Headlines

ਪੁਸਤਕ ਪੜਚੋਲ:- ਬਰਫ਼ ‘ਚ ਉੱਗੇ ਅਮਲਤਾਸ-ਗੁਰਿੰਦਰਜੀਤ ਦੀ ‘ਬਿੰਬਾਬਲੀ’ ਦੇ ਵਿਲੱਖਣ ਬਿੰਬ ਤੇ ਪ੍ਰਤੀਕ

ਡਾ. ਸੁਖਦੇਵ ਸਿੰਘ ਝੰਡ-ਫ਼ੋਨ : +1 647-567-9128

ਗੁਰਿੰਦਰਜੀਤ ਸਿਵਲ ਇੰਜੀਨੀਅਰ ਤੇ ਸੌਫ਼ਟਵੇਅਰ ਇੰਜੀਨੀਅਰ ਹੈ, ਕਵੀ ਤੇ ਵਾਰਤਾਕਾਰ ਹੈ, ਸਫ਼ਲ ਮੰਚ-ਸੰਚਾਲਕ ਹੈ। ਸਿਵਲ ਇੰਜੀਨੀਅਰਿੰਗ ਦੀ ਬੈਚੁਲਰ ਡਿਗਰੀ ਉਸ ਨੇ ਗੁਰੂ ਨਾਨਕ ਇੰਜੀਨੀਅਰਰਿੰਗ ਕਾਲਜ, ਲੁਧਿਆਣਾ ਤੋਂ ਲਈ। ਟਾਊਨ-ਪਲੈਨਿੰਗ ਵਿੱਚ ਪੋਸਟ ਗਰੈਜੂਏਟ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹਾਸਲ ਕੀਤੀ। ਦੋ ਸਾਲ ਆਰਕੀਟੈਕਚਰ ਵਿਭਾਗ ‘ਚ ਪੜ੍ਹਾਇਆ ਵੀ ਤੇ ਫਿਰ ਘਰ ਪਰਤਣ ਦੀ ਬਜਾਏ 1993 ਵਿੱਚ ਉਹ “ਬਾਹਰ” ਆ ਗਿਆ। ਅਮਰੀਕਾ ਦੀ ਨਾਰਥ ਈਸਟਰਨ ਯੂਨੀਵਰਸਿਟੀ, ਬੌਸਟਨ ਤੋਂ ਕੰਪਿਊਟਰ ਐਂਡ ਇਨਫ਼ਰਮੇਸ਼ਨ ਨਾਲ ਸਬੰਧਿਤ ਡਿਗਰੀ ਲੈ ਕੇ ‘ਸੌਫ਼ਟਵੇਅਰ ਇੰਜੀਨੀਅਰ’ ਬਣ ਗਿਆ ਤੇ ਕਨੇਡਾ ਦੇ ਸ਼ਹਿਰ ਮਾਂਟਰੀਆਲ ਜਾ ਵੱਸਿਆ। ਉਹ ਕਨੇਡੀਅਨ ਨੈਸ਼ਨਲ ਰੇਲ (CN Rail), ਆਈ.ਬੀ.ਐਮ.(IBM) ‘ਚ ਸੇਵਾਂਵਾਂ ਨਿਭਾਉਣ ਤੋਂ ਬਾਦ  ‘ਮੈਰਿਟਿਵ’ (ਸੌਫ਼ਟਵੇਅਰ ਕੰਪਨੀ) ‘ਚ ਕਨੇਡੀਅਨ ਸੇਵਾਵਾਂ ਦਾ ਮੁਖੀ ਹੈ।

ਮੈਂ ਗੁਰਿੰਦਰਜੀਤ ਨੂੰ 1990-91 ਤੋਂ ਜਾਣਦਾ ਹਾਂ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਯੂਨੀਵਰਸਿਟੀ ਦੇ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈੱਕਚਰ ਵਿੱਚ ਪੜ੍ਹਦਾ/ ਪੜ੍ਹਾਉਂਦਾ ਸੀ। ਹੋਸਟਲ ਵਿੱਚ ਉਦੋਂ ਸੀਮਤ ਸੀਟਾਂ ਹੋਣ ਕਾਰਨ ਉਹ ਤੇ ਬਿਕਰਮਜੀਤ ਸੇਖੋਂ ਮੇਰੇ ਘਰ ਦੇ ਚੁਬਾਰੇ ਵਿੱਚ ਦੋ-ਤਿੰਨ ਸਾਲ ਕਿਰਾਏਦਾਰ ਰਹੇ। ਮੈਂ ਉਸ ਸਮੇਂ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਸੇਵਾ ਨਿਭਾਅ ਰਿਹਾ ਸੀ ਅਤੇ ਇਸ ਤਰ੍ਹਾਂ ਮੇਰੀ ਉਨ੍ਹਾਂ ਦੋਹਾਂ ਨਾਲ ਕਾਫ਼ੀ ਨੇੜਤਾ ਹੋ ਗਈ। ਦੋਹਾਂ ਨੂੰ ਕਲਾ ਤੇ ਸੱਭਿਆਚਾਰ ਨਾਲ ਡੂੰਘਾ ਪਿਆਰ ਸੀ ਅਤੇ ਉਹ ਯੂਨੀਵਰਸਿਟੀ ਦੇ ਯੂਥ-ਫ਼ੈੱਸਟੀਵਲਾਂ ਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦਾ ਵਿਭਾਗ ਇਨ੍ਹਾਂ ਸਮਾਗ਼ਮਾਂ ਵਿੱਚ ਅਕਸਰ ਜੇਤੂ ਹੋਇਆ ਕਰਦਾ ਸੀ। ਜਲੰਧਰ ਤੋਂ ਉਨ੍ਹਾਂ ਦਾ ਦੋਸਤ ਅੱਜ ਦਾ ਮਸ਼ਹੂਰ ਫ਼ਿਲਮ ਐੱਕਟਰ ਗੁਰਪ੍ਰੀਤ ਘੁੱਗੀ ਕਈ ਵਾਰ ਉਨ੍ਹਾਂ ਨੂੰ ਮਿਲਣ ਆ ਜਾਂਦਾ ਸੀ।

ਲੱਗਦੈ, ਗੁਰਿੰਦਰਜੀਤ ਬਾਰੇ ਤਾਂ ਕਾਫ਼ੀ ਗੱਲ ਹੋ ਗਈ ਏ। ਹੁਣ ਉਸ ਦੀ ਪਲੇਠੀ ਪੁਸਤਕ ‘ਬਰਫ਼ ‘ਚ ਉੱਗੇ ਅਮਲਤਾਸ’ ਦੇ ਬਿੰਬਾਂ ਬਾਰੇ ਕੁਝ ਗੱਲ ਕਰੀਏ। ਇਹ ਉਸਦੀ ਕਾਵਿ-ਮਈ ਵਾਰਤਕ ਹੈ ਜਿਸ ਵਿੱਚ ਉਸ ਨੇ ਆਪਣੇ ਬਚਪਨ ਤੋਂ ਲੈ ਕੇ ਅਮਰੀਕਾ/ਕਨੇਡਾ ‘ਚ ਵਿਚਰਨ ਦੀ ਗੱਲ ਕਾਵਿਕ ਅੰਦਾਜ਼ ‘ਚ ਕੀਤੀ ਹੈ। ਪੁਸਤਕ ਵਿੱਚ ਉਸ ਦੀ ਵਾਰਤਕ ਅਤੇ ਕਵਿਤਾ ਪੂਰੀ ਤਰ੍ਹਾਂ ਇੱਕ-ਮਿੱਕ ਹੋਈਆਂ ਲੱਗਦੀਆਂ ਹਨ। ਵਾਰਤਕ ਵਿੱਚ ਚੱਲਦੀ ਉਸ ਦੀਆਂ ਸੋਚਾਂ ਦੀ ਲੜੀ ਕਦੋਂ ਕਵਿਤਾ ਦੇ ‘ਟਰੈਕ’ ਵਿੱਚ ਚਲੇ ਜਾਂਦੀ ਹੈ, ਇਸ ਦਾ ਪਤਾ ਹੀ ਨਹੀਂ ਲੱਗਦਾ। ਉਹ ਆਪਣੀ ਗੱਲ ਆਪਣੇ ਪਿੰਡ ਅਤੇ ਪਿੰਡ ਵਿਚਲੇ ਸਕੂਲ ਦੇ ਦਿਨਾਂ ਤੋਂ ਸ਼ੁਰੂ ਕਰਦਾ ਹੈ। ਉਹ ਦੱਸਦਾ ਹੈ ਕਿ ਪਿੰਡ ਵਿਚ ਪ੍ਰਾਇਮਰੀ ਸਕੂਲ ਅਤੇ ਗੁਰਦੁਆਰਾ ਬਿਲਕੁਲ ਲਾਗੋ-ਲਾਗ ਸਨ। ਗੁਰਦੁਆਰੇ ਵਿੱਚ ਜਦੋਂ ਅਖੰਡ-ਪਾਠ ਹੁੰਦੇ ਸਨ ਤਾਂ ‘ਨਿੱਕੂ ਭਗਤ’ ਦੇ ਰੂਪ ਵਿੱਚ ਉਹ ਅਤੇ ਹੋਰ ਮੁੰਡੇ ਸਕੂਲੋਂ ਭੱਜ ਕੇ ਗੁਰਦੁਆਰੇ ‘ਕੜਾਹ-ਪ੍ਰਸ਼ਾਦ’ ਦੀ ਦੇਗ਼ ਲੈਣ ਚਲੇ ਜਾਂਦੇ ਸਨ। ਨਿੱਕੂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਘੜੀ-ਮੁੜੀ ਪ੍ਰਸ਼ਾਦ ਲੈਣ ਨੂੰ ਉਹ ਬੜੇ ਖ਼ੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦਾ ਹੈ :

ਤਲ਼ੀਆਂ ਪੂੰਝ

ਨਿੱਕੂ ਮੁੜਿਆ

ਪ੍ਰਸ਼ਾਦ ਵਾਲਾ ਬਾਬਾ ਘੂਰੇ           (ਪੰਨਾ-19)

ਆਪਣੇ ਸਕੂਲ ਦੇ ਸਾਥੀਆਂ ਨਾਲ ਨਿੱਕੂ ‘ਪ੍ਰਭਾਤ-ਫੇਰੀਆਂ’ ਤੇ ‘ਨਗਰ-ਕੀਰਤਨਾਂ’ ਵਿੱਚ ਸ਼ਾਮਲ ਹੁੰਦਾ। ਨਗਰ-ਕੀਰਤਨ ਵਿੱਚ ਕਵਿਤਾਵਾਂ ਸੁਣਾਉਂਦਾ ਭਾਵੇਂ ਉਸ ਦੀ ਆਵਾਜ਼ ਮਾਈਕ੍ਰੋਫ਼ੋਨ ਤੱਕ ਮਸਾਂ ਹੀ ਪਹੁੰਚਦੀ ਤੇ ਕਦੇ ਨਾ ਵੀ ਪਹੁੰਚਦੀ। ਇਸ ਦੌਰਾਨ ਉਹ ‘ਕਵੀਆਂ’ ਵਿੱਚ ਸ਼ਾਮਲ ‘ਤਿੰਨ ਜਣਿਆਂ’ ਨੂੰ ਇਨਾਮ ਵਿੱਚ ਮਿਲੇ ਤਿੰਨ ਰੁਪਿਆਂ ਦੀ ਗੱਲ ਬਾਖ਼ੂਬੀ ਕਰਦਾ ਹੈ ਜੋ ਉਨ੍ਹਾਂ ਨੇ ‘ਕਾਵਿ-ਭੇਟ’ ਦੇ ਰੂਪ ਵਿੱਚ ਆਪਸ ਵਿੱਚ ਵੰਡਣ ਦੀ ਬਜਾਏ ‘ਦੇਗ਼’ ਛਕਣ ਲਈ ਮੁੜ ‘ਮੱਥਾ’ ਟੇਕ ਦਿੱਤਾ।

