Headlines

ਰਾਜਿੰਦਰ ਕੌਰ ਚੌਹਕਾ ਦੀ ਪੁਸਤਕ ‘ਕੈਨੇਡਾ ਦੇ ਮੂਲ ਵਾਸੀਆਂ ਦੀ ਗਾਥਾ’ ਲੋਕ ਅਰਪਣ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਾਸਿਕ ਮੀਟਿੰਗ -ਕਾਰਜਕਾਰੀ ਕਮੇਟੀ ਦੇ ਨਵੇ ਅਹੁਁਦੇਦਾਰ ਐਲਾਨੇ
ਕੈਲਗਰੀ (ਦਵਿੰਦਰ ਮਲਹਾਂਸ, ਦਲਵੀਰ ਜੱਲੋਵਾਲੀਆ)– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸ਼ਨੀਵਾਰ ਬਾਅਦ ਦੁਪਹਿਰ 2 ਵਜੇ ਹੋਈ।ਜਿਸ ਵਿੱਚ ਕੈਲਗਰੀ ਦੀਆਂ ਨਾਮਵਰ ਸ਼ਖਸੀਅਤਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਮੰਗਲ ਚੱਠਾ ਨੇ ਕੀਤੀ ਤੇ ਪ੍ਰਧਾਨ ਬਲਵੀਰ ਗੋਰਾ ਨੂੰ ਸੱਦਾ ਦਿੱਤਾ, ਜਿਨਾਂ ਨੇ ਨਵੀਂ ਕਮੇਟੀ ਦੇ ਅਹੁਦੇ ਐਲਾਨੇ, ਜਿਨਾਂ ਵਿੱਚ ਨਵੇਂ ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਜੋਰਾਵਰ ਸਿੰਘ, ਜਨਰਲ ਸਕੱਤਰ ਦਵਿੰਦਰ ਮਲਹਾਂਸ, ਸਕੱਤਰ ਗੁਰਲਾਲ ਸਿੰਘ ਰੂਪਾਲੋ ਤੇ ਖਜਾਨਚੀ ਡਾਕਟਰ ਪਰਮਿੰਦਰ ਕੌਰ,ਕਾਰਜਕਾਰੀ ਮੈਂਬਰਾਂ ਵਿੱਚ ਹਰੀਪਾਲ,ਬਲਜਿੰਦਰ ਸੰਘਾ, ਤਰਲੋਚਨ ਸੈਂਭੀ,ਪਰਮਿੰਦਰ ਰਮਨ ਢੁੱਡੀਕੇ, ਬਲਵੀਰ ਗੋਰਾ, ਮੰਗਲ ਚੱਠਾ, ਗੁਰਮੀਤ ਕੌਰ ਕੁਲਾਰ,ਤਲਵਿੰਦਰ ਟੋਨੀ ਨੂੰ ਅਗਲੇ ਦੋ ਸਾਲਾਂ ਲਈ ਅਹੁਦਿਆਂ ਤੇ ਨਿਯੁਕਤ ਕੀਤਾ। ਨਵੇਂ ਅਹੁਦੇਦਾਰਾਂ ਨੂੰ ਸਾਰਿਆਂ ਵੱਲੋਂ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆ।