19 ਸਾਲਾ ਸਿਮਰਨ ਕੌਰ ਦੀ ਵਾਲਮਾਰਟ ਦੇ ਓਵਨ ਵਿਚ ਸੜਨ ਨਾਲ ਦੁਖਦਾਈ ਮੌਤ- ਪੁਲਿਸ ਵਲੋਂ ਗੁੰਝਲਦਾਰ ਮਾਮਲੇ ਦੀ ਜਾਂਚ-
ਹੈਲੀਫੈਕਸ (ਨੋਵਾ ਸਕੋਸ਼ੀਆ)- ਨੋਵਾ ਸਕੋਸ਼ੀਆ ਸੂਬੇ ਦੇ ਸ਼ਹਿਰ ਹੈਲੀਫੈਕਸ ਵਿਖੇ ਵਾਲਮਾਰਟ ਦੇ ਇੱਕ ਬੇਕਰੀ ਵਾਕ-ਇਨ ਓਵਨ ਵਿੱਚ ਮ੍ਰਿਤਕ ਪਾਈ ਗਈ ਮੁਟਿਆਰ ਦੀ ਪਛਾਣ 19 ਸਾਲਾ ਗੁਰਸਿਮਰਨ ਕੌਰ ਵਜੋਂ ਹੋਈ ਹੈ। ਇਹ ਦਰਦਨਾਕ ਘਟਨਾ 19 ਅਕਤੂਬਰ ਨੂੰ ਹੈਲੀਫੈਕਸ, ਨੋਵਾ ਸਕੋਸ਼ੀਆ ਵਿੱਚ 6990 ਮਮਫੋਰਡ ਰੋਡ ਸਥਿਤ ਵਾਲਮਾਰਟ ਬੇਕਰੀ ਸਥਾਨ ‘ਤੇ ਵਾਪਰੀ ਦੱਸੀ ਗਈ ਹੈ।
ਪ੍ਰਬੰਧਕਾਂ ਦੇ ਅਨੁਸਾਰ ਸਿਮਰਨ ਅਤੇ ਉਸਦੀ ਮਾਂ ਵਾਲਮਾਰਟ ਵਿੱਚ ਦੋ ਸਾਲਾਂ ਤੋਂ ਕੰਮ ਕਰ ਰਹੀਆਂ ਸਨ। ਪਰਿਵਾਰ ਵਿਚ ਸ਼ਾਮਿਲ ਪਿਤਾ ਅਤੇ ਭਰਾ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਦੱਸੇ ਜਾਂਦੇ ਹਨ। ਘਟਨਾ ਵਾਲੇ ਦਿਨ ਸਿਮਰਨ ਦੀ ਮਾਂ ਨੂੰ ਉਸ ਸਮੇਂ ਚਿੰਤਾ ਹੋਈ ਜਦੋਂ ਉਸਨੇ ਇੱਕ ਘੰਟੇ ਤੱਕ ਆਪਣੀ ਧੀ ਨੂੰ ਸਟੋਰ ਦੇ ਆਲੇ ਦੁਆਲੇ ਨਹੀਂ ਦੇਖਿਆ। ਉਸਦਾ ਮੋਬਾਈਲ ਫੋਨ ਪਹੁੰਚ ਤੋਂ ਬਾਹਰ ਆ ਰਿਹਾ ਸੀ। ਮਾਂ ਨੇ ਸਿਮਰਨ ਨੂੰ ਲੱਭਣ ਵਿੱਚ ਮਦਦ ਲਈ ਸਟੋਰ ਮੈਨੇਜਰ ਨਾਲ ਸੰਪਰਕ ਕੀਤਾ। ਕੁਝ ਘੰਟਿਆਂ ਬਾਅਦ, ਮਾਂ ਨੇ ਖੁਦ ਹੀ ਜਾਕੇ ਓਵਨ ਵੇਖਿਆ ਤਾਂ ਉਸਦੀ ਧੀ ਪੂਰੀ ਤਰਾਂ ਸੜ ਚੁੱਕੀ ਸੀ।
ਵਾਲਮਾਰਟ ਦੇ ਬੁਲਾਰੇ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਾਡਾ ਦਿਲ ਦੁਖੀ ਹੈ, ਅਸੀ ਸਾਡੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।
ਉਧਰ ਪੁਲਿਸ ਨੇ ਇਸ ਘਟਨਾ ਨੂੰ ਸ਼ੱਕੀ ਮਾਮਲਾ ਦੱਸਿਆ ਹੈ, ਜਿਸਦੀ ਜਾਂਚ ਜਾਰੀ ਹੈ। ਪੁਲਿਸ ਨੇ ਅਗਲੇ ਹੁਕਮਾਂ ਤੱਕ ਵਾਲਮਾਰਟ ਸਟੋਰ ਬੰਦ ਕਰ ਦਿੱਤਾ ਹੈ। ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਮੀਨਰ ਸਰਵਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਮੈਡੀਕਲ ਐਗਜ਼ਾਮੀਨਰਜ਼ ਦਫਤਰ ਹੈਲੀਫੈਕਸ ਖੇਤਰੀ ਪੁਲਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਇਸ ਘਟਨਾ ਦੇ ਕਾਰਨ ਅਤੇ ਢੰਗ ਦਾ ਪਤਾ ਲਗਾਇਆ ਜਾ ਸਕੇ। ਇਹ ਘਟਨਾ ਕਿਵੇਂ ਵਾਪਰੀ ਅਜੇ ਤੱਕ ਕੋਈ ਜਾਣਕਾਰੀ ਨਹੀ ਦਿੱਤੀ ਗਈ।
ਇਥੇ ਸਥਿਤ ਮੈਰੀਟਾਈਮ ਸਿੱਖ ਸੋਸਾਇਟੀ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਰੰਧਾਵਾ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਦੁਖਦਾਈ ਹੈ, ਤੁਸੀਂ ਜਾਣਦੇ ਹੋ, ਨੌਜਵਾਨ ਇੱਥੇ ਹਰ ਤਰ੍ਹਾਂ ਦੀਆਂ ਉਮੀਦਾਂ ਅਤੇ ਸੁਪਨੇ ਲੈ ਕੇ ਆਉਂਦੇ ਹਨ ਅਤੇ ਉਸ ਲਈ ਸਖਤ ਮਿਹਨਤ ਵੀ ਕਰਦੇ ਹਨ। ਅਜਿਹਾ ਵਾਪਰਨਾ ਬਹੁਤ ਹੀ ਦੁਖਦਾਈ ਹੈ।” .
ਮੈਰੀਟਾਈਮ ਸਿੱਖ ਸੁਸਾਇਟੀ ਨੇ ਮ੍ਰਿਤਕ ਦੇ ਪਰਿਵਾਰ ਦੀ ਸਹਾਇਤਾ ਲਈ GoFundMe ਅਕਾਉਂਟ ਜਾਰੀ ਕੀਤਾ ਹੈ ਜਿਸ ਉਪਰ 66,000 ਡਾਲਰ ਇਕੱਤਰ ਹੋ ਚੁੱਕੇ ਹਨ।