ਪੁਸਤਕ ਵਿੱਚ ਪਿੰਡ ਵਿੱਚ ਵਗਦੇ ਵੇਲਣਿਆਂ ਦੁਆਲੇ ਜੁੜੇ ਹੋਏ ਵਿਅੱਕਤੀਆਂ ਦਾ ਇਕੱਠ, ਗੁੜ ਦੀ ਮਿਠਾਸ ਤੇ ਖ਼ੁਸ਼ਬੋ, ਬਲ਼ਦਾਂ ਦੀਆਂ ਟੱਲੀਆਂ ਦੀ ਟੁਣਕਾਰ ਇੱਕ ਵੱਖਰਾ ਹੀ ਸੰਗੀਤਮਈ ਮਾਹੌਲ ਸਿਰਜਦੇ ਹਨ। ਇਹ ਪਿੰਡ ਦੇ ਲੋਕਾਂ ਦੀ ਆਪਸੀ ਸਾਂਝ ਤੇ ਮਿਲਵਰਤਣ ਦੇ ਖ਼ੂਬਸੂਰਤ ਪ੍ਰਤੀਕ ਬਣ ਜਾਂਦੇ ਹਨ। ਇਨ੍ਹਾਂ ਵਿੱਚ ਦੂਸਰੀ ਸੰਸਾਰ ਜੰਗ ਵਿੱਚੋਂ ਸੇਵਾ-ਮੁਕਤ ਹੋਇਆ ‘ਤਾਰਾ ਫ਼ੌਜੀ’ ਵੀ ਸ਼ਾਮਲ ਹੋ ਜਾਂਦਾ ਹੈ ਜੋ ਉਸ ਲੜਾਈ ਦੇ ਦਿਲਚਸਪ ਕਿੱਸੇ ਲੋਕਾਂ ਨੂੰ ਸੁਣਾਉਂਦਾ ਹੈ।

ਪੇਸੀ-ਪੇਸੀ ਗੁੜ ਦੀ

ਮੋਹ-ਮਿੱਠੀ ਭਾਫ਼

ਤੇ ਭੂਰ ਸ਼ੱਕਰ ਦੀ

ਬਿਖਰ ਜਾਂਦੇ ਜ਼ੱਰੇ-ਜ਼ੱਰੇ ‘ਚ

ਵਰਤ ਜਾਂਦੇ ਉਸ ਦਾ ਪ੍ਰਸ਼ਾਦ ਬਣ

‘ਵੱਰਲਡ ਵਾਰ’ ਦੇ ਉਹ ਛਣ ਚਿਤਵਦਿਆਂ                (ਪੰਨਾ-25)

ਘਰਾਂ ਦੇ ‘ਵੰਡ-ਵੰਡੀਈਏ’ ਦੌਰਾਨ ਵਿਹੜੇ ਵਿੱਚ ਉੱਸਰੀ ਹੋਈ ਦੀਵਾਰ ‘ਬਰਲਿਨ ਦੀ ਦੀਵਾਰ’ ਦੇ ਬਿੰਬ ਦੇ ਰੂਪ ਵਿੱਚ ਉੱਘੜਦੀ ਹੈ। ਇਹ ਉਸ ਨੂੰ ਬਹੁਤ ਬੁਰੀ ਲੱਗਦੀ ਹੈ ਅਤੇ ਉਹ ਇਸ ਦੇ ਢਹਿ ਜਾਣ ਦੀ ਕਾਮਨਾ ਕਰਦਾ ਹੈ:

ਵਿਹੜੇ ਵਿੱਚ ਉੱਗੀਏ ਕੰਧੇ ਨੀ

ਤੇਰੇ ਨੈਣ-ਨਕਸ਼ ਜਿਉਂ ਕੰਡੇ ਨੀ

ਤੂੰ ਵੰਡਾਂ ਪਾਉਣੋਂ ਥੱਕਦੀ ਨਾ

ਤੂੰ ਖੜੀ ਖਲੋਤੀ ਅੱਕਦੀ ਨਾ

‘ਬਰਲਿਨ ਵਾਲ’ ਜਿਉਂ ਢਹਿ ਜਾ ਨੀ

ਜਾਂ ਰਤਾ ਕੁ ਹੇਠਾਂ ਬਹਿ ਜਾ ਨੀ                     (ਪੰਨਾ-32)

ਗੁਰਿੰਦਰ ਸਕੂਲ ਵਿੱਚ ਵੱਜੀ ਹਿਸਾਬ ਵਾਲੇ ਮਾਸਟਰ ਸਵਰਨ ਸਿਹੁੰ ਦੀ ਚੁਪੇੜ ਨੂੰ ਯਾਦ ਕਰਦਾ ਹੈ ਕਿ ਕਿਵੇਂ ਉਸ ‘ਚੁਪੇੜ’ ਨੇ ਜ਼ਿੰਦਗੀ ਵਿੱਚ ਤਰਤੀਬ ਨੂੰ ਉਸ ਦੇ ਖ਼ਾਨੇ ਵਿੱਚ ਪਾ ਦਿੱਤਾ। ਇਸ ਦੇ ਨਾਲ ਹੀ ਉਹ ਦੁਖੀ ਵੀ ਹੁੰਦਾ ਜਦੋਂ ਉਹ ਵੇਖਦਾ ਹੈ ਕਿ ਮਹਿੰਗੇ ਕਥਿਤ ‘ਅੰਗਰੇਜ਼ੀ ਸਕੂਲਾਂ’ ਵਿੱਚ ਵਿਦਿਆਰਥੀਆਂ ਵੱਲੋਂ ਵਰਤੇ ਜਾਂਦੇ ਬਾਲ-ਪੈੱਨਾਂ ਨੇ ‘ਕਲਮ-ਦਵਾਤ’ ਨੂੰ ਖ਼ਤਮ ਕਰ ਦਿੱਤਾ ਹੈ। ‘ਬਾਲ-ਪੈੱਨਾਂ’ ਤੇ ‘ਦਵਾਤਾਂ ਦੇ ਡੋਕਿਆਂ’ ਦੇ ਬਿੰਬਾਂ ਨੂੰ ਪ੍ਰਸਪਰ ਵਿਰੋਧਤਾ ਵਿੱਚ ਬਹੁਤ ਹੀ ਵਧੀਆ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ :

