Headlines

ਕੰਸਰਵੇਟਿਵ ਆਗੂ ਪੀਅਰ ਪੋਲੀਵਰ ਕੈਨੇਡੀਅਨ ਸੰਸਦ ਦੇ ਦੀਵਾਲੀ ਜਸ਼ਨਾਂ ਵਿਚ ਸ਼ਾਮਿਲ ਨਾ ਹੋਏ

ਟੋਰਾਂਟੋ ( ਸੇਖਾ)-ਕੈਨੇਡੀਅਨ ਸੰਸਦ ਭਵਨ  ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲਿਵਰ ਵਲੋਂ ਇਥੇ ਮਨਾਏ ਜਾਣ ਵਾਲੇ ਦੀਵਾਲੀ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਨਾਲ ਕੈਨੇਡੀਅਨ ਭਾਰਤੀ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।

ਇਸ ਦੀਵਾਲੀ ਸਮਾਗਮ ਦੀ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਪੀਅਰ ਪੌਲਿਵਰ ਵਲੋਂ ਇੱਕ ਦਿਨ ਪਹਿਲਾਂ ਕੀਤੇ ਨਾਂਹ ਦੇ ਐਲਾਨ ਤੋਂ ਉਸਦੇ ਖਾਸਮ-ਖਾਸ ਸਮਝੇ ਜਾਂਦੇ ਭਾਈਚਾਰੇ ਦੇ ਆਗੂਆਂ ਨੂੰ ਵੱਡਾ ਝਟਕਾ ਲੱਗਾ ਹੈ। ਪਾਰਲੀਮੈਂਟ ਵਿੱਚ ਦੀਵਾਲੀ ਜਸ਼ਨ ਮਨਾਉਣ ਦੀ ਸ਼ੁਰੂਆਤ 2001 ’ਚ ਸ਼ੁਰੂ ਹੋਈ ਸੀ ਤੇ ਹੁਣ ਤੱਕ ਹਰ ਸਾਲ ਇਸ ਨੂੰ ਧੂਮਧਾਮ ਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਮਨਾਇਆ ਜਾਂਦਾ ਹੈ।

ਓਵਰਸੀਜ਼ ਫਰੈਂਡਜ਼ ਆਫ ਇੰਡੀਆ ਕੈਨੇਡਾ ਦੇ ਪ੍ਰਧਾਨ ਸ਼ਿਵ ਭਾਸਕਰ ਨੇ ਪੀਅਰ ਪੌਲਿਵਰ ਵੱਲੋਂ ਸਮਾਗਮ ਵਿਚ ਸ਼ਮੂਲੀਅਤ ਕਰਨ ਤੋਂ ਕੀਤੀ ਗਈ ਨਾਂਹ ਤੋਂ ਬਾਅਦ ਇਕ ਚਿੱਠੀ ਲਿਖ ਕੇ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਦੇਸ਼ ਦੀ ਸਰਕਾਰ ਦੇ ਵਿਰੋਧੀ ਆਗੂ ਵਲੋਂ ਇੰਜ ਕਰ ਕੇ ਉਨ੍ਹਾਂ ਦੇ ਮਨਾਂ ਵਿੱਚ ‘ਬਿਗਾਨੇ ਅਤੇ ਵਿਦੇਸ਼ੀ’ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ। ਕਈ ਹੋਰ ਹਿੰਦੂ ਜਥੇਬੰਦੀਆਂ ਦੇ ਆਗੂਆਂ ਵਲੋਂ ਵੀ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਗਈ ਹੈ।

ਵਿਰੋਧੀ ਆਗੂ ਵਲੋਂ ਇਸ ਸਮਾਗਮ ਵਿਚ ਸ਼ਮੂਲੀਅਤ ਨਾ ਕੀਤੇ ਜਾਣ ਦਾ ਕਾਰਣ ਭਾਰਤ- ਕੈਨੇਡਾ ਸਬੰਧਾਂ ਵਿਚ ਤਣਾਅ ਨਾਲ ਜੋੜ ਕੇ ਵੇਖ ਰਹੇ ਹਨ ।