ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ –
ਕਾਲੋਨਾਈਜ਼ਰ ਨੂੰ ਗ੍ਰਿਫਤਾਰ ਨਾ ਕਰਨ ‘ਤੇ ਕਮਿਸ਼ਨਰ ਦਫਤਰ ਬਾਹਰ ਮੋਰਚਾ ਲਾਉਣ ਦਾ ਐਲਾਨ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,22 ਅਕਤੂਬਰ
ਸਥਾਨਕ ਹੋਲੀ ਸਿਟੀ ਕਲੋਨੀ ਦੇ ਕਾਲੋਨਾਈਜ਼ਰ ਵਲੋਂ ਕਲੋਨੀ ਦੇ ਅੰਦਰ ਸਥਾਪਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇਤਿਹਾਸ ਗੁਰਦੁਆਰਾ ਅਦਾਲਤ ਸਾਹਿਬ ਦਾ ਕਲੋਨੀ ਦੇ ਬਾਹਰ ਲੱਗਾ ਬੋਰਡ ਪੁੱਟ ਕੇ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਵਲੋਂ ਕੇਸ ਦਰਜ਼ ਹੋਣ ਦੇ ਬਾਵਜੂਦ ਪਿਛਲੇ ਛੇ ਮਹੀਨਿਆਂ ਤੋਂ ਕਾਲੋਨਾਈਜ਼ਰ ਅਤੇ ਹੋਰ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨ ਵਿਰੁੱਧ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਇਸਨੂੰ ਤੇ ਇਸਦੇ ਸਾਥੀਆਂ ਨੂੰ ਤੁਰੰਤ ਗਿ੍ਫਤਾਰ ਨਾ ਕੀਤਾ ਗਿਆ ਤਾਂ ਸਿੱਖ ਸੰਗਤਾਂ ਵਲੋਂ ਬੇਅਦਬੀ ਨੂੰ ਲੈ ਕੇ ਸੜਕੀ ਆਵਾਜਾਈ ਰੋਕੀ ਜਾਵੇਗੀ ਅਤੇ ਕਮਿਸ਼ਨਰ ਪੁਲਿਸ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਗੁਰਦੁਆਰਾ ਸਾਹਿਬ ਵਿਖੇ ਇੱਕ ਮੀਟਿੰਗ ਕਰਕੇ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਹਲ,ਸੁਰਿੰਦਰਪਾਲ ਸਿੰਘ ਮਾਹਲ,ਜਗਜੀਤ ਸਿੰਘ ਰੰਧਾਵਾ,ਗੁਰਜੀਤ ਸਿੰਘ ਰੰਧਾਵਾ ਅਤੇ ਸੁਖਬੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਸ਼ਰੇਆਮ ਕਲੋਨੀ ਵਿੱਚ ਗੁੰਮ ਰਹੇ ਹਨ ਅਤੇ ਕਾਲੋਨਾਈਜ਼ਰ ਹਰਿੰਦਰ ਸਿੰਘ ਤੇ ਉਸਦੇ ਸਾਥੀਆਂ ਨੂੰ ਪੁਲਿਸ ਵਲੋਂ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ।
ਉਹਨਾਂ ਕਿਹਾ ਕਿ ਉਹ ਇਨਸਾਫ਼ ਲਈ ਪਿਛਲੇ ਕਈ ਮਹੀਨਿਆਂ ਤੋਂ ਵੱਖ ਵੱਖ ਅਫਸਰਾਂ ਕੋਲ ਫਰਿਆਦ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਦੋਖੀ ਕਾਲੋਨਾਈਜ਼ਰ ਸ਼ਰੇਆਮ ਕਲੋਨੀ ਵਿੱਚ ਘੁੰਮ ਰਿਹਾ ਹੈ ਅਤੇ ਲੋਕਾਂ ਨੂੰ ਡਰਾ ਧਮਕਾ ਰਿਹਾ ਹੈ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਜੋ ਉਸਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਮੱਠ ਵਰਤੀ ਤਾਂ ਲੋਕ ਮੁੜ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਗੇ। ਉਹਨਾਂ ਦੱਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦਾ ਬੋਰਡ ਕਲੋਨੀ ਦੇ ਬਾਹਰ ਸਰਕਾਰੀ ਜਗਾ ਉਪਰ ਲਗਾਇਆ ਗਿਆ ਸੀ ਤਾਂ ਜੋ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਬਾਰੇ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਇਹ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਹੈ ਇਥੇ ਗੁਰੂ ਸਾਹਿਬ ਨੇ ਅਦਾਲਤ ਲਗਾਈ ਸੀ। ਉਹਨਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਦੋਖੀ ਨੂੰ ਕਿਸੇ ਰੂਪ ਵਿਚ ਕੋਈ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਤਾਦਾਤ ਵਿੱਚ ਹੋਰ ਸਿੱਖ ਜਥੇਬੰਦੀਆਂ ਨਾਲ ਮਿਲਕੇ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਜੇਕਰ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਇਸ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਤਾਂ ਹਾਲਾਤ ਵਿਗੜ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸਾਡੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਗਈ ਹੈ ਇਸਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੜਕੀ ਆਵਾਜਾਈ ਰੋਕੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਦੋਸ਼ੀਆਂ ਵਿਰੁੱਧ ਧਾਰਾ 295,379,34 ਆਈ ਪੀ ਸੀ ਤਹਿਤ ਕੇਸ ਵੀ ਦਰਜ਼ ਹੈ।