Headlines

ਅਦਾਲਤ ਵਲੋਂ ਰੌਸ ਗੁਰੂ ਘਰ ਵਿਚ ਕੌਂਸਲਰ ਕੈਂਪ ਦੌਰਾਨ ਬਫਰ ਜ਼ੋਨ ਬਣਾਉਣ ਦੇ ਹੁਕਮ ਜਾਰੀ

ਖਾਲਿਸਤਾਨ ਸਮਰਥਕਾਂ ਦੇ ਰੋਸ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਜਾਰੀ ਕੀਤੇ ਹੁਕਮ-

ਵੈਨਕੂਵਰ ( ਦੇ ਪ੍ਰ ਬਿ)- ਬੀ.ਸੀ. ਸੁਪਰੀਮ ਕੋਰਟ ਨੇ ਵੈਨਕੂਵਰ ਵਿਚ ਸਥਿਤ ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਦੇ ਆਲੇ-ਦੁਆਲੇ ਬਫਰ ਜ਼ੋਨ ਸਥਾਪਤ ਕਰਨ ਦਾ ਹੁਕਮ ਜਾਰੀ ਕੀਤੇ ਹਨ ਤਾਂ ਜੋ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਭਾਰਤੀ ਕੌਸਲੇਟ ਅਧਿਕਾਰੀਆਂ ਵਲੋਂ ਲਗਾਏ ਜਾ ਰਹੇ ਕੈਂਪ ਦੌਰਾਨ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨਾਲ ਕਿਸੇ ਸੰਭਾਵੀ ਟਕਰਾਅ ਨੂੰ ਰੋਕਿਆ ਜਾ ਸਕੇ। ਇਹ ਹੁਕਮ ਖਾਲਸਾ ਦੀਵਾਨ ਸੁਸਾਇਟੀ ਵਲੋਂ  2 ਨਵੰਬਰ ਅਤੇ 16 ਨਵੰਬਰ ਨੂੰ ਯੋਜਨਾਬੱਧ ਦੋ “ਕੌਂਸਲਰ ਕੈਂਪਾਂ” ਤੋਂ ਪਹਿਲਾਂ ਅਦਾਲਤ ਤੋਂ ਕੀਤੀ ਗਈ ਮੰਗ ਉਪਰੰਤ ਜਾਰੀ ਹੋਏ ਹਨ। ਕੌਂਸਲੇਟ ਵਲੋਂ ਇਹ ਕੈਂਪ ਭਾਰਤੀ ਮੂਲ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਹਰ ਸਾਲ ਲਗਾਏ ਜਾਂਦੇ ਹਨ।  ਪਰ ਇਸ ਦੌਰਾਨ ਭਾਰਤੀ ਏਜੰਸੀਆਂ ਦੁਆਰਾ ਕੈਨੇਡਾ ਵਿਚ ਰਾਜਨੀਤਕ ਦਖਲ ਅਤੇ ਖਾਲਿਸਤਾਨੀ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ਾਂ ਉਪਰੰਤ ਖਾਲਿਸਤਾਨੀ ਸਿੱਖਾਂ ਵਲੋਂ ਇਹਨਾਂ ਕੈਂਪਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਭਾਰਤੀ ਕੌਂਸਲੇਟ ਪੱਕੇ ਤੌਰ ਤੇ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਖਾਲਸਾ ਦੀਵਾਨ ਸੁਸਾਇਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਹ ਆਰ ਸੀ ਐਮ ਪੀ ਵਲੋਂ ਭਾਰਤ ਖਿਲਾਫ ਲਗਾਏ ਗਏ ਦੋਸ਼ਾਂ ਦੀ ਰੌਸ਼ਨੀ ਵਿੱਚ ਇਸ ਸਾਲ ਕੌਂਸਲਰ ਕੈਂਪ ਦੇ ਖਿਲਾਫ “ਤਿੱਖੇ ਵਿਰੋਧ” ਦੀ ਉਮੀਦ ਕਰਦੇ ਹਨ ਜਿਸ ਕਾਰਣ ਅਦਾਲਤ ਤੋਂ ਦਖਲ ਦੀ ਮੰਗ ਕੀਤੀ ਗਈ ਹੈ।  ਗੁਰਦੁਆਰਾ ਸਾਹਿਬ ਦੇ ਵਕੀਲ ਸਕਾਟ ਟਰਨਰ ਦਾ ਕਹਿਣਾ ਹੈ ਕਿ ਖਾਲਿਸਤਾਨੀ ਸਮਰਥਕਾਂ ਵਲੋਂ ਕੌਂਸਲਰ ਕੈਂਪਾਂ ਦਾ ਵਿਰੋਧੀ ਅਣਉਚਿਤ ਹੈ ਕਿਉਂਕਿ ਲੋਕਾਂ ਨੂੰ ਕੌਂਸਲਰ ਸੇਵਾਵਾਂ ਦੀ ਲੋੜ ਹੈ ਅਤੇ ਅਸੀਂ ਕੌਂਸਲਰ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।