Headlines

ਕੈਨੇਡਾ ਵਿਚ ਖਾਲਿਸਤਾਨੀਆਂ ਖਿਲਾਫ ਹਿੰਸਕ ਕਾਰਵਾਈਆਂ ਦੇ ਨਿਰਦੇਸ਼ ਭਾਰਤ ਦੇ ਗ੍ਰਹਿ ਮੰਤਰੀ ਨੇ ਦਿੱਤੇ ?

ਕੈਨੇਡੀਅਨ ਵਿਦੇਸ਼ ਉਪ ਮੰਤਰੀ ਵਲੋਂ ਸੰਸਦੀ ਕਮੇਟੀ ਕੋਲ ਗਵਾਹੀ ਦੌਰਾਨ ਖੁਲਾਸਾ-

ਓਟਵਾ ( ਦੇ ਪ੍ਰ ਬਿ)- ਕੈਨੇਡੀਅਨ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਡੇਵਿਡ ਮੌਰੀਸਨ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਕੈਨੇਡੀਅਨਾਂ ਨੂੰ ਡਰਾਉਣ-ਧਮਕਾਉਣ ਜਾਂ ਮਾਰਨ ਲਈ ਇੱਕ ਗੁਪਤ ਮੁਹਿੰਮ ਦੀ ਸਾਜਿਸ਼ ਰਚੀ ਹੈ। ਮੌਰੀਸਨ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਵਿੱਚ ਸੰਸਦ ਮੈਂਬਰਾਂ ਦੇ ਸਾਹਮਣੇ ਗਵਾਹੀ ਦੇਣ ਲਈ ਹਾਜ਼ਰ ਹੋਏ ਸਨ। ਕਮੇਟੀ ਦੇ ਸੰਸਦ ਮੈਂਬਰ ਆਰ ਸੀ ਐਮ ਪੀ ਵਲੋਂ  ਦੋ ਹਫ਼ਤੇ ਪਹਿਲਾਂ ਵਿਦੇਸ਼ੀ ਦਖਲਅੰਦਾਜੀ ਬਾਰੇ ਕੀਤੇ ਦਾਅਵੇ ਬਾਰੇ ਸਵਾਲ ਪੁੱਛ ਰਹੇ ਸਨ ਕਿ ਕੀ  ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਕਤਲ, ਜਬਰੀ ਵਸੂਲੀ ਅਤੇ ਧਮਕੀਆਂ ਸਮੇਤ ਵਿਆਪਕ ਅਪਰਾਧਾਂ ਵਿੱਚ ਸ਼ਾਮਲ ਹਨ। ਇਸ ਦੌਰਾਨ ਇਹ ਸਵਾਲ ਵੀ ਉਠਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਸੁਰੱਖਿਆ ਮਾਮਲੇ ਦੀ ਕੋਈ ਰਿਪੋਰਟ ਵਾਸ਼ਿੰਗਟਨ ਪੋਸਟ ਕੋਲ ਸਾਂਝੀ ਕੀਤੀ ਸੀ।
ਵਾਸ਼ਿੰਗਟਨ ਪੋਸਟ  ਨੇ ਰਿਪੋਰਟ ਛਾਪੀ ਸੀ ਕਿ ਕੈਨੇਡੀਅਨ ਅਧਿਕਾਰੀਆਂ ਨੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਛਾਣ ਉਨ੍ਹਾਂ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਵਜੋਂ ਕੀਤੀ ਹੈ ਜਿਨ੍ਹਾਂ ਨੇ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਮਿਸ਼ਨਾਂ ਅਤੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ‘ਤੇ ਹਮਲਿਆਂ ਨੂੰ ਅਧਿਕਾਰਤ ਕੀਤਾ ਸੀ।