ਨਵੇਂ ਜਨਰਲ ਸਕੱਤਰ ਦਵਿੰਦਰ ਮਲਹਾਂਸ ਦੀ ਕਿਸੇ ਨਿੱਜੀ ਰੁਝੇਵੇਂ ਕਾਰਨ ਗੈਰ ਹਾਜ਼ਰੀ ਹੋਣ ਕਰਕੇ ਇਹ ਮੀਟਿੰਗ ਉਹਨਾਂ ਦੀ ਜਗ੍ਹਾ ਤੇ ਜੋਰਾਵਰ ਸਿੰਘ ਨੇ ਚਲਾਈ। ਮੀਟਿੰਗ ਦਾ ਆਗਾਜ਼ ਕਰਦਿਆ ਜੋਰਾਵਰ ਸਿੰਘ ਨੇ ਨਵੇਂ ਪ੍ਰਧਾਨ ਰਣਜੀਤ ਸਿੰਘ,ਸਕੱਤਰ ਗੁਰਲਾਲ ਸਿੰਘ ਰੂਪਾਲੋ ਤੇ ਰਾਜਿੰਦਰ ਕੌਰ ਚੌਂਹਕਾ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸੱਦਾ ਦਿੱਤਾ। ਜੋਰਾਵਰ ਸਿੰਘ ਨੇ ਸ਼ੋਕਮਤੇ ਸਾਂਝੇ ਕਰਦਿਆਂ ਪ੍ਰਸਿੱਧ ਵਿਦਵਾਨ ਡਾਕਟਰ ਜਸਬੀਰ ਸਿੰਘ ਸਾਬਰ ਜੀ ਤੇ ਰੰਗ ਕਰਮੀ ਸ਼ਖਸ਼ੀਅਤ ਕੈਲਾਸ਼ ਕੌਰ ਜੀ ਦੇ ਸਾਹਿਤਿਕ ਸਮਾਜਿਕ ਯੋਗਦਾਨ ਤੇ ਉਨਾਂ ਦੀਆਂ ਜੀਵਨ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਉਹਨਾਂ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
.          ਬਲਜਿੰਦਰ ਸੰਘਾ ਨੇ ਰਾਜਿੰਦਰ ਕੌਰ ਚੌਂਹਕਾ ਦੀ ਪੁਸਤਕ ‘ਕਨੇਡਾ ਦੇ ਮੂਲ ਵਾਸੀਆਂ ਦੀ ਗਾਥਾ’ ਬਾਰੇ ਆਪਣੇ ਵਿਚਾਰ ਪੇਸ਼ ਕਰਦੀਆਂ ਕਿਹਾ ਕਿ ਮੀਡੀਆ ਤੇ ਸਰਕਾਰਾਂ ਵੱਲੋਂ ਮੂਲ ਵਾਸੀਆਂ ਨੂੰ ਅਣਗੋਲਿਆ ਹੀ ਗਿਆ ਹੈ। ਇਹ ਪੁਸਤਕ ਮੂਲ ਵਾਸੀਆਂ ਦੇ ਸੰਘਰਸ਼,ਤਸ਼ੱਦਦ ਤੇ ਹੋਂਦ ਦੀ ਗੱਲ ਕਰਦੀ ਹੈ। ਪੰਜਾਬੀ ਵਿੱਚ ਇਹੋ ਜਿਹੀ ਪੁਸਤਕ ਦਾ ਲਿਖਿਆ ਜਾਣਾ ਬਹੁਤ ਵੱਡੀ ਗੱਲ ਹੈ। ਰਾਜਿੰਦਰ ਕੌਰ ਚੌਂਹਕਾ ਨੇ ਇਸ ਕਿਤਾਬ ਨੂੰ ਹੋਂਦ ਵਿੱਚ ਲਿਆਉਣ ਦੇ ਮਕਸਦ ਉੱਤੇ ਚਾਨਣਾ ਪਾਇਆ ਕਿ ਕਿਵੇਂ ਮੂਲ ਵਾਸੀਆ ਦੇ ਕਤਲੇਆਮ,ਨਸਲ ਘਾਤ ਤੇ ਬੱਚਿਆਂ ਔਰਤਾਂ ਦੇ ਹੋਏ ਤਸ਼ੱਦਦ ਨੇ ਉਹਨਾਂ ਨੂੰ ਇਹ ਕਿਤਾਬ ਲਿਖਣ ਵੱਲ ਤੋਰਿਆ।ਜਗਦੀਸ਼ ਸਿੰਘ ਚੌਹਕਾ ਨੇ ਕਿਹਾ ਕਿ ਮੂਲ ਵਾਸੀਆਂ ਬਾਰੇ ਸਿਰਫ ਗੱਲਾਂ ਹੀ ਹੋ ਰਹੀਆਂ ਹਨ।