Headlines

ਬ੍ਰਿਟਿਸ਼ ਕੋਲੰਬੀਆ ਦੀ ਲੈਫ. ਗਵਰਨਰ ਵਲੋਂ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ

ਵਿਕਟੋਰੀਆ ( ਦੇ ਪ੍ਰ ਬਿ)- ਇਲੈਕਸ਼ਨ ਬੀਸੀ ਵਲੋਂ ਦੋ ਹਲਕਿਆਂ ਦੀ ਦੁਬਾਰਾ ਗਿਣਤੀ ਅਤੇ ਡਾਕ ਵੋਟਾਂ ਦੀ ਗਿਣਤੀ ਉਪਰੰਤ ਜਿਥੇ ਦੁਬਾਰਾ ਗਿਣਤੀ ਵਾਲੇ ਦੋ ਹਲਕਿਆਂ ਜੁਆਨ ਡੀ ਫੂਕਾ ਮੈਲਾਹਟ ਅਤੇ ਸਰੀ ਸੈਂਟਰ ਦੀਆਂ ਸੀਟਾਂ ਬੀਸੀ ਐਨ ਡੀ ਪੀ ਨੇ ਜਿੱਤ ਲਈਆਂ ਹਨ ਉਥੇ ਸਰੀ ਗਿਲਫੋਰਡ ਹਲਕੇ ਦੇ ਨਤੀਜੇ ਵਿਚ ਫੇਰਬਦਲ ਹੋਣ ਨਾਲ ਇਸ ਸੀਟ ਤੋਂ ਐਨ ਡੀ ਪੀ ਉਮੀਦਵਾਰ ਦੇ 27 ਵੋਟਾਂ ਦੇ ਫਰਕ ਨਾਲ ਅੱਗੇ ਹੋਣ ਨਾਲ ਵਿਧਾਨ ਸਭਾ ਵਿਚ ਕੁਲ 47 ਸੀਟਾਂ ਦਾ ਅੰਕੜਾ ਹੋਣ ਨਾਲ ਪਾਰਟੀ ਆਗੂ ਡੇਵਿਡ ਈਬੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।

ਇਸੇ ਦੌਰਾਨ ਖਬਰ ਮਿਲੀ ਹੈ ਕਿ ਲੈਫ ਗਵਰਨਰ ਜੈਨਟ ਔਸਟਿਨ  ਨੇ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਔਸਟਿਨ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਈਬੀ ਨੇ ਉਸ ਨੂੰ ਕਿਹਾ ਕਿ  ਉਹ ਪ੍ਰੀਮੀਅਰ ਵਜੋਂ ਸੂਬੇ ਦੀ ਅਗਵਾਈ ਕਰਨ ਲਈ  ਤਿਆਰ ਹੈ।

ਇਸਤੋਂ ਪਹਿਲਾ ਡੇਵਿਡ ਈਬੀ ਦਾ ਕਹਿਣਾ ਹੈ ਕਿ ਉਹ ਵੋਟਾਂ ਦੇ 9 ਦਿਨ ਬਾਅਦ, ਸੋਮਵਾਰ ਨੂੰ ਲੈਫ ਗਵਰਨਰ ਔਸਟਿਨ ਨੂੰ ਮਿਲੇ ਤੇ  ਬ੍ਰਿਟਿਸ਼ ਕੋਲੰਬੀਅਨਾਂ ਵਲੋਂ ਉਹਨਾਂ ਦੀ ਪਾਰਟੀ ਵਿੱਚ ਪ੍ਰਗਟਾਏ ਭਰੋਸੇ ਦੀ ਜਾਣਕਾਰੀ ਦਿੱਤੀ।
ਐਨਡੀਪੀ ਬਹੁਮਤ ਜਾਂ ਘੱਟ ਗਿਣਤੀ ਸਰਕਾਰ ਬਣਾਉਂਦੀ ਹੈ ਜਾਂ ਨਹੀਂ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਸਰੀ-ਗਿਲਫੋਰਡ ਵਿੱਚ ਜਿੱਥੇ ਇਸ ਨੂੰ ਬੀਸੀ ਕੰਸਰਵੇਟਿਵ ਨਾਲੋਂ 27  ਵੱਧ ਵੋਟਾਂ ਮਿਲੀਆਂ ਹਨ ਦਾ ਇਲੈਕਸ਼ਨ ਕਮਿਸ਼ਨ ਦੇ ਨਿਯਮ ਮੁਤਾਬਿਕ ਮੁੜ ਗਿਣਤੀ ਉਪਰੰਤ ਨਤੀਜਾ ਕੀ ਨਿਕਲਦਾ ਹੈ ।
ਜੇਕਰ ਐਨਡੀਪੀ ਸਰੀ-ਗਿਲਫੋਰਡ ਜਿੱਤ ਜਾਂਦੀ ਹੈ, ਤਾਂ ਉਸ ਕੋਲ 93 ਸੀਟਾਂ ਵਾਲੀ ਵਿਧਾਨ ਸਭਾ ਵਿਚ ਬਹੁਮਤ ਲਈ 47 ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਬਰਕਰਾਰ ਰਹਿੰਦਾ ਹੈ।
ਈਬੀ ਨੇ ਇਹ ਨਹੀਂ ਦੱਸਿਆ ਕਿ ਉਹ ਬਹੁਮਤ ਜਾਂ ਘੱਟ ਗਿਣਤੀ ਦੀ ਸਰਕਾਰ ਬਣਾਏਗੀ, ਪਰ ਇਸੇ ਦੌਰਾਨ ਗਰੀਨ ਪਾਰਟੀ ਲੀਡਰ ਸੋਨੀਆ ਫੁਰਸਟੈਨੌ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ  ਵਿਧਾਨ ਸਭਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਕ ਲਈ ਮਿਲ ਕੇ ਕੰਮ ਕਰਨਾ ਪਵੇਗਾ।
ਜੌਹਨ ਰਸਟੈਡ ਦੀ ਅਗਵਾਈ ਵਾਲੇ ਬੀਸੀ ਕੰਸਰਵੇਟਿਵ ਜਿਸਨੂੰ ਵੋਟਾਂ ਵਾਲੇ ਦਿਨ 45 ਸੀਟਾਂ ਮਿਲੀਆਂ ਸਨ ਹੁਣ ਉਸ ਕੋਲ  44 ਸੀਟਾਂ ਰਹਿ ਗਈਆਂ ਹਨ।

ਇਲੈਕਸ਼ਨ ਬੀਸੀ ਦੇ ਨਿਯਮਾਂ ਮੁਤਾਬਿਕ ਸਰੀ ਗਿਲਫੋਰਡ ਦੇ ਚੋਣ ਨਤੀਜੇ ਵਿਚ 27 ਵੋਟਾਂ ਦੇ ਫਰਕ ਅਤੇ ਕਲੋਨਾ ਸੈਂਟਰ ਦੇ ਚੋਣ ਨਤੀਜੇ ਵਿਚ 38 ਵੋਟਾਂ ਦੇ ਫਰਕ ਕਾਰਣ ਦੋਵਾਂ ਹਲਕਿਆਂ ਦੀ ਜ਼ੁਡੀਸ਼ੀਅਲ ਗਿਣਤੀ ਮੁੜ ਹੋਵੇਗੀ।