ਮਹਿੰਗੀਆਂ ਜਮਾਤਾਂ ਦੇ

ਬਾਲ-ਪੈੱਨਾਂ ਨੇ ਖੋਹ ਲਏ

ਡੋਕੇ ਦਵਾਤਾਂ ਦੇ                                       (ਪੰਨਾ-37)

ਹਾਈ ਸਕੂਲ ਦੇ ਆਪਣੇ ਜਮਾਤੀ ‘ਜੁਗਾੜੂ ਛਿੰਦੇ’ ਦੀ ਦਿਲਚਸਪ ਗਾਥਾ ਗੁਰਰਿੰਦਰਜੀਤ ਵੱਲੋਂ ਬੜੀ ਖ਼ੂਬਸੂਰਤੀ ਨਾਲ ਬਿਆਨੀ ਗਈ ਹੈ, ਕਿਵੇਂ ਉਹ ‘ਪਿੱਦੀ ਪੀਤੂ’ (ਪ੍ਰੀਤਮ ਸਿਹੁੰ) ਨੂੰ ਆਪਣਾ ਨਕਲੀ ‘ਤਾਇਆ’ ਬਣਾ ਕੇ ਸਕੂਲ ਵਿੱਚ ਪ੍ਰਿੰਸੀਪਲ ਦੇ ਸਾਹਮਣੇ ਪੇਸ਼ ਕਰਦਾ ਹੈ ਅਤੇ ਇਸ ਦੀ ਅਸਲੀਅਤ ਦਾ ਪਤਾ ਲੱਗਣ ‘ਤੇ ਉਸ ਦੇ ਬਾਪ ਕਿਰਪਾਲ ਸਿੰਘ ਵੱਲੋਂ ਉਸ ਦੀ ਬੈਂਤ ਨਾਲ ਕਿਵੇਂ ‘ਸੇਵਾ’ ਕੀਤੀ ਜਾਂਦੀ ਹੈ।

ਨਵੀਂ ਤਕਨਾਲੋਜੀ ਦੀ ਗੱਲ ਕਰਦਿਆਂ ਗੁਰਿੰਦਰ ਕਹਿੰਦਾ ਹੈ, “ਤੀਹ ਸਾਲ ਪਹਿਲਾਂ ‘ਈ-ਮੇਲ’ ਤੱਕ ਆਮ ਲੋਕਾਂ ਦੀ ਪਹੁੰਚ ਨਹੀਂ ਸੀ ਅਤੇ ਉਸ ਦੇ ਹਮ-ਉਮਰਾਂ ਨੇ ਵੀ ਕਾਲਜ ਵਿੱਚ ਹੀ ਕੰਪਿਊਟਰ ਦੇ ਦਰਸ਼ਨ ਕੀਤੇ ਹੋਣਗੇ। ਜੀ.ਪੀ.ਐੱਸ. ਤੇ ਹੋਰ ਕੰਪਿਊਟਰੀ ਉਪਕਰਨਾਂ ਦੀ ਵਰਤੋਂ ਤਾਂ ਬਹੁਤ ਬਾਅਦ ਦੀ ਗੱਲ ਹੈ। ਪੁਸਤਕ ਦੇ ‘ਦੇਸੀ ਜੀ.ਪੀ.ਐੱਸ.’ ਵਾਲੇ ਕਾਂਡ ਵਿੱਚ ਉਹ ਅੰਮ੍ਰਿਤਸਰ ਤੋਂ ਨਵਾਂ ਸ਼ਹਿਰ ਦੇ ਨੇੜੇ ਪਿੰਡ ‘ਨੂਰਪੁਰ ਜੱਟਾਂ’ ਵਿਖੇ ਆਪਣੇ ਇੱਕ ਦੋਸਤ ਦੀ ਬਰਾਤ ਵਿੱਚ ਸ਼ਾਮਲ ਹੋਣ ਦੀ ਦਿਲਚਸਪ ਕਹਾਣੀ ਸਣਾਉਂਦਾ ਹੈ ਜਿਸ ਦੇ ‘ਐੱਡਰੈੱਸ’ ਬਾਰੇ ਅਤੇ ਆਪਣੇ ਉਸ ਦੋਸਤ ਦੇ ਸਹੁਰਾ ਸਾਹਿਬ ਦੇ ਨਾਂ ਦਾ ਵੀ ਉਸ ਨੂੰ ਕੋਈ ਪਤਾ ਨਹੀਂ ਸੀ ਅਤੇ ਉਹ ‘ਤੀਰ-ਤੁੱਕੇ’ ਲਾ ਕੇ ਉੱਥੇ ਪਹੁੰਚਣ ਵਿੱਚ ਕਿਵੇਂ ਕਾਮਯਾਬ ਹੋਇਆ। ਇਸ ਨੂੰ ਉਸ ਨੇ ‘ਦੇਸੀ ਜੀ.ਪੀ.ਐੱਸ’ ਦੇ ਪ੍ਰਤੀਕ ਦਾ ਨਾਂ ਦਿੱਤਾ ਹੈ।

