Headlines

ਪੁਸਤਕ ਸਮੀਖਿਆ-ਜ਼ਿੰਦਗੀ ਜਸ਼ਨ ਹੈ… ਲੇਖਕ ਡਾ ਗੁਰਬਖਸ਼ ਸਿੰਘ ਭੰਡਾਲ

ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਬਹੁਪੱਖੀ ਅਤੇ ਬਹੁ-ਵਿਧਾਵੀ ਲੇਖਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਇਸ ਸਾਲ ਪ੍ਰਕਾਸ਼ਿਤ ਹੋਈ ਅਨਮੋਲ ਪੁਸਤਕ “ਜ਼ਿੰਦਗੀ ਜਸ਼ਨ ਹੈ” ਦੇ ਬਾਰੇ ਕੁਝ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ। ਦਿਲ ਨੂੰ ਟੁੰਬਦੀ ਇਸ ਪੁਸਤਕ ਰਾਹੀਂ ਡਾ. ਭੰਡਾਲ ਨੇ ਪਾਠਕਾਂ ਨੂੰ ਇੱਕ ਸਕਾਰਾਤਮਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਿੰਦਗੀ ਕੋਈ ਬੋਝ ਜਾਂ ਦੁੱਖਾਂ ਦਾ ਘਰ ਨਹੀਂ, ਬਲਕਿ, ਇਹ ਤਾਂ ਕੁਦਰਤ ਦਾ ਇੱਕ ਬਿਹਤਰੀਨ ਤੋਹਫ਼ਾ ਹੈ। ਜੀਵਨ ਦੇ ਬਦਲਦੇ ਹੋਏ ਰੰਗਾਂ ਨੂੰ ਜਸ਼ਨ ਦੀ ਤਰਾਂ ਹੀ ਜਿਊਣਾ, ਮਨਾਉਣਾ ਅਤੇ ਮਾਣਨਾ ਚਾਹੀਦਾ ਹੈ। ਲੇਖਕ ਦੇ ‘ਅਲੌਕਿਕ’ ਨਜ਼ਰੀਏ ਦੀ ਤਰੀਫ਼ ਕਰਨਾ ਬਣਦਾ ਹੈ, ਕਿਉਂਕਿ ਪੁਸਤਕ ਵਿੱਚ ਬਹੁਤ ਕੁਝ ਦਿੱਖ ਅਤੇ ਅਦਿੱਖ, ਕਿਹਾ ਅਤੇ ਅਣਕਿਹਾ ਵੀ ਸ਼ਾਮਲ ਹੈ ਜੋ ਜੀਵਨ ਜਿਉਂਦਿਆਂ ਬਹੁਤੇ ਲੋਕ ਦੇਖ ਜਾਂ ਮਹਿਸੂਸ ਹੀ ਨਹੀਂ ਕਰ ਪਾਉਂਦੇ! ਵਰਤਮਾਨ ਦੀ ਤੇਜ਼-ਤਰਾਰ ਜ਼ਿੰਦਗੀ ਵਿੱਚ ਸੁੰਗੜ ਰਹੇ ਮਨੁੱਖੀ ਰਿਸ਼ਤਿਆਂ ਨਾਤਿਆਂ ਦੀ ਰੁੱਤ ਵਿੱਚ ਤਾਂ ਇਹ ਕਿਤਾਬ ਹੋਰ ਵੀ ਮਹੱਤਵਪੂਰਨ ਅਤੇ ਰੋਲ ਮਾਡਲ ਹੋ ਨਿਬੜਦੀ ਹੈ।

ਪੰਜਾਬੀ ਸਾਹਿਤ ਵਿੱਚ ਡਾ. ਗੁਰਬਖ਼ਸ਼ ਸਿੰਘ ਭੰਡਾਲ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ ਹਨ। ਇਹਨਾਂ ਦੀਆਂ ਲਿਖਤਾਂ ਦੇ ਪਾਠਕਾਂ ਦੇ ਘੇਰਾ ਵੀ ਵਿਸ਼ਾਲ ਹੈ। ਫਿਜ਼ਿਕਸ ਦੇ ‘ਖੁਸ਼ਕ ਜਿਹੇ ਵਿਸ਼ੇ’ ਦੇ ਮਾਹਰ ਹੁੰਦਿਆਂ ਹੋਇਆਂ ਵੀ ਨਿਮਰ ਅਤੇ ਮਿਠਬੋਲੜੇ ਇਨਸਾਨ ਵਜੋਂ ਵਿਚਰਨਾ ਇਹਨਾਂ ਦੀ ਅੰਤਰੀਵ ਅਤੇ ਮਾਨਸਿਕ ਸੁੰਦਰਤਾ, ਸਬਰ-ਸੰਤੋਖ, ਅਤੇ ਖ਼ਾਸੀਅਤ ਦਾ ਪ੍ਰਤੀਕ ਹੈ। ਜ਼ਿੰਦਾਦਿਲੀ ਨਾਲ ਜ਼ਿੰਦਗੀ ਨੂੰ ਜਿਉਣ ਵਾਲੇ ਇੱਕ ਜ਼ਿੰਦਾ-ਦਿਲ ਇਨਸਾਨ ਹਨ। ਸਮਾਜ ਨੂੰ ਜਾਗਰੁਕ ਕਰਨ ਪ੍ਰਤੀ ਆਪਣੀਆਂ ਜ਼ਿਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹਨ।
ਜ਼ਿੰਦਗੀ…
‘ਜ਼ਿੰਦਗੀ’ ਲਿਖਣ, ਬੋਲਣ ਜਾਂ ਸੁਣਨ ਵਿੱਚ ਇੱਕ ਛੋਟਾ ਜਿਹਾ ਸ਼ਬਦ ਲੱਗਦਾ ਹੈ ਜੋ ਆਪਣੇ ਅੰਦਰ ਬੜੇ ਗਹਿਰੇ ਅਰਥ ਅਤੇ ਰਾਜ ਸਮੋਈ ਬੈਠਾ ਹੈ। ਜ਼ਿੰਦਗੀ ਦੇ ਜਿਉਣ ਨੂੰ ਵੀ ਲੋਕਾਂ ਵਲੋਂ ਆਪਣੇ-ਆਪਣੇ ਨਜ਼ਰੀਏ ਤੋਂ ਜਾਂਚਿਆ, ਗਿਣਿਆ ਜਾਂ ਮਿਣਿਆ ਜਾਂਦਾ ਹੈ। ਭਾਵੇਂ ਜ਼ਿੰਦਗੀ ਨੂੰ ਗੁਰੂਆਂ-ਪੀਰਾਂ ਅਤੇ ਵੱਡੇ-ਵਡੇਰਿਆਂ ਦੀਆਂ ਸੇਧਾਂ ਉੱਪਰ ਤੁਰਦਿਆਂ, ਸੋਹਣੇ-ਸੁਚੱਜੇ ਢੰਗ ਨਾਲ ਅਤੇ ਜ਼ਿੰਦਾਦਿਲੀ ਨਾਲ ਗੁਜ਼ਾਰਨਾ ਇਕ ਅਦਾ ਹੈ, ਇੱਕ ਕਲਾ ਹੈ, ਗੀਤ ਹੈ,… ਅਤੇ ਇੱਕ ਜਸ਼ਨ ਵੀ ਹੈ, ਪਰ ਕਦੇ ਕਿਸੇ ਸੱਜਣ ਮਿੱਤਰ ਨੂੰ ਪੁੱਛਿਓ ਕਿ ਜ਼ਿੰਦਗੀ ਕਿਵੇਂ ਚੱਲ ਰਹੀ ਹੈ?
