ਸਰੀ, 30 ਅਕਤੂਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਐਤਵਾਰ ਭਾਰਤ ਤੋਂ ਆਏ ਨਾਮਵਰ ਵਿਦਵਾਨ ਪ੍ਰੋ. ਬਾਵਾ ਸਿੰਘ ਅਤੇ ਸਰੀ ਦੇ ਨਾਮਵਰ ਹਸਤਾਖ਼ਰ ਡਾ. ਪ੍ਰਿਥੀਪਾਲ ਸੋਹੀ ਨਾਲ਼ ਵਿਸ਼ੇਸ਼ ਮਹਿਫ਼ਿਲ ਰਚਾਈ ਗਈ ਜਿਸ ਵਿਚ ਦੋਹਾਂ ਵਿਦਵਾਨਾਂ ਨੇ ਕੈਨੇਡੀਅਨ ਪੰਜਾਬੀ ਭਾਈਚਾਰੇ, ਰਾਜਨੀਤੀ, ਦੁਨਿਆਵੀ ਸਿਸਟਮ ਅਤੇ ਸਾਹਿਤ ਬਾਰੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੋਹਾਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪ੍ਰੋ. ਬਾਵਾ ਸਿੰਘ ਨੇ ਆਪਣੀ ਜੀਵਨ ਯਾਤਰਾ ਬਾਰੇ ਦੱਸਦਿਆਂ ਬਹੁਤ ਸਾਰੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਆਪਣੇ ਵਿਦਿਅਕ ਜੀਵਨ, ਅਧਿਆਪਨ ਕਾਰਜ ਅਤੇ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਤੋਂ ਲੈ ਕੇ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਬਣਨ ਤੱਕ ਦੇ ਸੰਘਰਸ਼ਮਈ ਸਫ਼ਰ ਬਾਰੇ ਰੌਚਕ ਅਤੇ ਪ੍ਰੇਰਣਾ ਭਰਪੂਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਖ਼ਾਸ ਕਰ ਕੇ ਪੰਜਾਬੀ ਭਾਈਚਾਰੇ ਦੀ ਜੀਵਨ ਜਾਚ ਬਾਰੇ ਆਪਣਾ ਨਜ਼ਰੀਆ ਅਤੇ ਬਹੁਤ ਵਧੀਆ ਵਿਸ਼ਲੇਸ਼ਣ ਪੇਸ਼ ਕੀਤਾ। ਸੰਸਾਰ ਭਰ ਵਿਚ ਬੰਦੇ ਨੂੰ ਸਿਸਟਮ ਵੱਲੋਂ ਬੰਨ੍ਹਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦਾ ਕੋਈ ਵੀ ਬੰਦਾ ਆਜ਼ਾਦ ਨਹੀਂ, ਦੁਨੀਆਂ ਦਾ ਹਰ ਕੋਨਾ ਅਤੇ ਹਰ ਬੰਦਾ ਸਿਸਟਮ ਦੇ ਸ਼ਿਕੰਜੇ ਵਿਚ ਹੈ ਪਰ ਫੇਰ ਵੀ ਬੰਦੇ ਨੂੰ ਮੁਕੰਮਲ ਤੌਰ ‘ਤੇ ਸਿਸਟਮ ਵਿਚ ਕਾਬੂ ਨਹੀਂ ਕੀਤਾ ਜਾ ਸਕਦਾ। ਸ਼ਬਦ, ਸਾਹਿਤ ਅਤੇ ਕਿਤਾਬਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਖ਼ਤਮ ਨਹੀਂ ਹੋਣਗੇ ਪਰ ਇਨ੍ਹਾਂ ਦਾ ਸਰੂਪ ਜ਼ਰੂਰ ਬਦਲ ਸਕਦਾ ਹੈ। ਉਨ੍ਹਾਂ ਆਪਣੇ ਸਾਹਿਤ ਰਚਨਾ ਦੇ ਕਾਰਜ ਬਾਰੇ ਵੀ ਸਾਂਝ ਪਾਈ ਅਤੇ ਆਪਣੀਆਂ ਕੁਝ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਡਾ. ਪ੍ਰਿਥੀਪਾਲ ਸੋਹੀ ਨੇ ਆਪਣੇ ਜੀਵਨ ਬਾਰੇ ਦੱਸਿਆ ਕਿ ਰਾਜਨੀਤੀ ਵਿਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਹੈ। ਰਾਜਨੀਤਕ ਵਿਸ਼ਲੇਸ਼ਣ ਕਰਦਿਆਂ ਦੂਰਦਰਸ਼ਨ ਜਲੰਧਰ, ਵੱਖ ਵੱਖ ਰੇਡੀਓ ਚੈਨਲਾਂ, ਅਖ਼ਬਾਰਾਂ ਰਾਹੀਂ ਉਨ੍ਹਾਂ ਲੰਮਾਂ ਸਮਾਂ ਆਪਣਾ ਨਜ਼ਰੀਆਂ ਲੋਕਾਂ ਦੀ ਕਚਹਿਰੀ ਵਿਚ ਰੱਖਿਆ। ਕੈਨੇਡਾ ਆ ਕੇ ਵੀ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ ਅਤੇ ਕਈ ਰੇਡੀਓ ਅਤੇ ਟੀ ਵੀ ਚੈਨਲਾਂ ਦੇ ਪ੍ਰੋਗਰਾਮਾਂ ਰਾਹੀਂ ਆਪਣੀ ਰਾਜਨੀਤਕ ਉਹ ਲੋਕਾਂ ਤੀਕ ਪੁਚਾ ਰਹੇ ਹਨ। ਸੰਸਾਰ ਭਰ ਦੀ ਰਾਜਨੀਤੀ ਅਤੇ ਖਾਸ ਕਰਕੇ ਪੰਜਾਬ ਦੇ ਰਾਜਨੀਤਕ ਮਸਲਿਆਂ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਪੇਸ਼ ਕੀਤੇ। ਗ਼ਜ਼ਲ ਮੰਚ ਸਰੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਸੋਹੀ ਨੇ ਕਿਹਾ ਕਿ ਮੰਚ ਦੇ ਸਾਰੇ ਗ਼ਜ਼ਲਗੋ ਸੰਵੇਦਨਾ ਭਰਪੂਰ ਤੇ ਭਾਵਪੂਰਤ ਗ਼ਜ਼ਲ ਕਹਿੰਦੇ ਹਨ ਅਤੇ ਇਸ ਸੰਸਥਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਾਲਾਨਾ ਕਵੀ ਦਰਬਾਰ ਦਾ ਪੱਧਰ ਕੌਮਾਂਤਰੀ ਪੱਧਰ ਦਾ ਹੁੰਦਾ ਹੈ ਜਿਸ ਵਿਚ ਕਵੀਆਂ ਦੀਆਂ ਪੇਸ਼ ਕੀਤੀਆਂ ਜਾਂਦੀਆਂ ਰਚਨਾਵਾਂ ਸਰੋਤਿਆਂ ਨੂੰ ਮਾਨਸਿਕ ਸਕੂਨ ਦਿੰਦੀਆਂ ਹੋਈਆਂ ਬਹੁਤ ਆਨੰਦਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰੀ ਦੇ ਲਾਟਾਂ ਪਲਾਟਾਂ ਵਾਲੇ ਕਲਚਰ ਨੂੰ ਸੰਗੀਤਕ ਤੇ ਸੂਖ਼ਮ ਰੂਪ ਪ੍ਰਦਾਨ ਕਰ ਕੇ ਸਰੀ ਦਾ ਵਾਤਾਵਰਣ ਬਦਲਣ ਵਿੱਚ ਗ਼ਜ਼ਲ ਮੰਚ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ।
ਮਹਿਫ਼ਿਲ ਵਿਚ ਮੰਚ ਦੇ ਆਗੂ ਜਸਵਿੰਦਰ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਮਾਨ, ਪ੍ਰੀਤ ਮਨਪ੍ਰੀਤ ਅਤੇ ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਆਪਣੇ ਸਵਾਲਾਂ ਰਾਹੀਂ ਆਪਣੀ ਜਗਿਆਸਾ ਪ੍ਰਗਟ ਕੀਤੀ। ਅਖੀਰ ਵਿੱਚ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗ਼ਜ਼ਲ ਮੰਚ ਵੱਲੋਂ ਦੋਵਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬੀ ਕਵਿੱਤਰੀ ਮਨ ਮਾਨ ਦੀ ਪੁਸਤਕ ‘ਪਲ ਦੋ ਪਲ’ ਵੀ ਲੋਕ ਅਰਪਣ ਕੀਤੀ ਗਈ।