ਵਿਦੇਸ਼ ਉਪ ਮੰਤਰੀ ਮੌਰੀਸਨ ਨੇ ਦੱਸਿਆ ਕਿ ਮੈਨੂੰ ਪੁੱਛਿਆ ਗਿਆ ਕੀ ਇਹ ਉਹ ਵਿਅਕਤੀ ਸੀ। ਮੈਂ ਪੁਸ਼ਟੀ ਕੀਤੀ ਕਿ ਹਾਂ ਇਹ ਉਹ ਵਿਅਕਤੀ ਸੀ।
ਅਮਿਤ ਸ਼ਾਹ ਨੂੰ ਭਾਰਤ ਦਾ “ਦੂਜਾ ਸਭ ਤੋਂ ਸ਼ਕਤੀਸ਼ਾਲੀ ਆਦਮੀ” ਦੱਸਿਆ ਗਿਆ ਹੈ ਅਤੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਨਜ਼ਦੀਕੀਆਂ ਵਿੱਚੋਂ ਇੱਕ ਹੈ। ਇਹ ਅਤਿ ਗੰਭੀਰ ਖੁਲਾਸਾ ਹੋਣ ਉਪਰੰਤ  ਸਿੱਖਸ ਫਾਰ ਜਸਟਿਸ ਨੇ  ਇੱਕ ਬਿਆਨ ਜਾਰੀ ਕਰਕੇ ਸ਼ਾਹ ‘ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਵਿੱਚ ਕਿਹਾ ਹੈ ਕਿ  “ਅਮਿਤ ਸ਼ਾਹ ਨੇ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ, ਖਾਲਿਸਤਾਨ ਪੱਖੀ ਕਾਰਕੁਨਾਂ ਦਾ ਸ਼ਿਕਾਰ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਹਥਿਆਰ ਬਣਾਇਆ ਹੋਇਆ ਹੈ। ਉਹਨਾਂ ਹੋਰ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਿਰਫ਼ ਇੱਕ ਅਲੱਗ-ਥਲੱਗ ਅਪਰਾਧ ਨਹੀਂ ਹੈ – ਇਹ ਸਵੈ-ਨਿਰਣੇ ਅਤੇ ਨਿਆਂ ਦੀ ਵਕਾਲਤ ਕਰਨ ਵਾਲੇ ਸਿੱਖਾਂ ਦੀ ਆਵਾਜ਼ ਨੂੰ ਕੁਚਲਣ ਲਈ ਸ਼ਾਹ ਦੇ ਨਿਰਦੇਸ਼ਾਂ ਹੇਠ ਚਲਾਈ ਗਈ ਇੱਕ  ਸੋਚੀ ਸਮਝੀ ਨੀਤੀ ਦਾ ਹਿੱਸਾ ਹੈ।
ਆਰ ਸੀ ਐਮ ਪੀ ਕਮਿਸ਼ਨਰ ਮਾਈਕ ਡੂਹੇਮੇ ਨੇ ਵੀ ਮੰਗਲਵਾਰ ਨੂੰ ਕਮੇਟੀ ਸਾਹਮਣੇ ਗਵਾਹੀ ਦਿੱਤੀ। ਉਸਨੇ ਆਪਣੀ ਗਵਾਹੀ ਵਿਚ ਕਿਹਾ ਹੈ ਕਿ ਪੁਲਿਸ ਸਬੂਤ ਦਿਖਾਉਂਦੇ ਹਨ ਕਿ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਸਟਾਫ ਨੇ ਭਾਰਤ ਸਰਕਾਰ ਲਈ ਜਾਣਕਾਰੀ ਇਕੱਠੀ ਕੀਤੀ ਸੀ, ਜਿਸਦੀ ਵਰਤੋਂ ਅਪਰਾਧਿਕ ਸੰਗਠਨਾਂ ਨੂੰ ਕੈਨੇਡਾ ਵਿੱਚ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਵਰਤੀ ਗਈ ਸੀ। ਉਸਨੇ ਕਿਹਾ ਕਿ ਮਾਊਂਟੀਜ਼ ਨੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ, ਖਾਸ ਤੌਰ ‘ਤੇ ਸਿੱਖਾਂ ਲਈ ਵੱਖਰੇ ਹੋਮਲੈਂਡ ਦੀ ਮੰਗ ਕਰਨ ਵਾਲੀ ਖਾਲਿਸਤਾਨ ਪੱਖੀ ਲਹਿਰ ਦੇ ਮੈਂਬਰਾਂ ਲਈ ਭਰੋਸੇਯੋਗ ਅਤੇ ਨਜ਼ਦੀਕੀ ਨੂੰ ਖਤਰਿਆਂ ਦੇ ਸਬੂਤ ਵੀ ਇਕੱਠੇ ਕੀਤੇ ਹਨ। ਕਮਿਸ਼ਨਰ ਮਾਈਕ ਡੂਹੇਮ ਨੇ ਇਕ ਪ੍ਰਮੁੱਖ ਟੀਵੀ ਨਾਲ ਇੰਟਰਵਿਊ ਦੌਰਾਨ ਵੀ ਖੁਲਾਸਾ ਕੀਤਾ ਹੈ ਕਿ  ਕੈਨੇਡਾ ਵਿੱਚ ਹਿੰਸਾ ਅਤੇ ਜਬਰੀ ਵਸੂਲੀ ਦੀਆਂ ਕਾਰਵਾਈਆਂ ਬਾਰੇ ਆਰਸੀਐਮਪੀ ਦੇ ਦੋਸ਼ ਭਾਰਤ  ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਜੁੜੇ ਹੋਏ ਹਨ।
ਡੂਹੇਮੇ ਨੇ ਕਿਹਾ ਕਿ ਪੁਲਿਸ ਨੇ ਸਤੰਬਰ 2023 ਤੋਂ ਹੁਣ ਤੱਕ 13 ਕੈਨੇਡੀਅਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤੀ ਏਜੰਟਾਂ ਦੁਆਰਾ ਪਰੇਸ਼ਾਨੀ ਜਾਂ ਧਮਕੀਆਂ ਦਾ ਨਿਸ਼ਾਨਾ ਬਣ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਕਈ ਧਮਕੀਆਂ ਮਿਲੀਆਂ ਹਨ।
ਡੂਹੇਮੇ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੁਆਰਾ 6 ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿਚੋ ਕੱਢਣ ਉਪਰੰਤ ਉਸਦਾ ਮੰਨਣਾ  ਹੈ ਕਿ ਧਮਕੀਆਂ ਦਾ ਸਾਹਮਣਾ ਕਰਨ ਵਾਲੇ ਲੋਕ ਹੁਣ ਸੁਰੱਖਿਅਤ ਹਨ।