ਅਕਸਰ ਕਹਿਣਗੇ…
ਜ਼ਿੰਦਗੀ.. ਜੀ… ਬਸ ਚੱਲ ਹੀ ਰਹੀ ਹੈ… ਸ਼ੁਕਰ ਆ… ਰੱਬ ਦਾ
ਜ਼ਿੰਦਗੀ.. ਕਾਹਦੀ ਜੀ! ਇਹ ਤਾਂ ਬਸ ਦੁੱਖਾਂ ਦਾ ਘਰ ਈ ਆ…
ਜ਼ਿੰਦਗੀ.. ਤਾਂ ਬਸ ਜੂਨ ਕੱਟਣ ਈ ਆ…
ਜਾਂ ਫਿਰ ਬਹੁਤੀ ਵਾਰੀ ਸਭ ਠੀਕ-ਠਾਕ ਹੈ… ਜਾਂ ਵਧੀਆ ਹੈ ਕਹਿ ਕੇ.. ਓਹਲਾ ਰੱਖ ਜਾਂਦੇ ਹਨ।
ਸ਼ਾਇਦ ਹੀ ਤੁਹਾਨੂੰ ਕੋਈ ਰੱਬੀ ਰੂਹ ਜਿਹਾ ਪਿਆਰਾ ਸ਼ਖ਼ਸ ਮਿਲਿਆ ਹੋਵੇ ਜੋ ਕਹੇ..
“ਜ਼ਿੰਦਗੀ ਤਾਂ ਜਸ਼ਨ ਹੈ ਜੀ,… ਜਸ਼ਨ !!”
ਜ਼ਿੰਦਗੀ ਜਸ਼ਨ ਹੈ…
ਮਨਮੋਹਕ ਸਰਵਰਕ ਨਾਲ਼ ਸ਼ਿੰਗਾਰੀ, ਵਿਲੱਖਣ, ਸੰਵੇਦਨਸ਼ੀਲ, ਅਤੇ ਪ੍ਰਭਾਵਸ਼ਾਲੀ ਕਾਵਿ-ਵਾਰਤਕ ਸ਼ੈਲੀ ਵਾਲੀ ਇਹ ਸੰਜੀਦਾ ਰਚਨਾ ਪੜ੍ਹਨ ਵਾਲੇ ਨਾਲ ਸੰਵਾਦ ਰਚਾਉਂਦੀ ਹੈ ਅਤੇ ਉਸ ਦੀ ਰੂਹ ਨੂੰ ਧੂਹ ਵੀ ਪਾਉਂਦੀ ਹੈ। ਲੇਖਕ ਨੇ ਜੀਵਨ ਦੀਆਂ ਹਾਂ-ਪੱਖੀ ਅਤੇ ਉਸਾਰੂ ਗੱਲ-ਬਾਤਾਂ ਨੂੰ ਬਾਖ਼ੂਬੀ ਨਾਲ ਗੌਲਿਆ ਅਤੇ ਉਭਾਰਿਆ ਹੈ। ਪੁਸਤਕ ਨੂੰ ਪੜ੍ਹਦਿਆਂ ਲੇਖਕ ਦੀ ਉਸਾਰੂ ਬਿਰਤੀ ਅਤੇ ਸਕਾਰਾਤਮਕ ਸੋਚ ਦੀ ਅਥਾਹ ਸ਼ਕਤੀ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਬਹੁਤੀ ਵਾਰੀ ਬਹੁਤੇ ਲੋਕ ਜ਼ਿੰਦਗੀ ਨੂੰ ਸਿਰਫ ਆਪਣੇ ਹੰਢਾਏ ਹੋਏ ਵਰ੍ਹਿਆਂ ਦੀਆਂ ਗਿਣਤੀਆਂ-ਮਿਣਤੀਆਂ ਦੇ ਪੈਮਾਨੇ ਨਾਲ ਹੀ ਮਿਣਦੇ ਹਨ ਨਾ ਕਿ ਜੀਵਨ ਵਿੱਚ ਮਾਣੇ ਹੋਏ ਹੁਸੀਨ ਅਤੇ ਯਾਦਗਾਰੀ ਪਲਾਂ ਨਾਲ। ਜ਼ਿੰਦਗੀ ਜੀਉਣਾ ਵੀ ਇੱਕ ਅਦਾ ਹੈ, ਜਿਸ ਨੂੰ ਇਸ ਕਿਤਾਬ ਦੇ ਵੱਖ ਵੱਖ ਲੇਖਾਂ ਵਿੱਚ ਬਾਖ਼ੂਬੀ ਨਾਲ ਵਰਨਣ ਕੀਤਾ ਗਿਆ ਹੈ। ਜ਼ਿੰਦਗੀ ਦੀ ਇਹ ਕਿਤਾਬ ਜ਼ਿੰਦਗੀ ਨੂੰ ‘ਨਕਾਰਾਤਮਕ’ ਦੀ ਬਜਾਏ ਇੱਕ ‘ਸਕਾਰਾਤਮਕ’ ਸੋਚ ਨਾਲ ਜੀਉਣ ਲਈ ਪ੍ਰੇਰਿਤ ਕਰਦੀ ਹੈ। ਕਿਤਾਬ ਦੇ ਲੇਖ ਅਜਿਹੀਆਂ ਜੀਵਨ ਜੁਗਤਾਂ ਅਤੇ ਰਸੀਲੇ ਬੋਲਾਂ ਨਾਲ ਸੇਧ ਦੇ ਰਹੇ ਹਨ।
ਚੰਗਾ ਲੱਗਦਾ ਹੈ…
ਘਰ ਨੂੰ, ਘਰ ਤੋਂ ਦੂਰ ਜਾਂਦੀਆਂ ਪੈੜਾਂ ਦਾ ਘਰ ਨੂੰ ਮੁੜਨਾ!
