-ਸੁਖਵਿੰਦਰ ਸਿੰਘ ਚੋਹਲਾ-
ਪਿਛਲੇ ਦਿਨੀਂ ਆਰ ਸੀ ਐਮ ਪੀ ਵਲੋਂ ਕੈਨੇਡਾ ਵਿਚ ਕਤਲ, ਫਿਰੌਤੀਆਂ ਤੇ ਡਰਾਉਣ ਧਮਕਾਉਣ ਦੀਆਂ ਹਿੰਸਕ ਤੇ ਅਪਰਾਧਿਕ ਕਾਰਵਾਈਆਂ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਖੁਲਾਸਾ ਕਰਨ ਉਪਰੰਤ ਕੈਨੇਡਾ ਤੇ ਭਾਰਤ ਵਿਚਾਲੇ ਦੁਵੱਲੇ ਸਬੰਧ ਤਣਾਅਪੂਰਣ ਬਣੇ ਹੋਏ ਹਨ। ਦੋਵਾਂ ਮੁਲਕਾਂ ਵਲੋਂ ਇਕ ਦੂਸਰੇ ਦੇ 6-6 ਡਿਪਲੋਮੈਟਾਂ ਨੂੰ ਅਦਲੇ ਬਦਲੇ ਦੀ ਕਾਰਵਾਈ ਤਹਿਤ ਕੱਢਿਆ ਗਿਆ ਹੈ। ਇਸਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਪਾਰਲੀਮੈਂਟ ਵਿਚ ਇਹ ਬਿਆਨ ਦੇ ਚੁੱਕੇ ਹਨ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿਝਰ ਦੇ ਕਤਲ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਉਹਨਾਂ ਕੋਲ ਸਬੂਤ ਹਨ ਤੇ ਉਹਨਾਂ ਭਾਰਤ ਤੋਂ ਇਸ ਮਾਮਲੇ ਦੀ ਜਾਂਚ ਵਿਚ ਭਾਰਤ ਤੋਂ ਸਹਿਯੋਗ ਮੰਗਿਆ ਸੀ ਪਰ ਭਾਰਤ ਇਹਨਾਂ ਦੋਸ਼ਾਂ ਤੋ ਲਗਾਤਾਰ ਇਨਕਾਰ ਕਰਦਾ ਆਇਆ ਹੈ। ਕੈਨੇਡੀਅਨ ਰਾਜਨੀਤੀ ਵਿਚ ਵਿਦੇਸ਼ੀ ਦਖਲਅੰਦਾਜੀ ਦੇ ਮੁੱਦੇ ਉਪਰ ਪਹਿਲਾਂ ਹੀ ਜਾਂਚ ਚੱਲ ਰਹੀ ਹੈ ਤੇ ਹੁਣ ਆਰ ਸੀ ਐਮ ਵੱਲੋਂ ਭਾਰਤੀ ਏਜੰਟਾਂ ਦੇ ਅਪਰਾਧਿਕ ਕਾਰਵਾਈਆਂ ਵਿਚ ਸ਼ਾਮਿਲ ਹੋਣ ਦੇ ਦੋਸ਼ ਅਤਿ ਗੰਭੀਰ ਹਨ। ਇਸਤੋਂ ਵੀ ਅੱਗੇ ਹੁਣ ਕੈਨਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੋਰੀਸਨ ਨੇ ਸੰਸਦੀ ਕਮੇਟੀ ਕੋਲ ਜੋ ਖੁਲਾਸਾ ਕੀਤਾ ਹੈ ਉਹ ਅਤਿ ਹੈਰਾਨੀਜਨਕ ਅਤੇ ਗੰਭੀਰ ਹੈ। ਇਸ ਖੁਲਾਸੇ ਨਾਲ ਦੋਵਾਂ ਮੁਲਕਾਂ ਵਿਚਾਲੇ ਪਹਿਲਾਂ ਹੀ ਬਣੇ ਤਣਾਅਪੂਰਣ ਸਬੰਧਾਂ ਵਿਚ ਹੋਰ ਵਿਗਾੜ ਪੈਣ ਦੇ ਆਸਾਰ ਬਣ ਗਏ ਹਨ। ਉਪ ਵਿਦੇਸ਼ ਨੇ ਸੰਸਦੀ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਦੱਸਿਆ ਹੈ ਕਿ ਕੈਨੇਡਾ ਵਿਚ ਖਾਲਿਸਤਾਨ ਪੱਖੀ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਤੇ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਹਦਾਇਤਾਂ ਮੋਦੀ ਸਰਕਾਰ ਦੇ ਸੀਨੀਅਰ ਮੰਤਰੀ ਵਲੋਂ ਦਿੱਤੀਆਂ ਗਈਆਂ ਸਨ। ਉਹਨਾਂ ਸੰਸਦੀ ਕਮੇਟੀ ਸਾਹਮਣੇ ਸੀਨੀਅਰ ਮੰਤਰੀ ਦਾ ਸਪੱਸ਼ਟ ਨਾਮ ਲੈਂਦਿਆਂ ਕਿਹਾ ਕਿ ਇਹ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ ਜੋ ਇਹਨਾਂ ਸਭ ਅਪਰਾਧਿਕ ਕਾਰਵਾਈਆਂ ਲਈ ਹਦਾਇਤਾਂ ਦੇ ਰਿਹਾ ਹੈ। ਉਪ ਵਿਦੇਸ਼ ਮੰਤਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਲਾਹਕਾਰ ਵਲੋਂ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਇਹ ਸਨਸਨੀਖੇਜ ਰਿਪੋਰਟ ਵਾਸ਼ਿੰਗਟਨ ਪੋਸਟ ਵਿਚ ਛਪ ਚੁੱਕੀ ਹੈ। ਸੰਸਦੀ ਕਮੇਟੀ ਵਲੋਂ ਇਸ ਸਬੰਧੀ ਸਵਾਲ ਕੀਤੇ ਜਾਣ ਤੇ ਦੋਵਾਂ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਨੇ ਇਹ ਰਿਪੋਰਟ ਖੁਦ ਲੀਕ ਕੀਤੀ ਸੀ। ਕੌਮੀ ਸੁਰੱਖਿਆ ਸਲਾਹਕਾਰ ਨੇ ਇਸ ਰਿਪੋਰਟ ਨੂੰ ਲੀਕ ਕੀਤੇ ਜਾਣ ਲਈ ਹਾਮੀ ਭਰਦਿਆਂ ਇਹ ਵੀ ਕਿਹਾ ਕਿ ਉਸਨੂੰ ਅਜਿਹਾ ਕਰਨ ਲਈ ਪ੍ਰਧਾਨ ਮੰਤਰੀ ਜਾਂ ਕਿਸੇ ਕੈਨੇਡੀਅਨ ਉਚ ਤਾਕਤ ਤੋਂ ਮਨਜੂਰੀ ਲੈਣ ਦੀ ਕੋਈ ਲੋੜ ਨਹੀਂ। ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਅਜਿਹੀ ਗੰਭੀਰ ਰਿਪੋਰਟ ਦਾ ਇਕ ਅਮਰੀਕਨ ਅਖਬਾਰ ਕੋਲ ਲੀਕ ਕਰਨਾ ਤੇ ਸਬੰਧਿਤ ਅਧਿਕਾਰੀਆਂ ਵਲੋਂ ਉਸਨੂੰ ਮੰਨ ਲੈਣਾ ਵੀ ਕਈ ਸਵਾਲ ਖੜੇ ਕਰਦਾ ਹੈ। ਗਲੋਬਲ ਸਿਆਸਤ ਦੇ ਆਪਣੇ ਕਈ ਪਹਿਲੂ ਹੋ ਸਕਦੇ ਹਨ।
ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਨੇੜਲੇ ਸਾਥੀਆਂ ਵਿਚੋ ਇਕ ਹੈ| ਇਸ ਤੋਂ ਪਹਿਲਾਂ ਕੈਨੇਡੀਅਨ ਅਧਿਕਾਰੀ ਸਿਰਫ ਇਹੀ ਕਹਿੰਦੇ ਰਹੇ ਹਨ ਕਿ ਸਾਜਿਸ਼ ਪਿਛੇ ਭਾਰਤ ਸਰਕਾਰ ਦੇ ਸਭ ਤੋਂ ਉਪਰਲੇ ਪੱਧਰ ਤੱਕ ਹੱਥ ਹੋ ਸਕਦਾ ਹੈ| ਸੰਸਦੀ ਕਮੇਟੀ ਸਾਹਮਣੇ ਆਰ ਸੀ ਐਮ ਪੀ ਕਮਿਸ਼ਨਰ ਮਾਈਕ ਡੁਹੇਮੇ ਨੇ ਵੀ ਗਵਾਹੀ ਦਿੰਦਿਆਂ ਦੱਸਿਆ ਕਿ ਕੈਨੇਡਾ ਪੁਲਿਸ ਵਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਭਾਰਤੀ ਕੂਟਨੀਤਕਾਂ ਤੇ ਕੌਂਸਲਖਾਨੇ ਦੇ ਸਟਾਫ ਨੂੰ ਕੈਨੇਡਾ ਵਿਚ ਹਿੰਸਕ ਕਾਰਵਾਈਆਂ ਕਰਨ ਲਈ ਅਪਰਾਧਿਕ ਸੰਗਠਨਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਵਰਤਿਆ ਗਿਆ ਸੀ| ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੈਨੇਡੀਅਨ ਸਿੱਖਾਂ ਵਿਸ਼ੇਸ਼ ਕਰਕੇ ਖਾਲਿਸਤਾਨ ਪੱਖੀਆਂ ਉਪਰ ਹਮਲਿਆਂ ਦੇ ਖ਼ਤਰਿਆਂ ਸਬੰਧੀ ਵੀ ਸਬੂਤ ਇਕੱਤਰ ਕੀਤੇ ਹਨ| ਪੁਲਿਸ ਨੇ ਸਤੰਬਰ 2023 ਤੋਂ 13 ਕੈਨੇਡੀਅਨ ਸਿੱਖਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਭਾਰਤੀ ਏਜੰਟਾਂ ਵਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ| ਉਨ੍ਹਾਂ ਵਿਚੋਂ ਕੁਝ ਨੂੰ ਧਮਕੀਆਂ ਵੀ ਮਿਲੀਆਂ ਸਨ |
ਕੈਨੇਡੀਅਨ ਪ੍ਰਧਾਨ ਮੰਤਰੀ, ਆਰ ਸੀ ਐਮ ਪੀ ਮੁਖੀ, ਵਿਦੇਸ਼ ਮੰਤਰੀ, ਉਪ ਵਿਦੇਸ਼ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਵਲੋਂ ਭਾਰਤ ਖਿਲਾਫ ਕੈਨੇਡੀਅਨ ਧਰਤੀ ਉਪਰ ਅਪਰਾਧਿਕ ਕਾਰਵਾਈਆਂ ਕਰਵਾਉਣ ਅਤੇ ਕੈਨੇਡੀਅਨ ਨਾਗਰਿਕਾਂ ਦੀ ਜਾਨ ਮਾਲ ਖਿਲਾਫ ਸਾਜਿਸ਼ ਦੇ ਦੋਸ਼ ਅਤਿ ਗੰਭੀਰ ਹਨ। ਕੈਨੇਡਾ ਆਪਣੀ ਧਰਤੀ ਉਪਰ ਕਿਸੇ ਬਾਹਰੀ ਮੁਲਕ ਵਲੋਂ ਅਜਿਹੀ ਸ਼ਾਜਿਸ਼ ਰਚਣ ਅਤੇ ਉਸਨੂੰ ਅੰਜਾਮ ਦੇਣ ਦੇ ਅਪਰਾਧ ਲਈ ਅੰਤਰਾਸ਼ਟਰੀ ਅਦਾਲਤ ਵਿਚ ਜਾ ਸਕਦਾ ਹੈ। ਪਰ ਇਸਦੇ ਜਵਾਬ ਵਿਚ ਭਾਰਤ ਵਲੋਂ ਕੈਨੇਡੀਅਨ ਦੋਸ਼ਾਂ ਨੂੰ ਰੱਦ ਕਰਨਾ ਅਤੇ ਇਸਨੂੰ ਟਰੂਡੋ ਸਰਕਾਰ ਦਾ ਰਾਜਸੀ ਏਜੰਡਾ ਕਹਿਕੇ ਛੁਟਕਾਰਾ ਪਾਉਣਾ ਸੰਭਵ ਨਹੀਂ। ਭਾਰਤ ਦੇ ਵਿਦੇਸ਼ ਸਕੱਤਰ ਨੇ ਇਕ ਤਾਜਾ ਬਿਆਨ ਵਿਚ ਭਾਰਤ ਦੇ ਗ੍ਰਹਿ ਮੰਤਰੀ ਖਿਲਾਫ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਨਵੀ ਦਿੱਲੀ ਸਥਿਤੀ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦੋਸ਼ਾਂ ਦੇ ਖੰਡਨ ਸਬੰਧੀ ਇਕ ਲਿਖਤੀ ਨੋਟਿਸ ਦਿੱਤਾ ਹੈ। ਕੈਨੇਡੀਅਨ ਅਥਾਰਟੀ ਵਲੋਂ ਲਗਾਏ ਦੋਸ਼ਾਂ ਅਤੇ ਭਾਰਤ ਵਲੋਂ ਇਹਨਾਂ ਦਾ ਖੰਡਨ ਕਰਨਾ,ਕੇਵਲ ਬਿਆਨਬਾਜੀ ਨਹੀ ਹੈ ਬਲਕਿ ਹਕੀਕਤ ਇਹ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਸਬੰਧ ਹੋਰ ਵਿਗੜ ਗਏ ਹਨ। ਕੈਨੇਡਾ ਵਿਚ ਅਪਰਾਧਿਕ ਘਟਨਾਵਾਂ ਪਿਛੇ ਭਾਰਤੀ ਗ੍ਰਹਿ ਮੰਤਰੀ ਦਾ ਹੱਥ ਹੋਣ ਬਾਰੇ ਭਾਵੇਂਕਿ ਉਪ ਵਿਦੇਸ਼ ਮੰਤਰੀ ਨੇ ਕੋਈ ਸਬੂਤ ਪੇਸ਼ ਨਹੀ ਕੀਤਾ ਪਰ ਇਕ ਜਿੰਮੇਵਾਰ ਅਹੁਦੇ ਉਪਰ ਬੈਠੇ ਵਿਅਕਤੀ ਵਲੋਂ ਸੰਸਦੀ ਕਮੇਟੀ ਸਾਹਮਣੇ ਗਵਾਹੀ ਦੌਰਾਨ ਕਿਸੇ ਦੂਸਰੇ ਮੁਲਕ ਦੇ ਗ੍ਰਹਿ ਮੰਤਰੀ ਖਿਲਾਫ ਉਂਗਲੀ ਉਠਾਉਣੀ ਕੋਈ ਆਮ ਗੱਲ ਨਹੀਂ। ਇਸਦੇ ਜਵਾਬ ਵਿਚ ਭਾਰਤ ਵਲੋਂ ਕੇਵਲ ਖੰਡਨ ਦਾ ਬਿਆਨ ਹੁਣ ਕਾਫੀ ਨਹੀਂ। ਕੌਮਾਂਤਰੀ ਭਾਈਚਾਰੇ ਸਾਹਮਣੇ ਉਸਦੀ ਜਵਾਬਦੇਹੀ ਅਤਿ ਜ਼ਰੂਰੀ ਹੈ।