Headlines

ਪੰਜਾਬ ਦੇ ਅਜੋਕੇ ਹਾਲਾਤ ਬਾਰੇ ‘ਪੰਜਾਬ ਕਨਕਲੇਵ’ ਦੌਰਾਨ ਗੰਭੀਰ ਵਿਚਾਰਾਂ

ਅਮਰੀਕਾ ਤੋਂ ਆਏ ਡਾ. ਸਵੈਮਾਣ ਸਿੰਘ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਐਡਵੋਕੇਟ ਹਰਮਿੰਦਰ ਢਿੱਲੋਂ ਨਾਲ ਰਚਾਇਆ ਸੰਜੀਦਾ ਸੰਵਾਦ-

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) – ਭਾਰਤ ਵਿੱਚ ਅੰਗਰੇਜ਼ੀ ਦੀਆਂ ਵੱਕਾਰੀ ਅਖ਼ਬਾਰਾਂ ‘ਦ ਟ੍ਰਿਬਿਊਨ’, ‘ਇੰਡੀਅਨ ਐਕਸਪਰੈੱਸ’ ਤੇ ‘ਹਿੰਦੋਸਤਾਨ ਟਾਈਮਜ਼’ ਅਖ਼ਬਾਰਾਂ ਨਾਲ ਸਮੇਂ-ਸਮੇਂ ਜੁੜੇ ਰਹੇ ਪੱਤਰਕਾਰ ਅਤੇ ‘ਡੇਅ ਐਂਡ ਨਾਈਟ’ ਵਰਗੇ ਅਹਿਮ ਟੀ.ਵੀ. ਪ੍ਰੋਗਰਾਮ ਦੇ ਸੰਚਾਲਕ ਉੱਘੇ ਪੱਤਰਕਾਰ ਕੰਵਰ ਸੰਧੂ ਵੱਲੋਂ ਲੰਘੇ ਸ਼ੁੱਕਰਵਾਰ 25 ਅਕਤੂਬਰ ਨੂੰ ‘ਪੰਜਾਬ ਕਨਕਲੇਵ’  ਦੇ ਨਾਂ ਹੇਠ ਬਰੈਂਪਟਨ ਵਿੱਚ ‘ਟੈਰੇਸ ਔਨ ‘ਦ ਗਰੀਨ’ ਵਿਖੇ ਕਰਵਾਏ ਗਏ ਸਮਾਗ਼ਮ ਰਾਹੀਂ ਪੰਜਾਬ ਅਤੇ ਬਰੈਂਪਟਨ ਦੇ ਅਜੋਕੇ ਹਾਲਾਤ ਤੇ ਕਾਨੂੰਨੀ ਵਿਵਸਥਾ ਬਾਰੇ ਖ਼ੂਬਸੂਰਤ ਸੰਵਾਦ ਰਚਾਇਆ ਗਿਆ। ਇਸ ਵਿਚ ਅਮਰੀਕਾ ਤੋਂ ਆਏ ਹਾਰਟ-ਸਪੈਸ਼ਲਿਸਟ ਤੇ ਸਮਾਜ-ਸੇਵੀ ਡਾ. ਸਵੈਮਾਣ ਸਿੰਘ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਐਡਵੋਕੇਟ ਹਰਮਿੰਦਰ ਢਿੱਲੋਂ ਸ਼ਾਮਲ ਹੋਏ। ਇਸ ਦੌਰਾਨ ਕੰਵਰ ਸੰਧੂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਵਿੱਚ ਉਨ੍ਹਾਂ ਵੱਲੋਂ ਆਪਣੇ ਵਿਚਾਰ ਬਾਖ਼ੂਬੀ ਪੇਸ਼ ਕੀਤੇ ਗਏ।

ਆਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਕੰਵਰ ਸੰਧੂ ਵੱਲੋਂ ਇਸ ਪ੍ਰੋਗਰਾਮ ਦੀ ਭੂਮਿਕਾ ਬੰਨ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਦਰਪੇਸ਼ ਵਿੱਤੀ ਚੁਣੌਤੀਆਂ, ਪਾਣੀ ਦੇ ਸੰਕਟ, ਨਸ਼ੇ ਅਤੇ ਹੋਰ ਮਸਲਿਆਂ ਬਾਰੇ ਓਵਰ-ਹੈੱਡ ਪ੍ਰੋਜੈੱਕਟਰ ਉੱਪਰ ਵੀਡੀਓ-ਕਲਿੱਪਸ ਰਾਹੀਂ ਉਦਯੋਗਪਤੀ ਜਿੰਦਲ, ਸਾਬਕਾ ਆਈ.ਏ.ਐੱਸ. ਅਫ਼ਸਰ ਕਾਹਨ ਸਿੰਘ ਪੰਨੂੰ, ਪੰਜਾਬੀ ਫ਼ਿਲਮ ਐਕਟਰ ਤੇ ਡਾਇਰੈੱਕਟਰ ਅਮਿਤੋਜ ਮਾਨ ਅਤੇ ਡਾ. ਰਣਜੀਤ ਸਿੰਘ ਘੁੰਮਣ ਨਾਲ ਵੱਖ-ਵੱਖ ਸਮੇਂ ਹੋਈ ਗੱਲਬਾਤ ਦੇ ਅੰਸ਼ ਪੇਸ਼ ਕੀਤੇ ਗਏ। ਪੰਜਾਬ ਵਿਚ ਅਜਾਈਂ ਜਾ ਰਹੀਆਂ ਜਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਰਜ਼ੇ ਹੇਠ ਆ ਕੇ ਹਜ਼ਾਰਾਂ ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ ਅਤੇ ਇਹ ਸਿਲਸਲਾ ਅਜੇ ਵੀ ਲਗਾਤਾਰ ਜਾਰੀ ਹੈ । ਪੰਜਾਬ ਵਿੱਚ ਨਸ਼ਾ ਰੋਕੂ ਮੁਹਿੰਮ ਨਾਲ ਜੁੜੇ ਮੋਹਨ ਸ਼ਰਮਾ ਨਾਲ ਕੀਤੀ ਗਈ ਗੱਲਬਾਤ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਮਾਲਵੇ ਵਿਚ 61% ਅਤੇ ਮਾਝੇ ਵਿੱਚ 80% ਲੋਕ ਨਸ਼ੇ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਖੇਤੀ ਲਈ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਵਾਲਿਆਂ ਵਿਚ ਛੋਟੇ ਕਿਸਾਨਾਂ ਦੇ ਨਾਲ 25-25 ਟਿਊਬਵੈਲਾਂ ਦੇ ਮਾਲਕ ਵੀ ਸ਼ਾਮਲ ਹਨ।