ਰੁੰਡ-ਮਰੁੰਡ ਰੁੱੜਖ ਦੀ ਟਾਹਣੀ ‘ਤੇ ਲਗਰਾਂ ਦਾ ਫੁੱਟਣਾ!
ਰਾਹ ਭੁੱਲ ਚੁੱਕੇ ਰਾਹੀ ਨੂੰ ਕਿਸੇ ਰਾਹਗੀਰ ਦਾ ਮਿਲਣਾ!
ਮਾਰੂਥਲ ਵਿੱਚ ਉੱਗੀ ਥ੍ਹੋਰ ਨੂੰ ਜਦ ਉਸਦੀ ਹਿੱਕ ‘ਤੇ ਫੁੱਲ ਖਿੜਦਾ ਹੈ!
ਅਤੇ ਬਹੁਤ ਚੰਗਾ ਲੱਗਦਾ ਹੈ ..
ਸਹਿਕਦੇ ਦਰਿਆਵਾਂ ਨੂੰ ਹੋਂਦ ਦਾ ਅਹਿਸਾਸ ਕਰਾਣਾ!!
ਖ਼ੈਰ ਹੋਵੇ ਸਹੀ… ਬੀਬਾ! ਦੇਰ ਨਾ ਕਰਿਓ…
ਪਰਦੇਸ ਭਾਵੇਂ ਦੇਸ ਵਿੱਚ ਹੀ ਹੋਵੇ ਜਾਂ ਫਿਰ ਸੱਤ ਸਮੁੰਦਰੋਂ ਪਾਰ ਹੋਵੇ, ਪਰਦੇਸੀ ਅਕਸਰ ਦੂਹਰੀ ਜ਼ਿੰਦਗੀ ਜਿਉਣ ਦਾ ਸੰਤਾਪ ਭੋਗਦੇ ਹਨ। ਆਪਣੇ ਦੇਸ (ਪਿੰਡ) ਵੱਲੋਂ ਦੋਸਤਾਂ-ਮਿੱਤਰਾਂ ਜਾਂ ਸਕੇ-ਸੰਬੰਧੀਆਂ ਦੇ ਸੁੱਖ ਸੁਨੇਹੇ ਉਹਨਾਂ ਉਦਾਸ ਮਨਾਂ ਵਿੱਚ ਰੂਹ ਭਰ ਜਾਂਦੇ ਹਨ… ਸੁੱਖ ਸਾਂਦ ਦੀ ਖ਼ਬਰ ਦੇ ਜਾਂਦੇ ਹਨ। ਸੱਜਣ ਪਿਆਰਿਆਂ ਦੀਆਂ ਖ਼ਾਮੋਸ਼ੀਆਂ ਅਤੇ ਚਿੱਠੀਆਂ ਤੇ ਸੁਨੇਹਿਆਂ ਬਾਝੋਂ ਖ਼ਾਲੀ ਅਤੇ ਤਰਸ ਰਹੇ ਮੇਲ ਬਾਕਸ ਕਿਸੇ ਤੁਫ਼ਾਨ ਦੇ ਖ਼ੌਫ਼ ਵਾਂਗ ਡਰਾਉਂਦੇ ਹਨ। ਅਜਿਹੀ ਹੀ ਇੱਕ ਸਥਿਤੀ ਲੇਖਕ ਨੂੰ ਬੜਾ ਭਾਵੁਕ ਕਰ ਜਾਂਦੀ ਹੈ। ਉਸ ਦਾ ਕੋਮਲ, ਸੰਵੇਦਨਸ਼ੀਲ, ਅਤੇ ਚਿੰਤਕ ਕਵੀ ਮਨ ਪੁਕਾਰ ਰਿਹਾ ਹੈ…
ਮਿੱਤਰ ਦੇ ਖ਼ਤ ਦੀ ਦਸਤਕ
ਪਿੰਡ ਨੂੰ ਜਾਂਦੇ ਰਾਹ ਵਰਗੀ
ਫਿਰਨੀ ਤੇ ਉੱਗੀ ਚਾਅ ਵਰਗੀ
ਤੇ ਦਰਗਾਹ ਤੇ ਆਉਂਦੀ ਦੁਆ ਵਰਗੀ।
ਮਿੱਤਰ ਦੇ ਖ਼ਤ ਦੇ ਅੱਖਰ
ਸੋਚਾਂ ਵਿੱਚ ਵੱਸਦੀ ਦੁਆ ਵਰਗੇ
ਰੂਹ ਨੂੰ ਜਾਂਦੇ ਰਾਹ ਵਰਗੇ
ਤੇ ਵਗਦੀ ਨਦੀ ਦੇ ਵਹਾਅ ਵਰਗੇ।
ਅਸੀਂ ਸਭ ਜਾਣਦੇ ਹਾਂ ਅਤੇ ਕਾਰਨ ਕੋਈ ਵੀ ਹੋਵੇ, ਪਰ ਜੀਵਨ ਜਿਉਂਦਿਆਂ, ਵੇਲੇ-ਕੁਵੇਲੇ, ਜਾਣੇ-ਅਣਜਾਣੇ ਅਕਸਰ ਕਈ ਤਰਾਂ ਦੀਆਂ ਦੇਰਾਂ ਹੋ ਜਾਂਦੀਆਂ ਹਨ। ਜਾਂ ਫਿਰ ਕਈ ਵਾਰ ਜਾਣ ਬੁੱਝ ਕੇ ਵੀ ਦੇਰ ਕਰ ਦਿੱਤੀ ਜਾਂਦੀ ਹੈ। ਕਈ ਵਾਰੀ ਹੋ ਗਈ ਜਾਂ ਫਿਰ ਕਰ ਦਿੱਤੀ ਦੇਰ ਨਾਲ ਜ਼ਿੰਦਗੀ ਵਿੱਚ ਨ੍ਹੇਰ ਵੀ ਆ ਬਹੁੜਦਾ ਹੈ।
