Headlines

ਸਰੀ ਨਾਰਥ ਤੋਂ ਜੇਤੂ ਰਹੇ ਮਨਦੀਪ ਧਾਲੀਵਾਲ ਵਲੋਂ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ

ਸਰੀ ( ਦੇ ਪ੍ਰ ਬਿ)- ਸਰੀ ਨਾਰਥ ਤੋਂ ਬੀਸੀ ਕੰਸਰਵੇਟਿਵ ਦੇ ਜੇਤੂ ਰਹੇ ਨੌਜਵਾਨ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ ਨੇ ਆਪਣੀ ਜਿੱਤ ਤੇ ਪਾਰਟੀ ਵਲੰਟੀਅਰਾਂ, ਸਮਰਥਕਾਂ ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਆਪਣੀ ਜਿੱਤ ਉਪਰੰਤ ਬੌਂਬੇ ਬੈਂਕੁਇਟ ਹਾਲ ਵਿਖੇ ਮਨਾਏ ਗਏ ਜੇਤੂ ਜਸ਼ਨ ਦੌਰਾਨ ਉਹਨਾਂ ਆਪਣੇ ਸਮਰਥਕਾਂ ਤੇ ਪਾਰਟੀ ਵਲੰਟੀਅਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਉਹਨਾਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿੱਤ ਵਿਚ ਜਿਹਨਾਂ ਵੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਯੋਗਦਾਨ ਪਾਇਆ,ਉਹਨਾਂ ਦੇ ਉਹ ਸਦਾ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਲੋਕਾਂ ਦੇ ਪਿਆਰ ਤੇ ਸਾਥ ਤੋਂ ਬਿਨਾਂ ਐਨ ਡੀ ਪੀ ਦੇ ਮਜ਼ਬੂਤ ਗੜ ਵਾਲੀ ਸੀਟ ਨੂੰ ਜਿੱਤਣਾ ਆਸਾਨ ਨਹੀ ਸੀ। ਉਹਨਾਂ ਕਿਹਾ ਕਿ ਲੋਕਾਂ ਨੇ ਜੋ ਉਹਨਾਂ ਉਪਰ ਵਿਸ਼ਵਾਸ ਪ੍ਰਗਟ ਕੀਤਾ ਹੈ, ਉਸਦਾ ਮਾਣ ਰੱਖਣਗੇ ਤੇ ਹਲਕੇ ਦਾ ਹਰ ਕੰਮ ਹਲਕੇ ਦੇ ਲੋਕਾਂ ਦੀ ਸਲਾਹ ਤੇ ਸਹਿਯੋਗ ਨਾਲ ਕਰਨਗੇ।