ਡਾ. ਸਵੈਮਾਣ ਸਿੰਘ ਨਾਲ ਗੱਲਬਾਤ ਕਰਦੇ ਹੋਏ ਕੰਵਰ ਸੰਧੂ ਨੇ ਕਿਸਾਨ ਅੰਦੋਲਨ ਸਮੇਂ ਉਨ੍ਹਾਂ ਵੱਲੋਂ ਇਸ ਵਿੱਚ ਪਾਏ ਗਏ ਭਰਪੂਰ ਯੋਗਦਾਨ ਦੀ ਸਰਾਹਨਾ ਕਰਦਿਆਂ ਜਦੋਂ ਇਸ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਨੂੰ ਆਪਣੇ ਪਰਿਵਾਰਕ ਸੰਸਕਾਰਾਂ ਤੋਂ ਮਿਲੀ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਅਤੇ ਸੁਰੱਖਿਆ ਮਨੁੱਖ ਦੇ ਬੁਨਿਆਦੀ ਹੱਕ ਹਨ। ਵੱਡੇ-ਵੱਡੇ ਘਰਾਂ ਤੋਂ ਬਿਨਾਂ ਤਾਂ ਅਸੀਂ ਰਹਿ ਸਕਦੇ ਹਾਂ ਪਰ ਬੱਚਿਆਂ ਨੂੰ ਵਧੀਆ ਪ੍ਰਵਰਿਸ਼਼ ਦੇਣ ਅਤੇ ਚੰਗੇਰੀ ਸਿੱਖਿਆ ਦਿਵਾਉਣ ਬਿਨਾਂ ਸਾਡਾ ਗ਼ੁਜ਼ਾਰਾ ਨਹੀਂ ਹੈ। ਪੰਜਾਬ ਵਿਚ ਚੰਗੇਰੀ ਸਿਹਤ ਲਈ ਵਧੀਆ ਹਸਪਤਾਲਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਉੱਥੇ ਕਿ ਪੀ.ਜੀ.ਆਈ. ਵਰਗੇ ਤਿੰਨ-ਚਾਰ ਵੱਡੇ ਮੈਡੀਕਲ ਸੈਂਟਰਾਂ ਦੇ ਨਾਲ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਮੁਹੱਲਾ-ਕਲਿੱਨਿਕਾਂ ਦੀ ਬੜੀ ਲ਼ੋੜ ਹੈ, ਜਿੱਥੇ ਆਮ ਲੋਕਾਂ ਨੂੰ ਮੈਡੀਕਲ ਸਹੂਲਤਾਂ ਉਪਲੱਭਧ ਕਰਵਾਈਆਂ ਜਾਣ। ਸਰੀਰਕ ਤੰਦਰੁਸਤੀ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਸ਼ਾਮ ਸੱਤ ਤੋਂ ਪਹਿਲਾਂ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ ਤੇ ਫਿਰ ਉਸ ਤੋਂ ਬਾਅਦ ਪੇਟ ਨੂੰ ਖ਼ਾਲੀ ਰੱਖਣਾ ਚਾਹੀਦਾ ਹੈ।

‘ਵੇਸਟ ਮੈਨੇਜਮੈਂਟ’ ਬਾਰੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੂੰ ਕੰਵਰ ਸੰਧੂ ਵੱਲੋਂ ਕੀਤੇ ਗਏ ਸੁਆਲ ਦੇ ਜੁਆਬ ਵਿੱਚ ਹਰਕੀਰਤ ਸਿੰਘ ਨੇ ਦੱਸਿਆ ਕਿ ਬਰੈਂਪਟਨ ਦਾ ਕੂੜਾ-ਕਰਕਟ ਇਕੱਠਾ ਕਰਨ ਦਾ ਪ੍ਰਬੰਧ ਪੀਲ ਰੀਜਨ ਦੇ ਤਿੰਨਾਂ ਸ਼ਹਿਰਾਂ ਬਰੈਂਪਟਨ, ਮਿਸਿਸਾਗਾ ਤੇ ਕੈਲੇਡਨ ਵਿੱਚ ਕੂੜਾ-ਗੱਡੀਆਂ ਵਿਚ ਲੱਗੀਆਂ ਹੋਈਆਂ ਸਵੈਚਾਲਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਅਤੇ ਇਹ ‘ਮੈਨੂਅਲ’ ਨਹੀਂ ਹੈ। ਇਕ ਹੋਰ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਬਰੈਂਪਟਨ ਵਿੱਚ ਕਾਰਾਂ ਤੇ ਹੋਰ ਵਾਹਨਾਂ ਦੀ ਚੋਰੀ ਰੋਕਣ ਅਤੇ ਇਨ੍ਹਾਂ ਨੂੰ ਦੂਸਰੇ ਦੇਸ਼ਾਂ ਵਿਚ ਸਮੱਗਲ ਹੋਣ ਤੋਂ ਬਚਾਉਣ ਲਈ ਵੱਖ-ਵੱਖ ਥਾਵਾਂ ‘ਤੇ ਸਕੈਨਰ ਲਗਾਏ ਗਏ ਹਨ ਜਿਸ ਨਾਲ ਕਾਰ ਚੋਰੀ ਵਿਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਨੇ ਲੋਕਾਂ ਨੂੰ ਬਰੈਂਪਟਨ ਸਿਟੀ ਵੱਲੋਂ ਸਮੇਂ-ਸਮੇਂ ਆਯੋਜਿਤ ਕੀਤੀਆਂ ਜਾਂਦੀਆਂ ਸਿਟੀ ਹਾਊਸ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