ਲੇਖਕ ਦੇਰ ਨਾ ਕਰਨ ਦੀ ਤਾਕੀਦ ਕਰ ਰਿਹਾ ਹੈ ਕਿ ਸੱਜਣੋ…
ਕਿਸੇ ਚੰਗੇ ਕੰਮ ਦੀ ਸ਼ੁਰੂਆਤ ਜਾਂ ਫਿਰ ਮੁਆਫ਼ੀਨਾਮੇ ਲਈ ਕਦੇ ਦੇਰ ਨਾ ਕਰਿਓ!
ਆਪਣੇ ਦੋਸਤਾਂ-ਮਿੱਤਰਾਂ ਨੂੰ ਮਿਲਣ ਜਾਂ ਸੁੱਖ-ਸਾਂਦ ਪੁੱਛਣ ਵਿੱਚ ਦੇਰ ਨਾ ਕਰਿਓ!
ਰੁੱਸਿਆਂ ਨੂੰ ਮਨਾਉਣ ਤੇ ਗਿਲੇ ਸ਼ਿਕਵੇ ਦੂਰ ਕਰਨ ਵਿੱਚ ਦੇਰ ਨਾ ਕਰਿਓ!
ਮਾਂ ਨੂੰ ਮਿਲਣ ਲਈ ਦੇਰ ਨਾ ਕਰਿਓ ਜਾਂ ਮੰਜ਼ਲ ਵੱਲ ਵਧਦੇ ਕਦਮਾਂ ਲਈ ਦੇਰ ਨਾ ਕਰਿਓ!
ਜੇ ਦੇਰੀ ਕਰਨੀ ਹੀ ਹੈ ਤਾਂ… ਗਲਤ ਰਾਹਾਂ ‘ਤੇ ਤੁਰਨ ਤੋਂ ਕਰਿਓ!
ਰਾਹ ਤੇ ਰਿਸ਼ਤੇ… ਵਿੱਥਾਂ ਤੇ ਵਿਰਲਾਂ…
ਜੀਵਨ ਦੇ ਕੱਚੇ-ਪੱਕੇ ਪੈਂਡਿਆਂ ਅਤੇ ਰਿਸ਼ਤਿਆਂ ਦੇ ਸਬੰਧਾਂ ਵਿੱਚ ਪੰਨਾ 44 ਉੱਪਰ ਲੇਖਕ ਨੇ ਖ਼ੂਬਸੂਰਤੀ ਨਾਲ ਲਿਖਿਆ ਹੈ ਕਿ ਰਾਹ ਅਤੇ ਰਿਸ਼ਤਿਆਂ ਦਾ ਵੀ ਅਜਬ ਜਿਹਾ ਸਬੰਧ ਹੁੰਦਾ ਹੈ ਜੋ ਬਹੁਤ ਸਾਰੇ ਰਾਹਾਂ ਅਤੇ ਰਿਸ਼ਤਿਆਂ ਦੀ ਧਰਾਤਲ ਬਣਦਾ ਹੈ। ਕਦੇ-ਕਦੇ ਰਾਹਾਂ ਵਿੱਚੋਂ ਹੀ ਰਿਸ਼ਤੇ ਸਿਰਜੇ ਜਾਂਦੇ ਹਨ ਅਤੇ ਕਦੇ-ਕਦੇ ਰਿਸ਼ਤਿਆਂ ਵਿੱਚੋਂ ਬਹੁਤ ਸਾਰੇ ਰਾਹ ਵੀ ਨਿਕਲ ਆਉਂਦੇ ਹਨ। ਹਰ ਕਿਸੇ ਨੂੰ ਮੁਕੰਮਲ ਜਹਾਨ ਤਾਂ ਕਦੇ ਵੀ ਨਹੀਂ ਮਿਲਦਾ…।ਪਲ ਪਲ ਵਿੱਚ ਬੀਤਦੀ ਜ਼ਿੰਦਗੀ ਦੇ ਵੀ ਅਨੇਕਾਂ ਵੰਨ-ਸੁਵੰਨੇ ਰੰਗ ਹੁੰਦੇ ਹਨ ਅਤੇ ਹਰੇਕ ਰੰਗ ਦਾ ਆਪਣਾ ਹੀ ਮਹੱਤਵ ਵੀ ਹੁੰਦਾ ਹੈ। ਐਥੇ ਹੀ ਲੇਖਕ ਬੜੇ ਕੰਮ ਦੀ ਗੱਲ ਕਰਦਾ ਹੋਇਆ ਉਚੀ ਸੁਰ ਵਿੱਚ ਪੁਕਾਰ ਰਿਹਾ ਹੈ…
“ਕੋਈ ਵੀ ਜ਼ਿੰਦਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ। ‘ਜ਼ਿੰਦਗੀ ਰੂਪੀ ਮਹਿਲ’ ਵਿੱਚ ਹੁੰਦੀਆਂ ਨੇ ਕੁਝ ਤਰੇੜਾਂ, ਵਿਰਲਾਂ, ਝਰੋਖੇ, ਤਾਕੀਆਂ, ਝੀਤਾਂ ਅਤੇ ਕੁਝ ਛੇਕ ਵੀ। ਕਦੇ ਕਦਾਈਂ ਇਹ ਵਿਰਲਾਂ ਵਾ ਦੇ ਆਣ-ਜਾਣ ਅਤੇ ਅੰਦਰਲੀ ਗੰਦਗੀ ਨੂੰ ਬਾਹਰ ਨਿਕਲਣ ਦਾ ਰਾਹ ਹੁੰਦੀਆਂ ਹਨ। ਪਰ ਕਈ ਵਾਰੀ ਇਹੀ ਵਿਰਲਾਂ ਜ਼ਿੰਦਗੀ ਦੀ ਮਜ਼ਬੂਤੀ ਨੂੰ ਖੋਰਦੀਆਂ ਹਨ ਅਤੇ ਇਸ ਦੀਆਂ ਨੀਂਹਾਂ ਨੂੰ ਖੋਖਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਜ਼ਿੰਦਗੀ ਦੇ ਰਿਸ਼ਤੇ ਨਿਭਦੇ ਨੇ ਵਿਸ਼ਵਾਸ ਨਾਲ, ਆਸ ਨਾਲ, ਧਰਵਾਸ ਨਾਲ ਅਤੇ ਖੁਲਾਸ ਨਾਲ।”
ਮਿਲਾਂਗੇ ਸੱਜਣ…
ਜ਼ਿੰਦਗੀ ਜਿਉਂਦਿਆਂ ਸਮਾਜਿਕ ਰਿਸ਼ਤਿਆਂ ਦੇ ਤਾਣਿਆਂ-ਬਾਣਿਆਂ ਦਰਮਿਆਨ ‘ਮੇਲ ਮਿਲਾਪ’ ਆਪਸੀ ਸਾਂਝਾਂ ਦੀ ਨਿਸ਼ਾਨੀ ਹੁੰਦੀ ਹੈ ਜਿਸ ਨੂੰ ਲੇਖਕ ਨੇ ਸ਼ਬਦਾਂ ਦੀ ਜਾਦੂਗਰੀ ਨਾਲ ਪੰਨਾ 58 ਤੇ ਬਿਆਨ ਕੀਤਾ ਹੈ। ਮਿਲਾਪ ਖ਼ੁਦ ਦੇ ਖ਼ੁਦ ਨੂੰ ਮਿਲਣ ਦਾ ਹੋਵੇ ਜਾਂ ਫਿਰ ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਮੇਲ-ਮਿਲਾਪ…
ਮਿਲਾਂਗੇ ਸੱਜਣ
ਅੰਬਰ ਦੀ ਛੱਤ ਹੇਠ
ਤਾਰਿਆਂ ਦੀ ਛਾਵੇਂ
ਚਾਨਣੀ ਦੀ ਬੁੱਕਲ਼ ਮਾਰ
ਬਿਰਖਾਂ ਦੇ ਝੁੱਰਮਟੀਂ
ਅਤੇ ਵਗਦੇ ਪਾਣੀ ਦੇ ਕੰਡੇ।
ਐ ਮਨਾ ! ਔਕਾਤ ਵਿੱਚ ਰਹਿ…
ਲੇਖਕ ਔਕਾਤ ਅਤੇ ਹੈਸੀਅਤ ਦੀ ਗੱਲ ਕਰਦਾ ਕਰਦਾ ਅੱਗੇ ਕਹਿ ਰਿਹਾ ਹੈ –
“ਰੁੱਸਿਆ ਨਾ ਕਰੋ ਯਾਰ! ਨਦੀ ਕਿਨਾਰੇ ਰੁੱਖੜੇ ਹਾਂ ਪਤਾ ਨਹੀਂ ਕਦੋਂ ਸਾਹ ਹੀ ਰੁੱਸ ਜਾਣ।”
ਗੁਰਬਾਣੀ ਵੀ ਤਾਂ ਇਹੀ ਕਹਿ ਰਹੀ ਹੈ ਕਿ ਬੰਦਿਆਂ ਅਗਲੇ ਸਾਹ ਦੀ ਤਾਂ ਗਰੰਟੀ ਨਹੀਂ ਫਿਰ ਮਾਣ ਕਿਸ ਗੱਲ ਦਾ ਕਰਨਾ?
