Headlines

ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਤੇ ਸਾਥੀ ਐਮ ਐਲ ਏਜ਼ ਵਲੋਂ ਦੀਵਾਲੀ ਦੀਆਂ ਵਧਾਈਆਂ

ਸਰੀ ਦੇ ਗੁਰੂ ਘਰਾਂ ਤੇ ਮੰਦਿਰ ਵਿਚ ਮੱਥਾ ਟੇਕਿਆ-

ਸਰੀ ( ਨਵਰੂਪ ਸਿੰਘ)- ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੈਡ ਨੇ ਅੱਜ ਸਥਾਨਕ ਗੁਰੂ ਘਰਾਂ ਤੇ ਮੰਦਿਰ ਵਿਚ ਮੱਥਾ ਟੇਕਣ ਮੌਕੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਸਮੂਹ ਭਾਈਚਾਰੇ ਨੂੰ ਵਧਾਈ ਦਿੰਦਿਆਂ ਰੌਸ਼ਨੀਆਂ ਦੇ ਤਿਊਹਾਰ ਮੌਕੇ ਹਰੇਕ ਦੇ ਜੀਵਨ ਵਿਚ ਖੁਸੀਆਂ ਤੇ ਰੌਸ਼ਨ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

ਗੁਰੂ ਘਰਾਂ ਤੇ ਮੰਦਿਰ ਵਿਚ ਜਾਣ ਸਮੇਂ ਜੌਹਨ ਰਸਟੈਡ ਦੇ ਨਾਲ ਐਮ ਐਲ ਏ ਮਨਦੀਪ ਧਾਲੀਵਾਲ ਤੇ ਬਰਾਇਨ ਟੈਪਰ ਵੀ ਹਾਜ਼ਰ ਸਨ। ਉਹਨਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਗੁਰਦੁਆਰਾ ਬਰੁੱਕਸਾਈਡ ਸਾਹਿਬ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਮੱਥਾ ਟੇਕਿਆ ਤੇ ਸੰਗਤ ਵਿਚ ਬੈਠਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਪਰੰਤ ਉਹ ਲਕਸ਼ਮੀ ਨਾਰਾਇਣ ਮੰਦਿਰ ਵੀ ਗਏ ਤੇ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਨੇ ਦੀਵੇ ਵੀ ਜਗਾਏ ਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਵੱਖ-ਵੱਖ ਗੁਰੂ ਘਰਾਂ ਤੇ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਹਨਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਾ ਵਟਾਂਦਰਾ ਕੀਤਾ।