ਘਟਨਾ ਨਥਾਣਾ ਨਜਦੀਕ ਪਿੰਡ ਕਲਿਆਣ ਸੁੱਖਾ ਦੀ-
ਬਠਿੰਡਾ (ਰਾਮ ਸਿੰਘ ਕਲਿਆਣ)-
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੀਡਰਾਂ ਤੇ ਸਰਕਾਰਾਂ ਵੱਲੋਂ ਸਮੇਂ ਸਮੇਂ ਉੱਤੇ ਵਾਅਦੇ ਕੀਤੇ ਜਾਂਦੇ ਹਨ ਪਰ ਹਾਲੇ ਤੱਕ ਉਹਨਾਂ ਵਾਅਦਿਆਂ ਨੂੰ ਅਸਲੀ ਜਾਮਾ ਨਹੀਂ ਪਹਿਨਾਇਆ ਗਿਆ , ਜਿਸ ਕਰਕੇ ਮੌਜੂਦਾ ਸਮੇਂ ਵੀ ਨੌਜਵਾਨ ਚਿੱਟੇ ਦੀ ਭੇਂਟ ਚੜ ਰਹੇ ਹਨ ।ਜਿਸ ਦੀ ਤਾਜ਼ਾ ਮਿਸ਼ਾਲ ਬਠਿੰਡਾ ਜਿਲੇ ਦੇ ਬਲਾਕ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਤੇ ਬੱਸ ਸਟੈਂਡ ਨਜ਼ਦੀਕ ਬਣੇ ਬਾਥਰੂਮ ਵਿੱਚੋਂ 21 ਅਕਤੂਬਰ ਦੀ ਸਾਮ ਨੂੰ ਕਰੀਬ 6 ਵਜੇ ਬਾਹਰਲੇ ਪਿੰਡ ਦਾ ਅਗਿਆਤ ਨੌਜਵਾਨ ਚਿੱਟੇ ਦਾ ਟੀਕਾ ਲਗਾਉਣ ਕਾਰਨ ਬੇਹੋਸ਼ ਹੋ ਗਿਆ ਤੇ ਸਰਿੰਜ ਉਸ ਦੀ ਬਾਂਹ ਵਿੱਚ ਹੀ ਰਹਿ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਬੱਸ ਸਟੈਂਡ ਕਲਿਆਣ ਸੁੱਖਾ ਵਿਖੇ ਸਬਜੀ ਵੇਚਣ ਲਈ ਆਉਂਦਾ ਸੀ ਤੇ ਬੀਤੀ ਸਾਮ ਬਾਥਰੂਮ ਵਿੱਚ ਚਲਾ ਗਿਆ ਜਦੋਂ ਕਰੀਬ ਇੱਕ ਘੰਟਾ ਉਹ ਬਾਹਰ ਨਾ ਆਇਆ ਤਾਂ ਨੇੜੇ ਬੈਠੇ ਪਿੰਡ ਦੇ ਲੋਕਾਂ ਵੱਲੋਂ ਕੁੰਡਾ ਖੜਕਾਇਆ ਗਿਆ ਪਰ ਕੁੰਡਾ ਨਾ ਖੋਲਣ ਕਾਰਨ ਪਿੰਡ ਵਾਸੀਆਂ ਨੇ ਬਾਥਰੂਮ ਵਿੱਚ ਵੜ ਕੇ ਵੇਖਿਆ ਤਾਂ ਉਕਤ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੇ ਉਸਦੇ ਬਾਂਹ ਵਿੱਚ ਟੀਕਾ ਲੱਗਿਆ ਹੋਇਆ ਸੀ ਜਿਸ ਨੂੰ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਐਂਬੂਲੈਂਸ ਮੰਗਵਾ ਕੇ ਇਲਾਜ ਲਈ ਭੇਜਿਆ ਗਿਆ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦਾ ਸਬੰਧ ਜਿੱਲਾ ਫਰੀਦਕੋਟ ਦੇ ਪਿੰਡ ਪੰਜਗਰਾਈ ਨਾਲ ਦੱਸਿਆ ਜਾ ਰਿਹਾ ਹੈ ਜੋ ਪਿੰਡ ਮਲੂਕਾ ਵਿਖੇ ਰਹਿ ਰਿਹਾ ਸੀ ।