ਏਸੇ ਤਰ੍ਹਾਂ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡਲਹੌਜ਼ੀ ਦੇ ਨੇੜੇ ਆਯੋਜਿਤ ਕੀਤਾ ਗਿਆ ‘ਟਰੈਕਿੰਗ ਕੈਂਪ’ ਦੀ ਯਾਦ ਵੀ ਬਾਖ਼ੂਬੀ ਆਉਂਦੀ ਹੈ ਜਿਸ ਦੌਰਾਨ ਉਨ੍ਹਾਂ ਸਾਰੇ ‘ਟਰੈਕਰਾਂ’ ਨੂੰ ਲੰਮੀਆਂ ਲੱਤਾਂ ਵਾਲੇ ‘ਲਾਲੀ’ ਦੇ ਮਗਰ-ਮਗਰ ਇੱਕ ਵੱਡੇ ਸੀਮੈਂਟ ਪਾਈਪ ਉੱਪਰ ਕਈ ਫੁੱਟ ਲੰਮੀ ‘ਘੀਸੀ’ ਕਰ ਕੇ ਪਾਰ ਕਰਕੇ ਪਹਾੜੀ ਦੇ ਦੂਸਰੇ ਪਾਸੇ ਜਾਣਾ ਪਿਆ। ਪਰ ਇੱਥੇ ਇੱਕ ਸੁਖ਼ਦ ਘਟਨਾ ਵੀ ਵਾਪਰਦੀ ਹੈ ਜਦੋਂ ਉਨ੍ਹਾਂ ਨੂੰ ਪਹਾੜੀ-ਘਰ ਵਿੱਚ ਇੱਕ ਬਜ਼ੁਰਗ ਦੇ ਪਰਿਵਾਰ ਵੱਲੋਂ ਗਰਮਾ-ਗਰਮ ਸੁਆਦਲੀ ਚਾਹ ਮਿਲਦੀ ਹੈ ਅਤੇ ਇਸ ਦੇ ਸ਼ੁਕਰਾਨੇ ਵਜੋਂ ਉਨ੍ਹਾਂ ਵੱਲੋਂ ਉਸ ਬਜ਼ੁਰਗ ਨੂੰ ਦਿੱਤੇ ਜਾਣ ਵਾਲੇ ਪੈਸਿਆਂ ਦੀ ਬਜਾਏ ਉਸ ਤੋਂ ਨਿਸ਼ਾਨੀ ਵਜੋਂ ‘ਕੜੇ’ ਦੀ ਮੰਗ ਕੀਤੀ ਜਾਂਦੀ ਜਿਸ ਨੂੰ ਗੁਰਿੰਦਰ ਵੱਲੋਂ ਬੜੇ ਸਤਿਕਾਰ ਸਹਿਤ ਪੂਰਿਆਂ ਕੀਤਾ ਗਿਆ। ਇੱਥੇ ‘ਸੁਆਦਲੀ ਗਰਮ ਚਾਹ’ ਅਤੇ ‘ਕੜਾ’ ਆਪਸੀ ਸਾਂਝ ਦੇ ਵਧੀਆ ਬਿੰਬ ਬਣ ਗਏ ਹਨ।

ਆਪਣੀ ‘ਨਾਨੀ ਮਾਂ’ (ਬੀਬੀ) ਨੂੰ ਬੌਸਟਨ ਵਿੱਚ ਯਾਦ ਕਰਦਿਆਂ ਉਸ ਨੂੰ ਚਿੱਠੀ ਲਿਖਣ ਅਤੇ ਉਸ ਦੇ ਨਾਨੀ ਤੱਕ ਨਾ ਪਹੁੰਚਣ ਦੀ ‘ਗਾਥਾ’ ਵੀ ਗੁਰਿੰਦਰ ਵੱਲੋਂ ਬੜੇ ਭਾਵਪੂਰਤ ਨਾਟਕੀ ਅੰਦਾਜ਼ ‘ਚ ਪੇਸ਼ ਕੀਤੀ ਗਈ ਹੈ। ਉਹ ਰਾਤ ਨੂੰ ਚਿੱਠੀ ਲਿਖ ਕੇ ਉਸ ਉੱਪਰ ਲੋੜੀਂਦੀਆਂ ਡਾਕ-ਟਿਕਟਾਂ ਲਾ ਕੇ ਸਵੇਰੇ ਇਸ ਨੂੰ ਪੋਸਟ ਕਰਨ ਦੇ ਖ਼ਿਆਲ ਨਾਲ ਸੌਂਦਾ ਹੈ ਪਰ ਉਸੇ ਰਾਤ ਉਸ ਦੇ ਪਿਤਾ ਜੀ ਦਾ ਪੰਜਾਬ ਤੋਂ ਫ਼ੋਨ ਆ ਜਾਂਦਾ ਹੈ ਕਿ ਬੀਬੀ ਤਾਂ ਅਗਲੇ ਸੰਸਾਰ ‘ਚ ਪਹੁੰਚ ਗਈ ਹੈ। ਇੱਥੇ ਇਸ ਘਟਨਾ ਨੂੰ ਗੁਰਿੰਦਰਜੀਤ ਵੱਲੋਂ ‘ਕੁਆਂਟਮ ਰਿਸ਼ਤਿਆਂ’ ਦੇ ਬਿੰਬ ਵਜੋਂ ਉਭਾਰਿਆ ਗਿਆ ਹੈ ਜੋ ਬਣਦੇ ਤੇ ਵਿੱਛੜਦੇ ਹਨ।

ਵਿਦੇਸ਼ ਵਿੱਚ ‘ਪਰਵਾਸ’ ਨੂੰ ਹੰਢਾਉਂਦਿਆਂ ਉਹ ‘ਬਾਪੂ ਦੇ ਸੈਕਲ’ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਾ ਹੈ। ਸਾਈਕਲ ਉਸ ਨੂੰ ਤਿੰਨ ਪੁਸ਼ਤਾਂ ਦੀ ਸਾਂਝ ਦਾ ਪ੍ਰਤੀਕ ਨਜ਼ਰ ਆਉਂਦਾ ਹੈ ਜੋ ਉਸ ਕੋਲੋਂ ਕਵਿਤਾਵਾਂ ਲਿਖਵਾਉਂਦਾ ਹੈ:

ਬਾਪੂ ਦੇ ਸੈਕਲ ਦਾ ਪਰਛਾਵਾਂ

ਕਾਰਾਂ ਦੇ ਝੁਰਮਟ ਵਿੱਚ

ਅਕਸਰ ਪਰਗਟ ਹੁੰਦਾ ਹੈ

ਪਿਤਰਾਂ ਵਾਂਗੂ ਜਾਪੇ

ਨਿਰਾ ਸਮਾਧ ਜਿਹਾ

ਤਿੰਨ ਪੁਸ਼ਤਾਂ ਦਾ ਸਾਂਝੀ

ਖ਼ਲਕਤ ਵਿੱਚ ਸਮਾਉਂਦਾ

ਨਜ਼ਮਾਂ ਆਣ ਲਿਖਵਾਉਂਦਾ         (ਪੰਨਾ-80)

ਅਗਲੇ ਅਧਿਆਇ ਵਿੱਚ ਉਹ ਕਨੇਡਾ ਵਿੱਚ ਬੱਚਿਆਂ ਦੇ ਰੂਪ ਵਿੱਚ ‘ਬਰਫ਼ ‘ਚ ਉੱਗੇ ਅਮਲਤਾਸਾਂ’, ਇੱਥੇ ‘ਭੁਰਦੇ ਪਰਿਵਾਰਾਂ’, ‘ਬੀਚ ਵੈਡਿੰਗਾਂ’ ਤੇ ‘ਚਿੜੀਆਂ ਦੇ ਚੰਬੇ’ ਦੀ ਗੱਲ ਕਰਦਾ ਹੈ।  ‘ਕਾਵਿਆਲੋਜੀ’ ਵਾਲੇ ਅਧਿਆਇ ਵਿਚ ਉਹ ਆਪਣੀਆਂ ਮੂਲ-ਕਵਿਤਾਵਾਂ ‘ਖ਼ਲਾਅ’, ‘ਮੇਰੀ ਪੱਤਝੜ’, ‘ਨਿੱਕੀ’ ਤੇ ਉਨ੍ਹਾਂ ਦੇ ਅੰਗਰੇਜ਼ੀ ਅਨੁਵਾਦਾਂ ਦੀ ਚਰਚਾ ਕਰਦਾ ਹੈ। ਏਸੇ ਤਰ੍ਹਾਂ ਅੰਗਰੇਜ਼ੀ ਵਿੱਚ ਲਿਖੀ ਗਈ ਕਵਿਤਾ ‘ਮਾਈ ਕਿੱਚਨ’ ਦੇ ਪੰਜਾਬੀ ਅਨੁਵਾਦ ‘ਮੇਰੀ ਰਸੋਈ’ ਨੂੰ ਵੱਖਰੀ ਹੀ ਰੰਗਤ ਪ੍ਰਦਾਨ ਕਰਦਾ ਹੈ ਜੋ ਪੰਜਾਬ ਦੇ ਪਿੰਡਾਂ ਦੀਆਂ ਰਸੋਈਆਂ ਦੀ ਖ਼ੂਬਸੂਰਤ ਤਰਜਮਾਨੀ ਕਰਦੀ ਹੈ। ਕਵਿਤਾਵਾਂ ਦੀਆਂ ਕਿਸਮਾਂ ‘ਤੁਰਦੀ-ਫਿਰਦੀ ਕਵਿਤਾ’, ‘ਕੱਚੀ ਕਵਿਤਾ ਪੱਕੀ ਕਵਿਤਾ’, ‘ਮੂਕ ਕਵਿਤਾ’, ‘ਢਿੱਲੀ ਕਵਿਤਾ’, ‘ਸੈਲਾਨੀ ਕਵਿਤਾ’, ‘ਇੱਕ ਇੱਕ ਕਰਦੀ ਕਵਿਤਾ’, ‘ਵੱਸਦੇ ਪਿੰਡਾਂ ਦੀ ਕਵਿਤਾ’, ਆਦਿ ਸਿਰਲੇਖਾਂ ਹੇਠ ਖ਼ੂਬਸੂਰਤ ਉਦਾਹਰਣਾਂ ਦੇ-ਦੇ ਕੇ ਬਾਖ਼ੂਬੀ ਵਿਆਖਿਆ ਕੀਤੀ ਗਈ ਹੈ। ‘ਕਾਵਿ-ਕਰੂੰਬਲਾਂ’ ਵਿੱਚ ਬੇਟੀਆਂ ਨਿਮਰਤ ਤੇ ਮਨਸੀਰਤ ਵੱਲੋਂ ਸੱਤ ਸਾਲ ਤੇ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀਆਂ ਗਈਆਂ ਭਾਵਪੂਰਤ ਕਵਿਤਾਵਾਂ ਕਾਫ਼ੀ ਦਿਲਚਸਪ ਹਨ। ਏਸੇ ਤਰ੍ਹਾਂ ਪੰਜਾਬ ਵਿੱਚ ਇਸ ਸਮੇਂ ਪੈਦਾ ਹੋਈ ਪਾਣੀ ਦੀ ਘਾਟ ਨੂੰ ਬਿਆਨ ਕਰਦੀ ਇੱਕ ਕਵਿਤਾ ਵਿੱਚ ਖੂਹ ਦੀਆਂ ‘ਪਿਆਸੀਆਂ ਟਿੰਡਾਂ’ ਨੂੰ ਖ਼ੂਬਸੂਰਤ ਬਿੰਬ ਵਜੋਂ ਬਾਖ਼ੂਬੀ ਯਾਦ ਕੀਤਾ ਗਿਆ ਹੈ:

ਲੱਜ ਡੋਲ ਗਏ

ਬੱਦਲ ਚਿੱਟਾ ਫਿਰ ਗਿਆ

ਫਿਰ ਕਦੇ ਨਾ ਪਰਤੀਆਂ

ਨਿਰਲੱਜ ਹਲਟ ਦੀਆਂ

ਪਿਆਸੀਆਂ ਟਿੰਡਾਂ।              (ਪੰਨਾ-189)

ਹਵਾ ਤੇ ਪਾਣੀ ਦੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਦੀ ਚਿੰਤਾ ਕਰਦਿਆਂ ਹੋਇਆਂ ਗੁਰਿੰਦਰਜੀਤ ਬਾਬੇ ਨਾਨਕ ਦੀ ‘ਆਰਤੀ’ ਨੂੰ ਚੇਤੇ ਕਰਦਾ ਹੈ ਜਿਸ ਵਿੱਚ ਬਾਬਾ ਜੀ ਵੱਲੋਂ ਪਵਣ ਨੂੰ ‘ਗੁਰੂ’ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ :

‘ਕਿਓਟੋ’ ਨੂੰ ਅਧਰੰਗ ਕੀ ਹੋਇਆ

ਪੌਣ ਵੀ ਮੂੰਹ ‘ਤੇ ਮਾਸਕ ਪਾਈ ਫਿਰਨ ਲੱਗੀ

ਚੰਨ ਤਾਰੇ ਧੁੰਦ ਦੀ ਬੁੱਕਲਮਾਰੀ ਬੈਠੇ ਨੇ

ਦਿਸਦੀ ਹੈ ਤਾਂ ਬੱਸ ਨੈੱਕਟਾਈ ਲਾ ਖੜੋਤੀ

ਧੌਣ ਅਕੜਾਈ ਚਿਮਨੀ

ਜਾਂ ਤਰੱਕੀ-ਗ੍ਰਾਫ਼ ‘ਤੇ

ਬੱਕਰੇ ਬੁਲਾਉਂਦਾ ਧੂੰਆਂ।            (ਪੰਨਾ-190)

‘ਦੋਗਲੀ ਕ੍ਰਾਂਤੀ’ ਦੇ ਸਿਰਲੇਖ ਹੇਠ ਉਹ ਗਾਵਾਂ, ਮੱਝਾਂ, ਕਣਕਾਂ ਤੇ ਹੋਰ ਫ਼ਸਲਾਂ ਨੂੰ ਲਗਾਏ ਗਏ ‘ਟੀਕਿਆਂ’ ਦੀ ਗੱਲ ਕਰਦਾ ਹੈ ਤੇ ਕਹਿੰਦਾ ਹੈ :

ਮੈਂ ਦਰ-ਦਰ ਲੱਭ ਰਿਹਾਂ-

ਬਿਨਾਂ ਸੂਏ ਵਾਲ਼ਾ ਦੁੱਧ

ਬਿਨਾਂ ਟੀਕੇ ਵਾਲ਼ੀ ਕਣਕ

ਬਿਨਾਂ ਮਖੌਟੇ ਵਾਲ਼ੀ ਕ੍ਰਾਂਤੀ      (ਪੰਨਾ-193)

ਗੁਰਿੰਦਰ 2020-21 ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਦੇ ‘ਸਿੰਘੂ’ ਤੇ ‘ਟਿੱਕਰੀ’ ‘ਤੇ ਸਾਲ ਤੋਂ ਵੱਧ ਚੱਲੇ ਕਿਸਾਨ ਅੰਦੋਲਨ ਨੂੰ ਹਜ਼ਾਰਾਂ ਮੀਲ ਦੂਰ ਮਾਂਟਰੀਆਲ ਬੈਠਾ ਚਿਤਵ ਰਿਹਾ ਹੈ। ਕਿਸਾਨ ਧਰਨੇ ਵਿੱਚ ਬੈਠਾ ਬਾਬਾ ਜੈਮਲ ਸਿੰਘ ਉਸ ਨੂੰ ਇਤਿਹਾਸਕ ਜਾਂ ਮਿਥਿਹਾਸਕ ਬ੍ਰਿਤਾਂਤ ਸੁਫ਼ਨੇ ‘ਚ ਆ ਕੇ ਸੁਣਾਉਂਦਾ ਰਹਿੰਦਾ ਹੈ:

ਮੁੰਧੇ ਨੈਣੀਂ ਅੱਖ ਇੱਕ ਰੋਈ

ਟੁੱਟੀ ਜਾ ਰਹੀ ਲੜੀ ਪਰੋਈ

ਮੁੜ ਦਿੱਲੀ ਨੂੰ ਡਾਰਾਂ ਮੁੜੀਆਂ

ਅਗਨਤ ਕਿਰਤੀ ਬਾਹਵਾਂ ਜੁੜੀਆਂ।        (ਪੰਨਾ-201)

 

ਅਤੇ

ਢਿੱਡੋਂ ਹਉਕਾ ਉੱਠਿਆ

ਦਿੱਲੀ ਜਾ ਕੇ ਜੁੱਟਿਆ

ਕਪਟੀ ਦੁਆਰ ਤਾਈਂ

ਅੰਨ੍ਹੀ ਸਰਕਾਰ ਤਾਈਂ

ਕੈਸਾ ਇਹ ਵਪਾਰ ਏ?

ਛੱਲ ਬੇ-ਸ਼ੁਮਾਰ ਏ

ਪਰ ਲੋਕੀਂ ਜੁੜੇ ਖੁੱਲ੍ਹ ਕੇ

ਗੁੱਸੇ ਗਿਲ੍ਹੇ ਭੁੱਲ ਕੇ।                         (ਪੰਨਾ-216)

ਲੰਮੇਂ ਸਮੇਂ ਤੋਂ ‘ਪਰਵਾਸੀ’ ਹੁੰਦਿਆਂ ਵੀ ਉਹ ਆਪਣੇ ‘ਦੇਸ’ ਨੂੰ “ਦੇਸ-ਪਰ-ਦੇਸ” ਦੇ ਰੂਪ ਵਿੱਚ ਯਾਦ ਕਰਦਾ ਹੈ ਅਤੇ ਵਤਨ ਵਾਪਸ ਜਾਣ ਦੀ ਤਮੰਨਾ ਕਰਦਾ ਹੈ :

ਮੈਂ ਭਾਵੇਂ ਪਰਵਾਸ ’ਚ ਹਾਂ

ਪਰ ਇਸ ਆਸ ‘ਚ ਹਾਂ

ਕਿ ਹਿੰਦੋਸਤਾਨ ਇੱਕ ਦਿਨ

ਸੱਚੀਂਮੁੱਚੀਂ ਆਜ਼ਾਦ ਹੋਵੇਗਾ

ਸੱਭ ਨੂੰ ਇੱਕੋ ਲੜੀ ਵਿੱਚ ਪਰੋਏਗਾ

ਮੈਂ “ਰੰਗ ਦੇ ਬਸੰਤੀ” ਗਾ ਰਿਹਾ ਹਾਂ

ਮੈਂ ਵਤਨ ਵਾਪਸ ਜਾ ਰਿਹਾ ਹਾਂ।             (ਪੰਨਾ-211-213)

