Headlines

ਹੁਣ ਸੌਖੀ ਹੀ ਨਹੀਂ ਹੋਵੇਗੀ ਐਲ ਐਮ ਆਈ ਏ ਜਾਰੀ

ਟੋਰਾਂਟੋ (ਸਤਪਾਲ ਸਿੰਘ ਜੌਹਲ) -ਕੈਨੇਡਾ ਵਿੱਚ 28 ਅਕਤੂਬਰ 2024 ਤੋਂ ਵਕੀਲਾਂ ਅਤੇ ਅਕਾਊਂਟੈਂਟਾਂ ਵਲੋਂ ਤਸਦੀਕ ਕੀਤੇ ਸਰਟੀਫਿਕੇਟਾਂ/ਦਸਤਵੇਜਾਂ ਦੇ ਅਧਾਰ` ਤੇ ਐੱਲ.ਐੱਮ.ਆਈ.ਏ. ਅਪਲਾਈ ਤੇ ਮਨਜੂਰ ਹੋਣਾ ਸੰਭਵ ਨਹੀਂ ਰਹੇਗਾ। ਇਸ ਦੀ ਬਜਾਏ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵਲੋਂ ਕੈਨੇਡਾ ਦੇ ਪ੍ਰਾਂਤਕ ਅਤੇ ਖੇਤਰੀ ਸਰਕਾਰਾਂ ਨਾਲ਼ ਜਾਣਕਾਰੀ ਸਾਂਝੀ ਕਰਨ ਲਈ ਭਾਈਵਾਲੀ ਕੀਤੀ ਜਾ ਰਹੀ ਹੈ ਜਿਸ ਰਾਹੀਂ ਐੱਲ.ਐੱਮ.ਆਈ.ਏ. ਦੀ ਅਰਜੀ ਦਾ ਨਿਪਟਾਰਾ ਕਰਨ ਲਈ ਅਪਲਾਈ ਕਰਨ ਵਾਲੇ ਕਾਰੋਬਾਰ ਦੀ ਪੁਖਤਾ (ਅਸਲੀ) ਜਾਣਕਾਰੀ ਹਾਸਿਲ ਕੀਤੀ ਜਾ ਸਕੇਗੀ। ਕੈਨੇਡਾ ਭਰ ਵਿੱਚ ਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਵਕੀਲਾਂ, ਲੇਖਾਕਾਰਾਂ (ਅਕਾਊਂਟੈਂਟਾਂ), ਇਮੀਗ੍ਰੇਸ਼ਨ ਦੇ ਸਲਾਹਕਾਰਾਂ, ਅਤੇ ਕਾਰੋਬਾਰਾਂ ਦੇ ਮਾਲਕਾਂ ਵਲੋਂ ਰਲ਼ਮਿਲ਼ ਕੇ ਸਰਕਾਰ ਦੇ ਸਿਸਟਮ ਨਾਲ਼ ਫਰਾਡ ਕੀਤੇ ਜਾਣ (ਐੱਲ.ਐੱਮ.ਆਈ.ਏ. ਵੇਚਣ) ਦੀਆਂ ਲਗਾਤਾਰ ਰਿਪੋਰਟਾਂ ਮਿਲਣ ਤੋਂ ਬਾਅਦ ਸਰਕਾਰ ਨੇ ਅਜਿਹੇ ਵਿਅਕਤੀਆਂ ਦਾ ਦਖਲ ਬੇਹੱਦ ਘੱਟ ਕਰਨ ਦੀ ਦਿਸ਼ਾ ਵੱਲ ਸਖਤ ਕਦਮ ਚੁੱਕੇ ਹਨ। ਕੈਨੇਡਾ ਸਰਕਾਰ ਦੇ ਕਾਨੂੰਨ ਅਨੁਸਾਰ ਐੱਲ.ਐੱਮ.ਆਈ.ਏ. ਵਿਦੇਸ਼ੀ ਕਾਮਿਆਂ ਵਾਸਤੇ ਮੁਫਤ ਹੈ ਅਤੇ ਅਰਜੀ ਦੀ ਕਾਰਵਾਈ ਦਾ ਸਾਰਾ ਖਰਚ (ਸਰਕਾਰੀ ਫੀਸ ਤੇ ਵਕੀਲਾਂ ਦੇ ਖਰਚੇ) ਦੇਣਾ ਕਾਰੋਬਾਰ ਦੇ ਮਾਲਕ ਵਾਸਤੇ ਲਾਜ਼ਮੀ ਕੀਤਾ ਗਿਆ ਹੈ। ਪਰ ਇਸ ਦੇ ਉਲਟ ਲੋੜਵੰਦ ਵਿਦੇਸ਼ੀਆਂ ਤੋਂ ਵੱਡੀਆਂ ਰਕਮਾਂ ਉਟੇਰ ਕੇ ਕੈਨੇਡਾ ਸਰਕਾਰ ਦੇ ਸਿਸਟਮ ਨਾਲ਼ ਧੋਖਾਧੜੀ ਰਾਹੀਂ ਐੱਲ.ਐੱਮ.ਆਈ.ਏ. ਵੇਚਣ ਅਤੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇਣ ਜਾਂ ਪੱਕੇ ਕਰਵਾਉਣ ਦੇ ਲਾਰਿਆਂ ਨਾਲ ਜਾਬ ਲੈਟਰਾਂ ਅਤੇ ਟੈਕਸ ਦੇ ਕਾਗਜਾਂ ਦੀਆਂ ਬਜਾਰੂ ਧਾਂਦਲੀਆਂ ਸਿਖਰਾਂ `ਤੇ ਪੁੱਜੀਆਂ ਹੋਈਆਂ ਸਨ। ਪਰ ਨਵੇਂ ਕਨੂੰਨ ਮੁਤਾਬਿਕ ਇਹ ਹੁਣ ਧਾਂਦਲੀਆਂ ਦਾ ਧੰਦਾ ਜਾਰੀ ਨਹੀ ਰਹਿ ਸਕੇਗਾ।