Headlines

ਬੁੱਢਾ ਦਲ ਵਲੋਂ ਪਹਿਲੀ ਨਵੰਬਰ ਮਨਾਈ ਜਾਵੇਗੀ ਦਿਵਾਲੀ- 2 ਨੂੰ ਹੋਵੇਗਾ ਮਹੱਲਾ

ਸ੍ਰੀ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦਾ ਸਥਾਪਨਾ ਦਿਵਸ, ਦੀਵਾਲੀ ਮਨਾਉਣ ਸਬੰਧੀ  ਗੁਰਮਤਾ ਪਾਸ-

ਅੰਮ੍ਰਿਤਸਰ:- 28 ਅਕਤੂਬਰ -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਇਤਿਹਾਸਕ ਨਿਸ਼ਾਨਾ ਦੀ ਛਤਰ ਛਾਇਆ ਹੇਠ ਬੁੱਢਾ ਦਲ ਦਾ 316ਵਾਂ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੂਰਬ ਪੂਰਨ ਸਰਧਾ ਭਾਵਨਾ ਅਤੇ ਸਤਿਕਾਰ ਨਾਲ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਮਨਾਇਆ ਜਾਵੇਗਾ। ਬਾਬਾ ਬਲਬੀਰ ਸਿੰਘ ਪਿਛਲੇ ਦੋ ਦਿਨ ਏਸੇ ਛਾਉਣੀ ਵਿੱਚ ਟਿਕੇ ਹੋਏ ਹਨ ਅਤੇ ਵੱਖ-ਵੱਖ ਜਥਿਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।

ਬੁੱਢਾ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਗੁ: ਮੱਲ ਅਖਾੜਾ ਸਾਹਿਬ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬੰਦੀ ਛੋੜ ਖਾਲਸਾ ਦਰਬਾਰ ਅਤੇ ਹਜ਼ੂਰ ਸਾਹਿਬ ਹੋਣ ਵਾਲੇ ਸਮਾਗਮਾਂ ਸਬੰਧੀ ਸਾਰੀਆਂ ਛਾਉਣੀਆਂ ਦੇ ਨਿਹੰਗ ਸਿੰਘ ਦਲ ਵਿਚਾਰ ਵਟਾਂਦਰ ਕਰਨ ਲਈ ਬੀਤੀ ਰਾਤ ਵਿਸ਼ੇਸ਼ ਤੌਰ ਤੇ ਪੁਜੇ।

ਬਾਬਾ ਬਲਬੀਰ ਸਿੰਘ ਨੇ ਜਥੇ ਸਮੇਤ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਉਪਰੰਤ ਬੁੱਢਾ ਦਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਅਤੇ ਬੁੱਢਾ ਦਲ ਦਾ 316ਵਾਂ ਸਥਾਪਨਾ ਦਿਵਸ ਪੁਰਾਤਨ ਪੰਥਕ ਰਵਾਇਤਾਂ ਅਨੁਸਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਗੁ: ਬੋਰਡ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਅਤੇ ਬਾਕੀ ਮੀਤ ਜਥੇਦਾਰ ਸਾਹਿਬਾਨਾਂ, ਗੁ: ਬੋਰਡ ਦੇ ਪ੍ਰਬੰਧਕਾਂ ਅਤੇ ਗੁ: ਲੰਗਰ ਸਾਹਿਬ ਜੀ ਦੇ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਗੁ: ਬੇਰ ਸਾਹਿਬ ਦੇਗਸਰ ਸਾਹਿਬ ਪਾ: ਦਸਵੀਂ ਤਲਵੰਡੀ ਸਾਬੋ ਵਿਖੇ ਬਾਬਾ ਬਲਬੀਰ ਸਿੰਘ ਅਕਾਲੀ ਦੀ ਅਗਵਾਈ ਵਿੱਚ ਬੀਤੀ ਰਾਤ ਬੁੱਢਾ ਦਲ ਦੀਆਂ ਛਾਉਣੀਆਂ ਦੇ ਮਹੰਤਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਇਕੱਠ ਹੋਇਆ, ਜਿਸ ਵਿੱਚ 5,6,7,8 ਨਵੰਬਰ ਨੂੰ ਸ੍ਰੀ ਹਜ਼ੂਰ ਸਾਹਿਬ ਅਤੇ 1,2 ਨਵੰਬਰ ਨੂੰ ਗੁ: ਮੱਲ ਅਖਾੜਾ ਸਾਹਿਬ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਦਰਬਾਰ ਦਿਵਾਲੀ ਮਨਾਏ ਜਾਣ ਸਬੰਧੀ ਵਿਚਾਰ ਵਟਾਦਰਾਂ ਉਪਰੰਤ ਗੁਰਮਤਾ ਪਾਸ ਕੀਤਾ ਗਿਆ। ਉਨ੍ਹਾਂ ਦਸਿਆ ਕਿ 1 ਨਵੰਬਰ ਨੂੰ ਸ਼ਾਮ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਬੁੱਢਾ ਦਲ ਦੀ ਅਗਵਾਈ ਵਿੱਚ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਭਰਨਗੀਆਂ ਅਤੇ ਸਵੱਈਆਂ ਦੇ ਪਾਠ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਦੇ ਸਮੂਹ ਮੁਖੀਆਂ ਨੂੰ ਸਨਮਾਨਿਤ ਕਰਨਗੇ।

ਉਨ੍ਹਾਂ ਕਿਹਾ ਕਿ ਗੁ: ਮੱਲ ਅਖਾੜਾ ਸਾਹਿਬ ਵਿਖੇ ਨਿਹੰਗ ਸਿੰਘ ਦੀ ਪੁਰਾਤਨ ਰਵਾਇਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਪੂਰਨ ਮਰਯਾਦਾ ਅਨੁਸਾਰ ਅਰੰਭ ਹੋਣਗੇ ਜਿਸ ਦਾ ਭੋਗ 1 ਨਵੰਬਰ ਨੂੰ ਸਵੇਰੇ 10 ਵਜੇ ਦਿਵਾਲੀ ਵਾਲੇ ਦਿਨ ਪਵੇਗਾ, 31 ਅਕਤੂਬਰ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਆਖੰਡ ਪਾਠ ਅਰੰਭ ਹੋ ਕੇ 2 ਨਵੰਬਰ ਨੂੰ 11 ਵਜੇ ਭੋਗ ਪਏਗਾ। ਸ. ਬੇਦੀ ਨੇ ਦਸਿਆ ਕਿ 2 ਨਵੰਬਰ ਨੂੰ ਦੁਪਹਿਰ 12 ਵਜੇ ਸਮੂਹ ਨਿਹੰਗ ਸਿੰਘਾਂ ਦੇ ਦਲਪੰਥ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਤੋਂ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਕੱਢਿਆ ਜਾਵੇਗਾ। ਜਿਸ ਵਿੱਚ ਨਿਹੰਗ ਸਿੰਘ ਆਪਣੇ ਪੁਰਾਤਨ ਰਵਾਇਤੀ ਜੰਗਜੂ ਖੇਡਾਂ, ਘੋੜ ਦੌੜ, ਨੇਜੇਬਾਜੀ, ਗੱਤਕਾ ਆਦਿ ਦੇ ਜੋਹਰ ਦਿਖਾਉਣਗੇ।