ਸੈਮੀਨਾਰ ਦੌਰਾਨ ਡਾਕੂਮੈਂਟਰੀ ਫਿਲਮ ‘ਬੇ –ਵਤਨੇ’ ਦਾ ਪ੍ਰਦਰਸ਼ਨ-
ਸਰੀ, 29 ਅਕਤੂਬਰ (ਹਰਦਮ ਮਾਨ)-ਸਟਰਾਅਬੇਰੀ ਹਿੱਲ ਲਾਇਬ੍ਰੇਰੀ ਸਰੀ ਵਿੱਚ ਬੀਤੇ ਦਿਨ ਫੋਕ ਆਰਟ ਅਤੇ ਸੱਭਿਆਚਾਰਕ ਤਬਾਦਲਾ ਸੁਸਾਇਟੀ (ਸੀ ਫੇਸ) ਵੱਲੋਂ ਸਟੂਡੀਓ 7 ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਲਈ ਇਕ ਸੈਮੀਨਾਰ ਕਰਵਾਇਆ ਗਿਆ ਅਤੇ ਇਹਨਾਂ ਸਮੱਸਿਆਵਾਂ ‘ਤੇ ਆਧਾਰਤ ਡਾਕੂਮੈਂਟਰੀ ਫਿਲਮ ‘ਬੇ –ਵਤਨੇ’ ਵੀ ਵਿਖਾਈ ਗਈ।
ਡਾਕੂਮੈਂਟਰੀ ਫਿਲਮ ਤੋਂ ਬਾਅਦ ਹੋਏ ਸੈਮੀਨਾਰ ਵਿੱਚ ਫਿਲਮ ਡਾਇਰੈਕਟਰ ਨਵਲਪ੍ਰੀਤ ਰੰਗੀ ਨੇ ਕਿਹਾ ਕਿ ਜਦ ਵੀ ਕਿਸੇ ਕੌਮ ਜਾਂ ਦੇਸ਼ ਦੀ ਜਵਾਨੀ ‘ਤੇ ਕੁਰਾਹੇ ਪੈਣ ਦਾ ਦੋਸ਼ ਲੱਗਦਾ ਹੈ ਤਾਂ ਉਸ ਦੇਸ਼ ਦੇ ਸਿਆਸਤਦਾਨਾਂ, ਡਾਕਟਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਭਵਿੱਖ ਨੂੰ ਸਹੀ ਸਲਾਹ ਦੇਣ ਅਤੇ ਕੁਰਾਹੇ ਪੈਣ ਤੋਂ ਰੋਕਿਆ ਜਾਵੇ। ਉੱਘੇ ਕਵੀ ਮੋਹਨ ਗਿੱਲ ਨੇ ਸੋਸਾਇਟੀ ਦੇ ਸੀਈਓ ਕੰਵਲਜੀਤ ਸਿੰਘ ਮਾਨਾਂਵਾਲਾ ਅਤੇ ਉਹਨਾਂ ਸੋਸਾਇਟੀ ਦੇ ਕਾਰਜ ਬਾਰੇ ਚਾਨਣਾ ਪਾ ਕੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਉੱਘੇ ਬਿਜ਼ਨਸਮੈਨਾਂ ਅਤੇ ਪੁਰਾਣੇ ਵਸਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਲੱਖਾਂ ਰੁਪਏ ਲਾ ਕੇ ਆਏ ਹੋਏ ਬੱਚਿਆਂ ਨੂੰ ਵਸਾਉਣ ਲਈ ਹੰਭਲਾ ਮਾਰਿਆ ਜਾਵੇ।
ਸੋਸਾਇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਲੱਧੜ ਨੇ ਭਵਿੱਖ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਅੱਗੇ ਵੀ ਇਹੋ ਜਿਹੇ ਪ੍ਰੋਗਰਾਮ ਕਰਨ ਦਾ ਵਾਅਦਾ ਕੀਤਾ। ਪਰਮਿੰਦਰ ਸਿੰਘ ਧਾਲੀਵਾਲ ਨੇ ਆਪਣੇ ਸ਼ਿਅਰਾਂ ਨਾਲ ਵਿਦਿਆਰਥੀਆਂ ਨੂੰ ਸਹੀ ਰਸਤਾ ਚੁਣਨ ਲਈ ਪ੍ਰੇਰਿਆ। ਰੇਡੀਓ ਅਤੇ ਟੀ ਵੀ ਹੋਸਟ ਬਲਜਿੰਦਰ ਕੌਰ ਨੇ ਸਮਾਜ ਵਿੱਚ ਵਿਚਰਦੇ ਹੋਏ ਵਿਦਿਆਰਥੀਆਂ ਬਾਰੇ ਬਹੁਤ ਸਾਰੇ ਤਜਰਬੇ ਸਾਂਝੇ ਕੀਤੇ। ਰੇਡੀਓ ਹੋਸਟ ਲਵੀ ਪੰਨੂ ਅਤੇ ਪੰਜਾਬੀ ਪ੍ਰੈਸ ਕਲੱਬ ਦੇ ਬਲਬੀਰ ਕੌਰ ਢਿੱਲੋਂ ਨੇ ਵੀ ਆਪਣੇ ਆਪਣੇ ਤਜਰਬੇ ਸਾਂਝੇ ਕਰ ਕੇ ਸੈਮੀਨਾਰ ਨੂੰ ਸਾਰਥਿਕ ਸੇਧ ਦਿੱਤੀ। ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵਿੱਚ ਨਾਵਲਕਾਰ ਜਰਨੈਲ ਸਿੰਘ ਸੇਖਾ, ਭੁਪਿੰਦਰ ਮੱਲ੍ਹੀ, ਸੁਰਿੰਦਰ ਸੰਘਾ (ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ), ਉੱਘੇ ਗੀਤਕਾਰ ਸੁੱਖ ਧਾਲੀਵਾਲ ਅਤੇ ਉੱਘੇ ਬਿਜ਼ਨੈਸਮੈਨ ਅੰਮ੍ਰਿਤਪਾਲ ਸਿੰਘ ਢੋਟ ਨੇ ਵੀ ਸਹੀ ਸਲਾਹ ਦੇ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ “ਸੀ ਫੇਸ ਸੁਸਾਇਟੀ” ਅਤੇ “ਸਟੂਡੀਓ 7 ” ਵੱਲੋਂ ਸੈਮੀਨਾਰ ਵਿੱਚ ਪਹੁੰਚੇ ਕੁਲਜੀਤ ਕੌਰ ਮਾਨਾਂਵਾਲਾ, ਮਿਸਜ਼ ਲੱਧੜ ,ਨਵੀ ਧੰਜੂ (ਪੰਜਾਬ ਬੌਕਸਜ਼ ), ਲਖਬੀਰ ਸਿੰਘ ਲੱਖਾ, ਕਾਕਾ ਸੇਖੋਂ, ਗਗਨਦੀਪ ਸਿੰਘ ਸਹੋਤਾ, ਮਨਕੀਰਤ ਸਿੰਘ ਬੱਲ, ਕਰਮਜੀਤ ਰੰਧਾਵਾ, ਰੈਪਰ ਹਰਮਨ ਸਿੰਘ ਲੱਧੜ (ਹਸਲ ਗਰੁੱਪ) ਅਤੇ ਗਾਇਕ ਤੇ ਡਾਇਰੈਕਟਰ ਅੰਗਦ ਤਨਵੀਰ ਸਿੰਘ ਤੋਂ ਇਲਾਵਾ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲੈ ਕੇ ਸੁਸਾਇਟੀ ਦੀ ਸੋਚ ਨੂੰ ਅੱਗੇ ਵੱਧਣ ਦਾ ਹੁੰਗਾਰਾ ਦਿੱਤਾ।