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ॥

ਕੇਵਲ ਬੰਦੇ ਦਾ ਬੰਦੇ ਨਾਲ ਰੁੱਸਣਾ ਹੀ ਨਹੀਂ, ਬਲਕਿ ਬੰਦੇ ਦੀ ਰੂਹ ਦਾ ਖ਼ੁਦ ਬੰਦੇ ਨਾਲੋਂ ਰੁੱਸਣਾ ਵੀ ਬੰਦੇ ਨੂੰ ਅਰਥਹੀਣ ਬਣਾ ਦਿੰਦਾ ਹੈ…

ਮੈਂ ਵੀ ਰੁੱਸਿਆ ਤੇ ਉਹ ਵੀ ਰੁੱਸਿਆ
ਤੇ ਹੋ ਗਈ ਜਗ-ਹਸਾਈ।
ਕਿਸ ਨੂੰ ਕੌਣ ਮਨਾਵੇ ਸੋਚਦਿਆਂ
ਸਾਰੀ ਉਮਰ ਲੰਘਾਈ।
ਚੰਗਾ ਲੱਗਦਾ ਹੈ ਆਪੇ ਨੂੰ ਜਦ ਅਸੀਂ ਆਪੇ ਨੂੰ ਪਿਆਰ ਕਰਦੇ ਹਾਂ ਅਤੇ ਮਿਲੀਆਂ ਰਹਿਮਤਾਂ ਦੀ ਸ਼ੁਕਰਗੁਜ਼ਾਰੀ ਵਿੱਚੋਂ ਖ਼ੁਦ ਨੂੰ ਨਵੀਂ ਦਿਸ਼ਾ ਦਿੰਦੇ ਹਾਂ।
ਚੱਲ ਮੀਆਂ ! ਬੰਦੇ ਨੂੰ ਲੱਭੀਏ…
ਲੇਖਕ ਬੜੀ ਨਿਵੇਕਲੀ ਪਹੁੰਚ ਨਾਲ ਜ਼ਿੰਦਗੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਅਸਾਨੀ ਨਾਲ ਜਾ ਹੱਥ ਪਾਉਂਦਾ ਹੈ। ਬੰਦਿਆਂ ਦੀ ਭੀੜ ਵਿੱਚ ਗੁਆਚੇ ਹੋਏ ਬੰਦੇ ਅਤੇ ਬੰਦੇ ਦੇ ਅੰਤਰੀਵ ਵਿੱਚੋਂ ਹੀ ਗਾਇਬ ਹੋਏ ਬੰਦੇ ਦੇ ਅਜੋਕੇ ਸੱਚ ਦਾ ਇਵੇਂ ਵਰਨਣ ਕੀਤਾ ਹੈ…
ਚੱਲ ਮੀਆਂ ! ਬੰਦੇ ਨੂੰ ਲੱਭੀਏ…
ਬੰਦੇ ‘ਚੋ ਬੰਦਾ ਕਿੰਝ ਭਾਲਾਂ
ਬੰਦਿਆਂ ਦੇ ਰੂਪ ਹਜ਼ਾਰਾਂ।
ਕੁਝ ਉੱਜੜੀਆਂ ਬਸਤੀਆਂ ਵਰਗੇ
ਕੁਝ ਮਹਿਕਦੀਆਂ ਗੁਲਜ਼ਾਰਾਂ।
ਅੰਦਰਲੇ ਬੰਦੇ ਦਾ ਕੋਰਾ ਵਰਕਾ
ਸ਼ਬਦ ਸ਼ਬਦ ਜਦ ਹੋਵੇ
ਤਾਂ ਬਹਿ ਖ਼ੁਦ ਦੀ ਹੀ ਬੁੱਕਲੇ
ਲਿਖਦਾ ਰੂਹ-ਪੁਕਾਰਾਂ।

ਕਵਿਤਾ ਤਾਂ ਹਾਜ਼ਰ-ਨਾਜ਼ਰ ਹੈ…

ਇਹ ਪੁਸਤਕ ਵਾਰਤਕ ਅਤੇ ਕਵਿਤਾ ਦਾ ਅਦਭੁਤ ਸੁਮੇਲ ਹੈ। ਜ਼ਿੰਦਗੀ ਦੀ ਕਵਿਤਾ ਵਾਰੇ ਲੇਖਕ ਦਾ ਨਜ਼ਰੀਆ ਹੈ ਕਿ ਕਵਿਤਾ ਤਾਂ ਸਾਡੇ ਆਲੇ-ਦੁਆਲੇ ਜਾਂ ਚੌਗਿਰਦੇ ਵਿੱਚ ਹਾਜ਼ਰ-ਨਾਜ਼ਰ ਹੀ ਹੁੰਦੀ ਹੈ। ਉਹ ਤੁਹਾਡੀ ਰੂਹ ਨਾਲ ਸੰਵਾਦ ਰਚਾਉਂਦੀ ਹੈ ਅਤੇ ਸੂਖਮ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੈ। ਕਵਿਤਾ ਕੁਦਰਤ ਦੀ ਦਾਤ ਹੈ। ਵਿੱਦਿਆ ਦੀ ਗੁਲਾਮ ਨਹੀਂ ਹੈ। ਨਾ ਹੀ ਇਸ ਨੂੰ ਕਿਸੇ ਵਿਧਾ ਰਾਹੀਂ ਸਿੱਖਿਆ ਜਾਂ ਸਿਖਾਇਆ ਜਾ ਸਕਦਾ ਹੈ। ਇਸੇ ਤਰਾਂ ਕਵਿਤਾ ਨੂੰ ਸੁਣਨਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਅਤੇ ਨਾ ਹੀ ਹਰ ਕੋਈ ਇਸ ਨੂੰ ਸੁਣਨ ਦਾ ਚਾਹਵਾਨ ਹੀ ਹੁੰਦਾ ਹੈ। ਕਵਿਤਾ ਬਾਰੇ ਲੇਖਕ ਦੀ ਕਵਿਤਾ ਪੰਨਾ 123 ਤੇ ਇੰਜ ਬੋਲ ਰਹੀ ਹੈ…
ਕਵਿਤਾ ਵਿੱਚੋਂ ਕਵਿਤਾ ਉੱਗਦੀ ਅਤੇ ਕਵਿਤਾ ਵਿੱਚੋਂ ਸਾਹ।
ਕਵਿਤਾ ਵਿੱਚੋਂ ਮੰਜ਼ਲ ਦਿਸਦੀ ਹੈ ਤੇ ਕਵਿਤਾ ਬਣਦੀ ਰਾਹ।
ਇਹ ਅਟੱਲ ਸੱਚ ਹੈ ਕਿ ਜ਼ਿੰਦਗੀ ਵਿੱਚ ਦੋਸਤ ਆਉਂਦੇ ਹਨ ਅਤੇ ਕਈ ਆ ਕੇ ਚਲੇ ਵੀ ਜਾਂਦੇ ਹਨ। ‘ਕੁਝ ਕੁ’ ਉਮਰ ਭਰ ਦੋਸਤੀ ਨਿਭਾ ਵੀ ਜਾਂਦੇ ਹਨ। ਜਦ ਗੂੜ੍ਹੇ ਦੋਸਤ ਹੀ ਦੋਸਤਾਂ ਨੂੰ ਮਿਲਣੋਂ ਗਿਲਣੋਂ ਵੀ ਹਟ ਜਾਣ ਤਾਂ ਮਨ ਉਦਾਸ ਹੁੰਦਾ ਹੈ ਅਤੇ ਹਿਰਖ ਵੀ ਹੁੰਦਾ ਹੈ। ਲੇਖਕ ਦੀਆਂ ਇਹ ਭਾਵੁਕ ਲਾਈਨਾਂ ਖ਼ੁਦ ਬੋਲ ਰਹੀਆਂ ਹਨ…
ਕਵਿਤਾ ਤਾਂ ਉਨ੍ਹਾਂ ਦੋਸਤਾਂ ਬਾਰੇ ਵੀ ਲਿਖਾਂਗਾ ਜੇ ਮਿਲਣੋਂ ਹੀ ਗਏ…
ਮਿਲਣ ਦੀ ਜੁਸਤਜੂ ਪਾਲਣ ਵਾਲੀ ਕਵਿਤਾ ਜ਼ਰੂਰ ਲਿਖਾਂਗਾ, ਆਪਣੇ ਮਿੱਤਰਾਂ ਲਈ ਜਿਨ੍ਹਾਂ ਕਾਰਨ ਲਏ ਹੋਏ ਸਾਹ ਮੇਰੀ ਜ਼ਿੰਦਗੀ ਬਣ ਗਏ।

ਉਮਰਾਂ ਦੀ ਧੂੜ ਝਾੜੋ…

ਇਹ ਸੱਚ ਹੈ ਕਿ ਉਮਰ ਦੇ ਸਾਲਾਂ ਦੀ ਗਿਣਤੀ ਨੂੰ ਵਧਣ ਘਟਣ ਤੋਂ ਨਹੀਂ ਰੋਕਿਆ ਜਾ ਸਕਦਾ। ਜ਼ਿੰਦਗੀ ਨੂੰ ਅਸੀਂ ਅਕਸਰ ਉਮਰਾਂ ਨਾਲ ਨੱਥੀ ਕਰੀ ਛੱਡਦੇ ਹਾਂ ਅਤੇ ਉਮਰਾਂ ਦੀ ਧੂੜ ਥੱਲੇ ਦੱਬੀ ਹੀ ਰੱਖਦੇ ਹਾਂ।
“ਉਮਰਾਂ ਦੀ ਧੂੜ ਝਾੜੋ” ਲੇਖ ਵਿੱਚ ਲੇਖਕ ਪੁਰ ਜ਼ੋਰ ਬੋਲ ਰਿਹਾ ਹੈ..
ਜ਼ਿੰਦਗੀ ਦਾ ਹਰ ਪਲ ਕੀਮਤੀ ਹੈ। ਹਰ ਸਾਹ ਅਮੁੱਲ ਹੈ। ਹਰ ਕਦਮ ਤੁਹਾਡੇ ਸਫ਼ਰ ਦਾ ਗਵਾਹ ਵੀ ਹੈ। ਜ਼ਿੰਦਗੀ ਜਿਉਣ ਲਈ ਉਮਰ ਨੂੰ ਵਗਾਹ ਮਾਰੋ…ਕਦੇ ਬੱਚਿਆਂ ਨਾਲ ਬੱਚੇ ਬਣੋ। ਵਕਤ-ਬੇਵਕਤ ਆਪਣੀ ਮਾਨਸਿਕਤਾ ਵਿੱਚੋਂ ਸਾਲਾਂ ਦੀ ਝਾੜ-ਪੂੰਝ ਕਰਦੇ ਰਹੋ ਅਤੇ ਉਮਰ ਦੇ ਆਖ਼ਰੀ ਪਹਿਰ ਨੂੰ ਰੱਜ ਕੇ ਜੀਓ!!

