ਵਿੰਨੀਪੈਗ (ਸੁਰਿੰਦਰ ਮਾਵੀ, ਨਰੇਸ਼ ਸ਼ਰਮਾ)–ਪਿਛਲੇ ਦਿਨੀਂ ਵਿੰਨੀਪੈਗ ਦੇ ਸੇਵਨ ਓਕਸ ਪਰਫਾਰਮਿੰਗ ਆਰਟਸ ਸੈਂਟਰ ਵਿਚ “ਫੋਲਕ ਐਂਡ ਫਿਊਜ਼ਨ” ਨਾਮੀ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ 12 ਦੇਸਾਂ ਦੀਆਂ 15 ਟੀਮਾਂ ਦੇ 134 ਕਲਾਕਾਰਾਂ ਨੇ ਭਾਗ ਲਿਆ. ਅੰਮ੍ਰਿਤ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਨੀਟੋਬਾ ਦੇ ਸ਼ਹਿਰ ਵਿਨੀਪੈਗ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਕਲਚਰ ਐਕਸਚੇਂਜ ਤਹਿਤ ਪ੍ਰੋਗਰਾਮ ਕਰਵਾਇਆ ਗਿਆ . ਜਿਸ ਵਿਚ ਵੱਖ-ਵੱਖ ਸਭਿਆਚਾਰ ਨਾਲ ਸਬੰਧਿਤ ਵੰਨਗੀਆਂ ਪੇਸ਼ ਕੀਤੀਆਂ .
ਇਨ੍ਹਾਂ ਲੋਕ-ਨਾਚਾਂ ਵਿਚ ਟੀਮ ਫਿਲੀਪਾਈਨ , ਪੁਰਤਗਾਲ, ਅਫ਼ਗ਼ਾਨਿਸਤਾਨ, ਰਵਾਂਡਾ, ਚੀਨ, ਈਰਾਨ, ਪੋਲੈਂਡ, ਇਥੋਪੀਆ, ਸਰਬੀਆ , ਯੁਕਰੇਨ ਅਤੇ ਭਾਰਤ ਤੋਂ ਚਾਰ ਟੀਮਾਂ ਵੱਲੋਂ ਭਾਗ ਲਿਆ ਗਿਆ। ਸਭ ਟੀਮਾਂ ਨੇ ਆਪਣੇ ਆਪਣੇ ਰਿਵਾਇਤੀ ਕੱਪੜੇ ਪਾਏ ਹੋਏ ਸਨ ਤੇ ਉਨ੍ਹਾਂ ਨੇ ਆਪਣੇ ਕਲਚਰ ਨਾਲ ਸਬੰਧਿਤ ਲੋਕ ਨਾਚ ਪੇਸ਼ ਕੀਤੇ. ਟੀਮ ਈਰਾਨ ਵੱਲੋਂ ਕਿਸਾਨਾਂ ਨਾਲ ਸਬੰਧਿਤ ਗਿੱਲਆਕੀ ਲੋਕ ਨਾਚ ਪੇਸ਼ ਕੀਤਾ , ਅਫ਼ਗ਼ਾਨਿਸਤਾਨ ਵੱਲੋਂ ਕਰਸਾਂਕੇ ਲੋਕ ਨਾਚ , ਟੀਮ ਕੇਰਲਾ ਵੱਲੋਂ ਤਾਤਵਾਮਾਸੀ ਲੋਕ ਨਾਚ ‘ਤੇ ਕੂਚੀ ਪੁਡੀ ਲੋਕ ਨਾਚ ਪੇਸ਼ ਕੀਤਾ ,ਟੀਮ ਰਵਾਂਡਾ ਵੱਲੋਂ ਇਨਤੋਰੇ , ਟੀਮ ਇਥੋਪੀਆ ਵੱਲੋਂ ਅਰੋਮੋ ਲੋਕ ਨਾਚ , ਯੁਕਰੇਨ ਵਾਲੋਂ ਹੋਪਾਕ ਨਾਮੀ ਲੋਕ ਨਾਚ , ਟੀਮ ਪੋਲੈਂਡ ਵੱਲੋਂ ਵੀਰਾ ਸਤਿਟੂ ਅਤੇ ਗੋਰਾਸਕੀ ਨਾਮੀ ਲੋਕ ਨਾਚ ਪੇਸ਼ ਕੀਤੇ ਗਿਆ . ਟੀਮ ਚੀਨ ਵੱਲੋਂ ਗੀਤ ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ ਟੀਮ ਬਾਲੀਵੁੱਡ ਵੱਲੋਂ ਵੀ ਹਿੰਦੀ ਗੀਤਾਂ ਤੇ ਖ਼ੂਬ ਸੂਰਤ ਡਾਂਸ ਪੇਸ਼ ਕੀਤਾ ਗਿਆ . ਟੀਮ ਪੰਜਾਬ ਵੱਲੋਂ ਝੂਮਰ ਅਤੇ ਗਿੱਧਾ ਪੇਸ਼ ਕੀਤਾ ਗਿਆ। ਪੰਜਾਬਣ ਦੇ ਗਿੱਧੇ ਨੇ ਵਿਨੀਪੈਗ ਵਾਲਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਪੋਲੈਂਡ ਲੋਕ ਨਾਚ , ਯੁਕਰੇਨ ਲੋਕ ਨਾਚ ਅਤੇ ਇਥੋਪੀਆ ਦੇ ਲੋਕ ਨਾਚ ਨੇ ਵੀ ਵਾਗ ਵਾਗ ਖੱਟੀ।
ਪ੍ਰਭ ਨੂਰ ਸਿੰਘ ਅਤੇ ਕੋਮਲ ਸੰਘਾ ਦਾ ਮੰਚ ਸੰਚਾਲਨ ਲੋਕਾਂ ‘ਤੇ ਸੋਹਣੀ ਛਾਪ ਛੱਡ ਗਿਆ। ਗੁਰਸ਼ਰਨ ਸਿੰਘ ਨੇ ਪ੍ਰੋਗਰਾਮ ਚਲਾਉਣ ਲਈ ਆਪਣਾ ਯੋਗਦਾਨ ਪਾਇਆ ਮੈਨੀਟੋਬਾ ਦੀ ਇਮੀਗਰੇਸ਼ਨ ਮੰਤਰੀ ਮਲਾਇਆ ਮਾਰਸਿਲਿਨੋ ਨੇ ਆਪਣੀ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਇਨਾਮਾਂ ਦੀ ਵੰਡ ਵੀ ਕੀਤੀ,ਇਸ ਤੋਂ ਇਲਾਵਾ ਐਨ ਐਲ ਏ ਦਿਲਜੀਤ ਪਾਲ ਬਰਾੜ, ਐਮ ਐਲ ਏ ਮਿੰਟੂ ਸੰਧੂ , ਐਮ ਐਲ ਏ ਜੈਨੀਫ਼ਰ ਚੇਨ, ਸਿਟੀ ਕਾਉਂਸਲਰ ਦੇਵੀ ਸ਼ਰਮਾ ਅਤੇ ਐਮ ਐਲ ਏ ਜੇ ਡੀ ਦੇਵਗਨ ਨੇ ਵੀ ਆਪਣੀ ਹਾਜ਼ਰੀ ਲਵਾਈ.ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਪਰਿਵਾਰਾਂ ਸਮੇਤ ਪਹੁੰਚ ਕੇ ਹਾਲ ਵਿਚ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ ਛੱਡੀ।