ਕਿਸੇ ਨੇ ਵੀ ਉਹਨਾਂ ਦੀ ਬਾਂਹ ਫੜਨ ਜਾਂ ਉਹਨਾਂ ਦੇ ਪੱਖ ਚ ਖੜ ਕੇ ਹੱਕਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਗੁਰਿੰਦਰ ਬਰਾੜ ਐਮ ਐਲ ਏ ਨੇ ਮੂਲ ਨਿਵਾਸੀਆਂ ਬਾਰੇ ਬੜੇ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ ਤੇ ਕਿਹਾ,ਸਰਕਾਰਾਂ ਕੋਲ ਜੰਗਾਂ ਲਈ ਪੈਸੇ ਤਾਂ ਹਨ ਪਰ ਵਿਕਾਸ ਵੇਲੇ ਉਹਨਾਂ ਕੋਲ ਬਜਟ ਨਹੀਂ ਹੁੰਦਾ, ਫਿਰ ਮੂਲ ਵਾਸੀਆਂ ਬਾਰੇ ਕਿਤਾਬ ਲਿਖਣ ‘ਤੇ ਮੈਡਮ ਚੋਹਕਾ ਨੂੰ ਵਧਾਈ ਦਿੱਤੀ। ਰਾਜਿੰਦਰ ਕੌਰ ਚੌਂਹਕਾ ਤੇ ਸਭਾ ਦੀ ਕਾਰਜਕਾਰੀ ਕਮੇਟੀ ਮੈਂਬਰਾਂ ਵੱਲੋਂ ਕਿਤਾਬ ‘ਕਨੇਡਾ ਦੇ ਮੂਲ ਵਾਸੀਆਂ ਦੀ ਗਾਥਾ’ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਲੋਕ ਅਰਪਣ ਕੀਤੀ ਗਈ।
.            ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗੁਰਲਾਲ ਸਿੰਘ ਰੂਪਾਲੋ ਨੇ ਆਪਣੀ ਖੂਬਸੂਰਤ ਰਚਨਾ ‘ਮਾਰਨ ਵਾਲੇ ਮਾਰ ਗਏ’ ਨਾਲ ਕੀਤੀ,ਗੁਰਦੀਪ ਲੋਪੋ ਨੇ ‘ਕੁਝ ਲੋਕ ਹੱਸ ਕੇ ਮੁਸੀਬਤਾਂ ਨੂੰ ਝੱਲ ਜਾਂਦੇ’, ਤੇਜਾ ਸਿੰਘ ਪ੍ਰੇਮੀ ਨੇ ‘ਪਿੰਡ ਦੀ ਫਿਰਨੀ’ ਭਾਵ ਪੂਰਕ ਕਵਿਤਾ, ਸਰਦੂਲ ਲੱਖਾਂ ਨੇ ‘ਉਹ ਕਹਾਣੀ’ ਤੇ ‘ਪਾਸ਼ ਵੱਡਾ ਕਿ ਕਵਿਤਾ’ ਛੋਟੀਆਂ ਪਰ ਅਰਥ ਭਰਪੂਰ ਕਵਿਤਾਵਾਂ ਸੁਣਾਈਆਂ, ਜਰਨੈਲ ਤੱਗੜ ਨੇ ‘ਜੋ ਦੇਸ਼ ਕੌਮ ਲਈ ਮਰਦੇ ਹਨ’, ਮਾਸਟਰ ਬਚਿੱਤਰ ਸਿੰਘ ਗਿੱਲ ਨੇ ‘ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ’ ਬਾਬੂ ਰਾਜਬਁਲੀ ਦੀ ਕਵੀਸ਼ਰੀ ਬੜੇ ਜੋਸ਼ ਨਾਲ ਸੁਣਾ ਕੇ ਵਾਹ ਵਾਹ ਖੱਟੀ। ਤਰਲੋਚਨ ਸੈਂਭੀ ਨੇ ਮੂਲ ਵਾਸੀਆਂ ਦੀ ਗੱਲ ਕੀਤੀ ਤੇ ‘ਸਾਹਾਂ ਚ ਸੁਗੰਧੀਆਂ ਨੇ’ ਗੀਤ ਬੁਲੰਦ ਆਵਾਜ਼ ਵਿੱਚ ਸੁਣਾਇਆ,ਸੁਖਵਿੰਦਰ ਸਿੰਘ ਤੂਰ ਨੇ ਬਹੁਤ ਹੀ ਭਾਵਪੂਰਵ ਮੂਲ ਨਿਵਾਸੀਆਂ ਬਾਰੇ ਰਚਨਾ ‘ਮੈਂ ਕਬਰਾਂ ਵਿੱਚ ਬੋਲਦੀ’ ਪੇਸ਼ ਕੀਤੀ।