ਮੈਂ ਕਿਤਾਬ ਬੋਲਦੀ ਹਾਂ…

ਸ਼ਾਇਦ ਹੀ ਕਿਸੇ ਪੜ੍ਹਨ ਵਾਲੇ ਨੂੰ ਇਹ ਲਾਈਨ ਅਜੀਬ ਲੱਗਦੀ ਹੋਵੇ…। ਇਹ ਸੱਚ ਹੈ ਕਿ ਕਿਤਾਬਾਂ ਸਾਡੇ ਚੰਗੇ ਦੋਸਤਾਂ ਦੇ ਵਾਂਗ ਹੀ ਹੁੰਦੀਆਂ ਹਨ। ਹੋਣ ਭਾਵੇਂ ਥੋੜ੍ਹੀਆਂ ਪਰ ਹੋਣ ਚੰਗੀਆਂ। ਚੰਗੀਆਂ ਕਿਤਾਬਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਕਿਤਾਬਾਂ ਤੁਹਾਡੇ ਅੰਗ ਸੰਗ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ ਅਤੇ ਗੱਲ-ਬਾਤ ਵੀ ਕਰਨੀ ਚਾਹੀਦੀ ਹੈ।
ਕਿਤਾਬ ਦੀ ਅਹਿਮੀਅਤ ਨੂੰ ਲੇਖਕ ਨੇ ਪੰਨਾ 186 ਉੱਪਰ ਇੰਜ ਬਿਆਨ ਕੀਤਾ ਹੈ,… “ ਮੈਂ ਕਿਤਾਬ ਹਾਂ। ਹੱਥ ਜੋੜਦੀ ਹਾਂ ਕਿ ਮੇਰਾ ਸੰਗ ਮਾਣੋ। ਮੇਰੇ ਵਿੱਚ ਉੱਕਰੀਆਂ ਸਿਆਣਪਾਂ ਨੂੰ ਆਪਣੀ ਸੋਝੀ ਦਾ ਹਿੱਸਾ ਬਣਾਓ। ਜਦ ਤੁਸੀਂ ਮੈਨੂੰ ਪੜ੍ਹੋਗੇ ਤਾਂ ਤੁਸੀਂ ਆਪਣੇ ਅੰਤਰੀਵ ਨੂੰ ਵੀ ਪੜ੍ਹ ਸਕੋਗੇ।”

ਜ਼ਿੰਦਗੀ ਦਾ ਗੀਤ…

ਜ਼ਿੰਦਗੀ ਤਾਂ ਜਸ਼ਨ ਹੈ… ਅਤੇ ਇਸ ਦਾ ਗੀਤ ਜਸ਼ਨਾਂ ਦਾ ਗੀਤ ਜੋ ਜਿਊਣ ਜੋਗੀਆਂ ਰੂਹਾਂ ਗਾਉਂਦੀਆਂ ਹਨ। ਸਭ ਤੋਂ ਅਹਿਮ ਹੁੰਦਾ ਹੈ ਇਸ ਗੀਤ ਨੂੰ ਆਪਣੇ ਅੰਤਰੀਵ ਵਿੱਚ ਰੂਹ ਨਾਲ ਲਿਖਣਾ। ਸਕਾਰਾਤਮਕ ਸੋਚ ਨਾਲ ਡਾ. ਭੰਡਾਲ ਕਹਿ ਰਹੇ ਹਨ ਕਿ,…” ਜ਼ਿੰਦਗੀ ਦੇ ਜਸ਼ਨ ਨੂੰ ਮਨਾਉਂਦਿਆਂ ਹੀ ਇਸ ਤੋਂ ਰੁਖ਼ਸਤ ਹੋਣਾ, ਜ਼ਿੰਦਗੀ ਦਾ ਸੁੱਚਮ ਹੁੰਦਾ ਹੈ। ਇਸ ਲਈ ਜ਼ਿੰਦਗੀ ਦਾ ਗੀਤ ਗਾਉਂਦੇ ਰਹੋ।”
ਦੋਸਤੋ, ਇਸ ਪੁਸਤਕ ਵਿੱਚ ਲੇਖਕ ਦਾ ਅੰਤਰੀਵ ਬੋਲ ਰਿਹਾ ਹੈ ਅਤੇ ਪੁਸਤਕ ਨੂੰ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਕਿ ਲੇਖਕ ਜ਼ਿੰਦਗੀ ਨੂੰ ਜਿਉਣ ਬਾਬਤ ਆਪਣਾ ਨਜ਼ਰੀਆ ਅਤੇ ਸੇਧ-ਸੁਨੇਹਾ ਪਾਠਕ ਨੂੰ ਦੇਣ ਵਿੱਚ ਕਾਮਯਾਬ ਹੋਇਆ ਹੈ। ਸ਼ਬਦਾਂ ਦੀ ਇਹ ਸਾਂਝ ਜ਼ਿੰਦਗੀ ਦੇ ਸਫ਼ਰ ਵਿੱਚ ਸਾਡਾ ਮਾਰਗ ਦਰਸ਼ਨ ਕਰ ਰਹੀ ਹੈ ਅਤੇ ਰਾਹ ਪੱਧਰਾ ਕਰਦਿਆਂ ਤੁਰਨ ਦਾ ਹੌਸਲਾ ਵੀ ਦੇ ਰਹੀ ਹੈ। ਸਾਹਿਤ ਪ੍ਰੇਮੀਆਂ ਨੂੰ ਇਹ ਰੌਚਿਕ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਤੇ ਇਸ ਵਿੱਚ ਉੱਕਰੀਆਂ ਸਿਆਣਪਾਂ ਨੂੰ ਆਪਣੀ ਸੋਝੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹੋ ਜਿਹੀਆਂ ਪੁਸਤਕਾਂ ਲਾਇਬਰੇਰੀਆਂ ਦਾ ਹਿੱਸਾ ਵੀ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਅਤੇ ਵੱਡੇ ਇਨ੍ਹਾਂ ਤੋਂ ਸੇਧ ਲੈ ਸਕਣ, ਸਿੱਖ ਸਕਣ, ਅਤੇ ਜ਼ਿੰਦਗੀ ਨੂੰ ਜਸ਼ਨ ਵਾਂਗ ਵੀ ਮਾਣ ਸਕਣ। ਹਰੇਕ ਨੂੰ ਆਪਣੇ ਆਪਣੇ ਹਿੱਸੇ ਦੀ ਸ਼ੁਰੂਆਤ ਤਾਂ ਕਰਨੀ ਬਣਦੀ ਹੀ ਹੈ। ਸਮਾਜ ਨੂੰ ਖ਼ੂਬਸੂਰਤ ਬਣਾਉਣ ਦੀ ਅਣਥੱਕ ਕੋਸ਼ਿਸ਼ ਅਤੇ ਸਾਹਿਤਿਕ ਸਫ਼ਰ ਦੀ ਲਗਾਤਾਰਤਾ ਲਈ ਡਾ. ਭੰਡਾਲ ਨੂੰ ਮੇਰੇ ਵੱਲੋਂ ਅਤੇ ਪਾਠਕ ਵਰਗ ਵੱਲੋਂ ਸ਼ੁੱਭ ਕਾਮਨਾਵਾਂ ਅਤੇ ਦੁਆਵਾਂ!
ਜ਼ਿੰਦਗੀ ਜ਼ਿੰਦਾਬਾਦ!!
ਕੁਲਵਿੰਦਰ ਸਿੰਘ ਬਾਠ
ਕੈਲੀਫੋਰਨੀਆ, ਯੂ ਐਸ ਏ
209 600 2897