ਇਸ ‘ਕਨਕਲੇਵ’ ਤੀਸਰੇ ਬੁਲਾਰੇ ਐਡਵੋਕੇਟ ਹਰਮਿੰਦਰ ਢਿੱਲੋਂ ਨੇ ਕੰਵਰ ਸੰਧੂ ਦੇ ਸੁਆਲ ਦੇ ਜੁਆਬ ਵਿਚ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਕਾਫ਼ੀ ਸਖ਼ਤ ਹਨ ਭਾਵੇਂ ਇਨ੍ਹਾਂ ਵਿੱਚੋਂ ਬੇਸ਼ਕ ਇਨ੍ਹਾਂ ਕੁਝ ਲਚਕਦਾਰ ਵੀ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਇੱਥੇ ਪਾਲਣਾ ਕੀਤੀ ਜਾਂਦੀ ਹੈ। ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਸ਼ਿਅਰ “ਇਸ ਅਦਾਲਤ ‘ਚ ਬੰਦੇ ਬਿਰਖ਼ ਹੋ ਗਏ …” ਦੇ ਹਵਾਲੇ ਨਾਲ ਕੀਤੇ ਗਏ ਸੁਆਲ ਦੇ ਜੁਆਬ ਵਿਚ ਐਡਵੋਕੇਟ ਢਿੱਲੋਂ ਨੇ ਕਿਹਾ ਕਿ ਇੱਥੇ ਕੈਨੇਡਾ ਵਿਚ ਇਨਸਾਫ਼ ਲੈਣ ਵਿੱਚ ਭਾਰਤ ਵਾਂਗ ਬਹੁਤੀ ਦੇਰੀ ਨਹੀਂ ਹੁੰਦੀ। ਬਹੁਤ ਸਾਰੇ ਕੇਸਾਂ ਦਾ ਫ਼ੈਸਲਾ ਸਾਲ/ਡੇਢ ਸਾਲ ਦੇ ਅੰਦਰ-ਅੰਦਰ ਹੋ ਜਾਂਦਾ ਹੈ ਅਤੇ ਲੰਮੇਂ ਤੋਂ ਲੰਮਾਂ ਕੇਸ ਵੀ ਦੋ ਸਾਲ ਤੱਕ ਨਿਪਟ ਜਾਂਦਾ ਹੈ। ਬਹੁਤੇ ਕੇਸ ਤਾਂ ਅਦਾਲਤਾਂ ਵੱਲੋਂ ਛੇ ਕੁ ਮਹੀਨਿਆਂ ਵਿਚ ਹੀ ਹੱਲ ਕਰ ਲਏ ਜਾਂਦੇ ਹਨ। ਵਾਤਾਵਰਣ ਦੀ ਗੱਲ ਕਰਦਿਆਂ ਹਰਮਿੰਦਰ ਢਿੱਲੋਂ  ਨੇ ਕਿਹਾ ਕਿ ਅਸੀਂ ਕੁਦਰਤ ਨੂੰ ਆਪਣਾ ‘ਦੁਸ਼਼ਮਣ’ ਬਣਾ ਲਿਆ ਹੈ। ਉਸ ਦੇ ਦਿੱਤੇ ਹੋਏ ‘ਵਰਦਾਨਾਂ’ ਸ਼ੁੱਧ ਹਵਾ ਤੇ ਸਾਫ਼ ਪਾਣੀ ਦੀ ਅਸੀਂ ਕਦਰ ਨਹੀਂ ਪਾ ਰਹੇ। ਰੁੱਖ ਜੋ ਸਾਡੀ ‘ਜੀਵਨ-ਰੇਖਾ’ ਹਨ, ਦੀ ਅਹਿਮੀਅਤ ਸਾਡੀ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕੈਨੇਡਾ ਵਿਚ ਤਾਂ ਫਿਰ ਵੀ ਲੋਕੀਂ ਇਸ ਦੀ ਅਹਿਮੀਅਤ ਸਮਝਦੇ ਹਨ ਪਰ ਸਾਡੇ ਪੰਜਾਬ ਅਤੇ ‘ਭਾਰਤ ਦੇਸ਼ ਮਹਾਨ’ ਵਿੱਚ ਇਨ੍ਹਾਂ ਦੀ ਕਟਾਈ ਧੜਾਧੜ ਹੋ ਰਹੀ ਹੈ।

ਇਸ ਮੌਕੇ ਸੁਆਲ-ਕਰਤਾਵਾਂ ਵਿੱਚ ਸ਼ਾਮਲ ਡਾ. ਸਵੈਮਾਣ ਸਿੰਘ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ, ਰਾਜਿੰਦਰ ਸੈਣੀ, ਜਸਬੀਰ ਸਿੰਘ, ਐੱਮ.ਪੀ.ਪੀ. ਦੀਪਕ ਅਨੰਦ, ਬਿਲ ਬਿਲਿੰਗ, ਨਵਨੀਤ ਸ਼ਰਮਾ ਤੇ ਕਈ ਹੋਰਨਾਂ ਵੱਲੋਂ ਆਏ ਸੁਆਲਾਂ ਦੇ ਜੁਆਬ ਸਾਰੇ ਬੁਲਾਰਿਆਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ। ਸਰੋਤਿਆਂ ਵਿਚ ਬਰੈਂਪਟਨ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਗੁਰਦੇਵ ਚੌਹਾਨ, ਪ੍ਰੋ. ਪੀ.ਡੀ. ਸਿੰਗਲਾ, ਸੰਦੀਪ ਸਿੰਗਲਾ, ਹਰਜੀਤ ਸਿੰਘ ਗਿੱਲ, ਆਦਿ ਸ਼ਾਮਲ ਸਨ।

ਸਮਾਗ਼਼ਮ ਦੇ ਅਖ਼ੀਰ ਵੱਲ ਵੱਧਦਿਆਂ ‘ਦੇਸ਼ ਭਗਤ ਸਪੋਰਟਸ ਕਲੱਬ ਬਰੈਂਪਟਨ’ ਵੱਲੋਂ ਡਾ. ਸਵੈਮਾਣ ਸਿੰਘ ਨੂੰ ਖ਼ੂਬਸੂਰਤ ਯਾਦਗਾਰੀ-ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਡਾ. ਸੁਖਦੇਵ ਸਿੰਘ ਝੰਡ ਵੱਲੋਂ ਉਨ੍ਹਾਂ ਨੂੰ ਆਪਣੀਆਂ ਪੁਸਤਕਾਂ ‘ਸਰੋਕਾਰ ਤੇ ਸ਼ਖ਼ਸੀਅਤਾਂ’ ਅਤੇ ‘ਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ’ ਭੇੰਟ ਕੀਤੀ ਗਈਆਂ। ਜ਼ਿਕਰਯੋਗ ਹੈ ਕਿ ਪਹਿਲੀ ਪੁਸਤਕ ਦੇ ਸ਼ਖ਼ਸੀਅਤਾਂ ਵਾਲੇ ਦੂਸਰੇ ਭਾਗ ਵਿਚ ਇੱਕ ਆਰਟੀਕਲ “ਕਿਸਾਨ ਅੰਦੋਲਨ ਦਾ ਮਾਣ : ਡਾ. ਸਵੈਮਾਣ ਸਿੰਘ” ਵੀ ਸ਼ਾਮਲ ਹੈ। ਅਖ਼ੀਰ ਵਿਚ ਕੰਵਰ ਸੰਧੂ ਹੁਰਾਂ ਦੀ ਹਮਸਫ਼ਰ ਸਫ਼ੀਨਾ ਬਿੱਟੂ ਸੰਧੂ ਵੱਲੋਂ ਸਮਾਗ਼ਮ ਦੇ ਬੁਲਾਰਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਪਰੋਸੇ ਗਏ ਸੁਆਦਲੇ ਡਿਨਰ ਦਾ ਸਾਰਿਆਂ ਨੇ ਭਰਪੂਰ ਅਨੰਦ ਮਾਣਿਆਂ। ਇਹ ਸੰਜੀਦਾ ਸਮਾਗ਼ਮ ਸਾਰਿਆਂ ਲਈ ਯਾਦਗਾਰੀ ਹੋ ਨਿੱਬੜਿਆ।