ਜਸਵੀਰ ਸਿੰਘ ਸਹੋਤਾ ਨੇ ‘ਇਹ ਇੱਕ ਨਹੀਂ ਵਿਸ਼ਾ’ ਅਰਥ ਭਰਪੂਰ ਕਵਿਤਾ ਸੁਣਾਈ। ਮਨਮੋਹਨ ਸਿੰਘ ਬਾਠ ਨੇ ‘ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ’ ਉਦਾਸ ਰੰਗ ਦਾ ਗੀਤ ਸੁਣਾਇਆ, ਪਰਮਿੰਦਰ ਰਮਨ ਢੁਡੀਕੇ ਨੇ ‘ਬੋਲਦੇ ਸ਼ਬਦ’ ਬਹੁਤ ਹੀ ਸੰਜੀਦਾ ਕਵਿਤਾ ਸੁਣਾਈ।ਪਰਮਜੀਤ ਸਿੰਘ ਭੰਗੂ (ਸ਼ਿਵਾਲਿਕ ਟੀਵੀ) ਨੇ ‘ਕਨੇਡਾ ਦੇ ਮੂਲ ਵਾਸੀਆਂ ਦੀ ਗਾਥਾ’ ਕਿਤਾਬ ਬਾਰੇ ਕਿਹਾ ਕਿ ਲੇਖਿਕਾ ਨੇ ਮਨੁੱਖਤਾ ਨੂੰ ਉੱਪਰ ਚੁੱਕਣ ਦੀ ਨੀਤੀ ਨਾਲ ਇਹ ਕਿਤਾਬ ਲਿਖੀ ਹੈ ਤੇ ਇੱਕ ਗੀਤ ‘ਮੈਂ ਬੋਲੀ ਦੇਸ਼ ਪੰਜਾਬ ਦੀ ਹਾਂ’ ਸੁਣਾਇਆ।ਦਰਸ਼ਨ ਸਿੰਘ ਬਰਾੜ ਨੇ ‘ਚਾਰ ਦਿਨਾਂ ਦਾ ਮੇਲਾ’ ਗੀਤ ਤੇ ਇੰਜ ਜੀਰ ਸਿੰਘ ਬਰਾੜ ਨੇ ‘ਬਦਲਾਓ’ ਦੀ ਗੱਲ ਕੀਤੀ।  ਬਲਵੀਰ ਗੋਰਾ ਨੇ ‘ਸਾਡੇ ਪਿੰਡ ਦਿਆਂ ਲੋਕਾਂ ਵਿੱਚ ਹੁੰਦਾ ਸੀ ਪਿਆਰ’ ਗੀਤ ਸੁਣਾਇਆ ਤੇ ਸਭਾ ਦਾ ਕਾਰਜਕਾਰੀ ਰਜਿਸਟਰ ਨਵੇਂ ਪ੍ਰਧਾਨ ਰਣਜੀਤ ਸਿੰਘ ਨੂੰ ਸੌਂਪਿਆ। ਚਾਹ ਪਾਣੀ ਦੀ ਸੇਵਾ ਗੁਰਮੀਤ ਕੌਰ ਕੁਲਾਰ ਤੇ ਤਸਵੀਰਾਂ ਰਾਹੀਂ ਮੀਟਿੰਗ ਦੀ ਯਾਦਗਾਰ ਸਾਂਭਣ ਦਾ ਕੰਮ ਫਤਿਹਬੀਰ ਸਿੰਘ ਮਾਨ ਨੇ ਕੀਤਾ।ਅਵਤਾਰ ਕੌਰ ਤੱਗੜ ਵੀ ਇਸ ਮੌਕੇ ਮੀਟਿੰਗ ਵਿੱਚ ਸ਼ਾਮਿਲ ਸਨ।
.        ਅਖੀਰ ਵਿੱਚ ਨਵੇਂ ਪ੍ਰਧਾਨ ਰਣਜੀਤ ਸਿੰਘ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਜੋ 16 ਨਵੰਬਰ ਨੂੰ ਹੈ।ਉਸ ਉੱਤੇ ਆਉਣ ਲਈ ਸਭ ਨੂੰ ਸੱਦਾ ਦਿੱਤਾ।