Headlines

ਫਲੇਰੋ ਬਰੇਸ਼ੀਆ ਵਿਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਉਦਘਾਟਨ 

 ਰੋਮ (ਗੁਰਸ਼ਰਨ ਸਿੰਘ ਸੋਨੀ)- ਉੱਤਰੀ ਇਟਲੀ ਦੇ ਜਿਲ੍ਹਾ ਬਰੇਸ਼ੀਆ ਦੇ ਕਸਬਾ ਫਲੇਰੋ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਦੀ ਨਵੀ ਇਮਾਰਤ ਦਾ ਉਦਘਾਟਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਸਥਾਨਕ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਕਰ ਦਿੱਤਾ ਗਿਆ ਹੈ।ਪੰਜ ਪਿਆਰਿਆ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੇ ਰੂਪ ਵਿਚ ਪੁਰਾਣੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਵੇਂ ਗੁਰੂ ਘਰ ਵਿਚ ਸ਼ੁਸ਼ੋਭਿਤ ਕੀਤੇ ਗਏ। ਇਸ ਮੌਕੇ ਤੇ ਹੈਲੀਕਾਪਟਰ ਦੁਆਰਾ ਵਿਸ਼ੇਸ਼ ਤੌਰ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ, ਸਮੁੱਚੀ ਸੰਗਤ ਵਲੋਂ ਵਾਹਿਗੁਰੂ ਸਿਮਰਨ ਦੇ ਉਚੀ ਉੱਚੀ ਜੈਕਾਰਿਆਂ ਨਾਲ ਪੂਰਾ ਬਰੇਸ਼ੀਆ ਗੂੰਜ ਉਠਿਆ।ਗੁਰਦੁਆਰਾ ਉਦਘਾਟਨੀ ਸਮਾਗਮਾਂ ਵਿੱਚ ਕੋਈ 25 ਹਜਾਰ ਤੋਂ ਵੱਧ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦਿਆਂ ਹੋਇਆ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਤੇ ਆਏ ਹੋਏ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਭਾਰਤੀ ਕੌਂਸਲੇਟ ਮਿਲਾਨ ਦੇ ਕੌਸਲਰ ਜਨਰਲ ਸ਼੍ਰੀ ਲਵੱਨਿਆ ਕੁਮਾਰ ਅਤੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਮੈਂਬਰ ਅਤੇ ਫਲੇਰੋ ਦੇ ਮੇਅਰ ਅਤੇ ਬਰੇਸ਼ੀਆ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ। ਫਲੇਰੋ ਦੀ ਉਦਘਾਟਨ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਸਿੱਖ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਹੁੰਚੀਆਂ ਹੋਈਆਂ ਸਨ ਉੱਥੇ ਯੂਰਪ ਦੇ ਨੇੜਲੇ ਕਈ ਦੇਸ਼ਾਂ ਤੋਂ ਕਈ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਚੇਚੇ ਤੌਰ ਪਹੁੰਚ ਕਰਕੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਇਆ ਅਤੇ ਸਥਾਨਿਕ ਸੰਗਤਾਂ ਨੂੰ ਇਸ ਸ਼ੋਭ ਅਵਸਰ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਮੂਲੀਅਤ ਕੀਤੀ।ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਸੰਗਤਾਂ ਨੂੰ ਨਵੇਂ ਗੁਰਦੁਆਰਾ ਸਾਹਿਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਰੇਸ਼ੀਆ ਅਤੇ ਇਟਲੀ ਦੀਆਂ ਸੰਗਤਾਂ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆਂ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਸੰਗਤਾ ਦਾ ਸਹਿਯੋਗ ਕਰਨ ਤੇ ਧੰਨਵਾਦ ਕਰਦਿਆ ਕਿਹਾ ਕਿ ਗੁਰਦੁਆਰਾ ਸਾਹਿਬ ਫਲੇਰੋ ਦੀ ਇਮਾਰਤ 25 ਲੱਖ ਯੂਰੋ ਦੇ ਖਰਚ ਨਾਲ ਮੁਕੰਮਲ ਹੋਈ ਹੈ, ਸੰਗਤਾਂ ਨੇ ਸਹਿਯੋਗ ਨੇ ਇਹ ਕਾਰਜ ਸਫਲਾ ਕੀਤਾ।ਸਮੂਹ ਪ੍ਰਬੰਧਕਾਂ ਦੁਆਰਾ ਭਾਵੁਕ ਹੋਕੇ ਜੈਕਾਰੇ ਲਗਾਏ ਗਏ। ਦੱਸਣ ਯੋਗ ਹੈ ਕਿ ਇਸ ਸਥਾਨ ਤੇ ਪਿਛਲੇ ਚਾਰ ਸਾਲਾਂ ਤੋਂ ਕਾਰ ਸੇਵਾ ਚੱਲ ਰਹੀਆਂ ਸਨ ਤੇ ਇਸ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਵੱਡੀ ਤਦਾਦ ਵਿੱਚ ਸਹਿਯੋਗ ਦਿੱਤਾ ਗਿਆ ਸੀ, ਗੁਰਦੁਆਰਾ ਸਿੰਘ ਸਭਾ ਫਲੇਰੋ ਉਹ ਧਾਰਮਿਕ ਸਥਾਨ ਹੈ ਜਿਸ ਨੂੰ ਯੂਰਪ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੋਣ ਦਾ ਰੁਤਬਾ ਪ੍ਰਾਪਤ ਹੋਇਆ ਹੈ।

ਫਲੈਰੋ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅਲੌਕਿਕ ਦ੍ਰਿਸ਼