‘ਦੇਸ’ ਵਿੱਚ ਚੱਲ ਰਹੇ ਧਾਰਮਿਕ ਵਿਵਾਦ ਉਸ ਨੂੰ ‘ਪਨੀਰ’ ਨੂੰ ਮੁੜ ਦੁੱਧ ਵਿੱਚ ਬਦਲਣ ਅਤੇ ‘ਖ਼ਮੀਰ’ ਨੂੰ ਆਟੇ ਵਿੱਚ ਬਦਲਣ ਵਾਂਗ ਲੱਗਦੇ ਹਨ। ਇੱਥੇ ‘ਪਨੀਰ’ ਅਤੇ ‘ਖ਼ਮੀਰ’ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ ਜਿਨ੍ਹਾਂ ਨੂੰ ਰਾਜਸੀ ਨੇਤਾਵਾਂ ਵੱਲੋਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ :

ਅਖੇ “ਮੇਰਾ ਮੌਲਾ ਤੇਰੇ ਰੱਬ ਤੋਂ ਚੰਗਾ ਏ

ਤੇਰਾ ਛੱਪੜ, ਸਾਡਾ ਟੋਭਾ ‘ਗੰਗਾ’ ਏ।“

ਤੇਰੇ ਸਿਰ ‘ਤੇ ਪਰਚਮ ਭਗਵੇ ਫੁੱਲਾਂ ਦਾ

ਤਿੰਨ ਰੰਗਾਂ ਤੋਂ ਘੱਟ ਵੀ ਕੋਈ ਤਿਰੰਗਾ ਏ?     (ਪੰਨਾ-215)

 

ਪੁਸਤਕ ਦੇ ਅਖ਼ੀਰਲੇ ਅਧਿਆਇ ‘ਨਾਗੋ ਆਇਆ ਨਾਗੋ ਜਾਸੀ’ ਵਿੱਚ ਲੇਖਕ ਗੁਰਿੰਦਰਜੀਤ ‘ਘਟਿ ਘਟਿ’, ‘ਸਾਹ ਦਾ ਸਫ਼ਰ’, ‘ਮਨ-ਮੰਦਰ’, ‘ਅਕੀਦਤ’ ਤੇ ‘ਸਿਆਣੇ ਬੈਕਟੀਰੀਏ’ ਦੀਆਂ ਦਾਰਸ਼ਨਿਕ ਗੱਲਾਂ ਕਰਦਾ ਹੈ। ਇਸ ਵਿੱਚ 2020 ਵਿੱਚ ਸਾਰੀ ਦੁਨੀਆਂ ਵਿੱਚ ਆਈ ਮਹਾਂਮਾਰੀ ‘ਕਰੋਨਾ ਦੀ ਹਿਜਰਤ’ ਦਾ ਜ਼ਿਕਰ ਹੈ ਅਤੇ ਇਸ ਵਿੱਚ ‘ਸੇਵਾ ਦੇ ਪੁੰਜ’ ਭਾਈ ਘਨੱਈਆ, ‘ਪਿੰਗਲਵਾੜਾ’ ਦੇ ਬਾਨੀ ਭਗਤ ਪੂਰਨ ਸਿੰਘ ਅਤੇ ਮਦਰ ਟੈਰੇਸਾ ਵੀ ਸ਼ਾਮਲ ਹਨ। ਦਿੱਲੀ ਤੋਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਅਨੰਦਪੁਰ ਪਹੁੰਚਾਉਣ ਵਾਲਾ ਭਾਈ ਜੈਤਾ ਵੀ ਇਸ ਅਧਿਆਇ ਦਾ ਅਹਿਮ ਪਾਤਰ ਹੈ।

ਇਸ ਤਰ੍ਹਾਂ ਇਸ ਕਾਵਿ-ਵਾਰਤਕ ਪੁਸਤਕ ਵਿੱਚ ਲੇਖਕ ਨੇ ਪੰਜ-ਸੱਤ ਨਹੀਂ, ਸਗੋਂ ਕਈ ਵਿਸ਼ੇ ਬਾਖ਼ੂਬੀ ਨਿਭਾਏ ਹਨ। ਵਾਰਤਕ ਵਿਧਾ ਵਿੱਚ ਚੱਲਦਿਆਂ ਹੋਇਆਂ ਉਨ੍ਹਾਂ ਨੂੰ ਕਾਵਿ-ਰੂਪ ਦੇ ਕੇ ਕਈ ਬਿੰਬਾਂ ਤੇ ਪ੍ਰਤੀਕਾਂ ਨਾਲ ਪਾਠਕਾਂ ਸਾਹਮਣੇ ਪਰੋਸਿਆ ਹੈ। ਆਪਣੇ ਵਿਚਾਰਾਂ ਨੂੰ ਇਸ ਰੂਪ ਵਿੱਚ ਪੇਸ਼ ਕਰਨ ਦੀ ਉਸ ਦੀ ਇਹ ਤਕਨੀਕ ਨਿਵੇਕਲੀ ਹੈ। ਮੈਨੂੰ ਤਾਂ ਇਹ ਕਾਫ਼ੀ ਚੰਗੀ ਲੱਗੀ ਹੈ। ਉਸ ਦੇ ਵੱਲੋਂ ਵਰਤੇ ਗਏ ਬਿੰਬ ਤੇ ਪ੍ਰਤੀਕ ਬੜੇ ਢੁਕਵੇਂ ਲੱਗੇ ਹਨ। ਵੇਖਦੇ ਹਾਂ, ਅੱਗੋਂ ਪਾਠਕਾਂ ਵੱਲੋਂ ਇਸ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।