Headlines

ਪੰਜਾਬੀ ਮੁਟਿਆਰ ਸੁੱਖੀ ਕੌਰ ਮਿਸੇਜ ਯੂਨੀਵਰਸ ਕੈਲੇਫੋਰਨੀਆ ਬਣੀ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)- ਅਮਰੀਕਾ ਦੇ ਮਾਈ ਡਰੀਮ ਟੀ.ਵੀ. ਵਲੋਂ ਕਰਵਾਏ ਗਏ ‘ਮਿਸਜ ਯੂਨੀਵਰਸ ਕੈਲੇਫੋਰਨੀਆ’ ਮੁਕਾਬਲੇ ‘ਚ  ਮਿਸੇਜ ਯੂਨੀਵਰਸ ਚੁਣੀ ਗਈ ਸੁੱਖੀ ਕੌਰ ਜਗਰਾਉਂ ਨੇੜਲੇ ਪਿੰਡ ਬੋਦਲਾਂਵਾਲਾ ਨਾਲ ਸਬੰਧਤ ਹੈ ਤੇ ਉਹ ਪਰਿਵਾਰ ਸਮੇਤ ਕਾਫੀ ਸਮਾਂ ਪਹਿਲਾਂ ਅਮਰੀਕਾ ਆ ਕੇ ਵੱਸੀ ਸੀ | ਸੁਖਦੀਪ ਕੌਰ ਉਰਫ਼ ਸੁੱਖੀ ਕੌਰ, ਪਿੰਡ ਬੋਦਲਾਂਵਾਲਾ ਦੇ ਮਾਸਟਰ ਮੇਜਰ ਸਿੰਘ ਦੀ ਧੀ ਹੈ। ਉਨ੍ਹਾਂ ਦੇ ਪਿਤਾ ਪੰਜਾਬ ਵਿਚ ਇਕ ਅਧਿਆਪਕ ਵਜੋਂ ਸੇਵਾਵਾਂ ਨਿਭਾਉਣ ਦੌਰਾਨ ਹੀ ਅਮਰੀਕਾ ਆ ਵਸੇ ਸਨ | ਸੁੱਖੀ ਕੌਰ ਅਮਰੀਕਾ ‘ਚ ਰੀਅਲ ਅਸਟੇਟ ਦੇ ਬਿਜਨਿਸ ਨਾਲ ਜੁੜੀ ਹੋਈ ਹੈ ਅਤੇ ਉਸ ਵਲੋਂ ਆਪਣੇ ਬਿਜਨਿਸ ਦੇ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਇਸ ਮੁਕਾਬਲੇ ‘ਚ ਭਾਗ ਲਿਆ ਗਿਆ ਤੇ ਇਹ ਪ੍ਰਾਪਤੀ ਦਰਜ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ‘ਚ ਤਿੰਨ ਪੜਾਅ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਅੱਵਲ ਰਹਿ ਕੇ ਪਾਸ ਕੀਤਾ ਤੇ ਇਨ੍ਹਾਂ ਪੜਾਵਾਂ ‘ਚ ਆਪਣੀ ਸਟੇਟ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ, ਜਿਸ ਵਿਚ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਵੀ ਹੋਰ ਮੂਲ ਦੇ ਲੋਕਾਂ ਨੂੰ ਦੱਸੀਆਂ | ਸੁੱਖੀ ਕੌਰ ਨੇ ਕਿਹਾ ਉਹ ਇਸ ਮੁਕਾਬਲੇ ਨੂੰ ਜਿੱਤਣ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਪੋਟ ਕੀਤਾ ਗਿਆ | ਸੁੱਖੀ ਨੇ ਕਿਹਾ ਪੰਜਾਬ ਦੇ ਸੱਭਿਆਚਾਰ ‘ਚ ਭਾਵੇਂ ਧੀਆਂ ਨੂੰ ਬਹੁਤ ਸਾਰੇ ਮੌਕੇ ਨਹੀਂ ਮਿਲਦੇ, ਪਰ ਲੋੜ ਹੈ ਕਿ ਹਰੇਕ ਮਾਤਾ -ਪਿਤਾ ਆਪਣੀਆਂ ਧੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦੇਵੇ |  ਸੁੱਖੀ ਕੌਰ ਨੇ ਦੱਸਿਆ ਕਿ ਉਹ ਅੱਗੇ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਵੀ ਤਿਆਰੀ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਉਸ ਵਲੋਂ ਆਪਣੀ ਮੁੱਢਲੀ ਵਿੱਦਿਆ ਵੀ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਉਚੇਰੀ ਸਿੱਖਿਆ ਅਮਰੀਕਾ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ |