰ ਪ੍ਰਸ਼ੋਤਮ ਭਾਰਦਵਾਜ ਨੇ ਮੈਂਬਰਾਂ ਵੱਲੋਂ ਮਿਲੇ ਪਿਆਰ ਅਤੇ ਹਮਦਰਦੀ ਦੇ ਇਜ਼ਹਾਰ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ।