Headlines

ਯੰਗਸਤਾਨ ਦੇ ‘ਰੰਗ ਪੰਜਾਬੀ’ ਸਮਾਗਮ ਦੌਰਾਨ ਬੋਲੀ ਤੇ ਵਿਰਸੇ ਦੀਆਂ ਬਾਤਾਂ

ਗਿੱਧੇ-ਭੰਗੜੇ,ਪੰਜਾਬੀ ਗਿਆਨ ਮੁਕਾਬਲਾ ਤੇ ਸਾਡਾ ਵਿਰਸਾ ਨੁਮਾਇਸ਼ ਰਹੇ ਖਿੱਚ ਦਾ ਕੇਂਦਰ-
ਕੈਲਗਰੀ( ਸੁਖਵੀਰ ਗਰੇਵਾਲ )- ਯੰਗਸਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਬੱਚਿਆਂ ਦਾ ਪ੍ਰੋਗਰਾਮ ‘ਰੰਗ ਪੰਜਾਬੀ’ ਕਰਵਾਇਆ ਗਿਆ।ਇਸ ਸਮਾਗਮ ਵਿੱਚ ਬੱਚਿਆਂ ਦਾ ਪੰਜਾਬੀ ਗਿਆਨ ਮੁਕਾਬਲਾ ‘ਬੋਲਦੇ ਨੇ ਅੱਖਰ’,ਗਿੱਧੇ-ਭੰਗੜੇ ਦਾ ਵਿਅਕਤੀਗਤ ਮੁਕਾਬਲਾ,ਬਾਲ ਨਾਟਕ ਤੇ ਪੇਂਡੂ ਵਿਰਸੇ ਦੀ ਨੁਮਾਇਸ਼ ਲਗਾਈ ਗਈ।ਦੱਸਣਯੋਗ ਹੈ ਕਿ ਇਹ ਸੰਸਥਾ ਪਿਛਲੇ 8 ਸਾਲਾਂ ਤੋਂ ਕੈਲਗਰੀ ਦੇ ਬੱਚਿਆਂ ਲਈ ਪੰਜਾਬੀ ਦੀਆਂ ਕਲਾਸਾਂ ਲਗਾਉਣ ਤੋਂ ਇਲਾਵਾ ਹਰ ਸਾਲ ਸਮਰ ਕੈਂਪ ਤੇ ਸਪੋਰਟਸ ਮੀਟ ਕਰਵਾਉਂਦੀ ਹੈ।
ਸਮਾਗਮ ਦੀ ਸ਼ੁਰੂਆਤ ਬਾਲ ਨਾਟਕ ‘ਖੇਡ-ਖੇਡ ਵਿੱਚ’ ਰਾਹੀਂ ਹੋਈ।ਕਮਲ ਪੰਧੇਰ ਦੁਆਰਾ ਨਿਰਦੇਸ਼ਿਤ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਇਸ ਪੇਸ਼ਕਸ਼ ਨੇ ਹਾਲ ਦਾ ਹਰ ਦਰਸ਼ਕ ਰੋਣ ਲਾ ਦਿੱਤਾ।ਬਹੁਤ ਹੀ ਭਾਵੁਕ ਕਰ ਦੇਣ ਵਾਲ਼ੇ ਸੰਵਾਦ ਤੇ ਹਰ ਸ਼ਬਦ ਰਾਹੀਂ ਬੱਚੇ ਵੱਡਾ ਸੁਨੇਹਾ ਦੇ ਗਏ।ਕੈਨੇਡਾ ਆ ਕੇ ਅਸੀਂ ਕਿਹੜੀ ਦੌੜ ਵਿੱਚ ਹਾਂ ਤੇ ਇਸ ਦੌੜ ਵਿੱਚ ਬੱਚਿਆਂ ਦੀਆਂ ਭਾਵਨਾਵਾਂ ਨਾਲ਼ ਹੋ ਰਹੇ ਖਿਲਵਾੜ ਦੀ ਗੱਲ ਕਰਦਾ ਨਾਟਕ ਬੱਸ ਖੇਡ-ਖੇਡ ਵਿੱਚ ਹੀ ਬਹੁਤ ਕੁਝ ਕਹਿ ਗਿਆ।
ਪੰਜਾਬੀ ਗਿਆਨ ਮੁਕਾਬਲਾ ‘ਬੋਲਦੇ ਨੇ ਅੱਖਰ’ ਸਮਾਗਮ ਦਾ ਸਭ ਤੋਂ ਵੱਖਰਾ ਰੰਗ ਸੀ।ਇਸ ਮੁਕਾਬਲੇ ਵਿੱਚ 14 ਟੀਮਾਂ ਨੇ ਭਾਗ ਲਿਆ।ਲਗਭਗ ਤਿੰਨ ਘੰਟੇ ਚੱਲੇ ਇਸ ਮੁਕਾਬਲੇ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ।ਗੁਰਸ਼ਾਨ ਸਿੰਘ ਚਹਿਲ ਅਤੇ ਸਹਿਜ ਸਿੰਘ ਗਿੱਲ ਨੇ ਪਹਿਲਾ,ਹੁਨਰ ਕੌਰ ਤੇ ਰਹਿਮਤ ਕੌਰ ਨੇ ਦੂਜਾ ਅਤੇ ਹਰਸੀਰਤ ਕੌਰ ਤੇ ਅਮ੍ਰਿਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਚੰਦ ਸਿੰਘ ਸਦਿਓੜਾ,ਸੁਖਦੀਪ ਸਿੰਘ ਚਹਿਲ ਅਤੇ ਕਰਮਵੀਰ ਸਿੰਘ ਨੇ ਇਹਨਾਂ ਜੇਤੂਆਂ ਨੂੰ ਇਨਾਮ ਵੰਡੇ।
ਕੈਲਗਰੀ ਵਿੱਚ ਪਹਿਲੀ ਵਾਰੀ ਕਰਵਾਏ ਗਏ ਗਿੱਧੇ-ਭੰਗੜੇ ਦੇ ਵਿਅਕਤੀਗਤ ਮੁਕਾਬਲੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੁਕਾਬਲੇ ਦੀ ਖਾਸੀਅਤ ਇਹ ਰਹੀ ਕਿ ਸਾਰੇ ਇਨਾਮ ਕੁੜੀਆਂ ਤੇ ਹਿੱਸੇ ਆਏ।ਕੁਲਜੀਤ ਕੌਰ ਚੀਮਾ ਦੇ ਸਹਿਯੋਗ ਨਾਲ਼ ਲਗਾਈ ਗਈ ਸਾਡਾ ਵਿਰਸਾ ਨੁਮਾਇਸ਼ ਵਿੱਚ ਬੱਚਿਆਂ ਨੇ ਬਹੁਤ ਦਿਲਚਸਪੀ ਦਿਖਾਈ।ਪੰਜਾਬ ਤੋਂ ਆਏ ਭੰਗੜੇ ਦੀ ਨਾਮੀ ਸ਼ਖ਼ਸ਼ੀਅਤ ਦਵਿੰਦਰ ਸਿੰਘ ਛੀਨਾ ਤੇ ਕੌਂਸਲਰ ਰਾਜ ਧਾਲੀਵਾਲ ਨੇ ਭੰਗੜੇ ਦੇ ਜੇਤੂਆਂ ਨੂੰ ਇਨਾਮ ਵੰਡੇ।ਇਸ ਮੌਕੇ ਮਾਸਟਰ ਭਜਨ,ਕਮਲਪ੍ਰੀਤ ਪੰਧੇਰ,ਪਰਮਜੀਤ ਕੌਰ ਪਲਾਹਾ,ਮਨਪ੍ਰੀਤ ਸਿੰਘ ਪਾਬਲਾ ਵੀ ਹਾਜ਼ਰ ਸਨ।