ਨਵੀਂ ਦਿੱਲੀ ( ਦਿਓਲ)-ਕੈਨੇਡੀਅਨ ਨਾਗਰਿਕ ਤੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ’ਚ ਹੱਤਿਆ ਮਗਰੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਲਗਾਤਾਰ ਨਿਘਾਰ ਆ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਕੈਨੇਡਾ ਦੇ ਮੰਤਰੀ ਵੱਲੋਂ ਕੀਤੀ ਟਿੱਪਣੀ ਕਾਰਨ ਭਾਰਤ ਨੇ ਸਖ਼ਤ ਸ਼ਬਦਾਂ ’ਚ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਨੇ ਸ਼ਾਹ ਖ਼ਿਲਾਫ਼ ਲਾਏ ਦੋਸ਼ਾਂ ਨੂੰ ਬੇਤੁਕਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੈਨੇਡੀਅਨ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਤਲਬ ਕਰਕੇ ਭਾਰਤ ਵੱਲੋਂ ਸਖ਼ਤ ਸ਼ਬਦਾਂ ’ਚ ਵਿਰੋਧ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਭਾਰਤ ਨੂੰ ਬਦਨਾਮ ਕਰਨ ਅਤੇ ਹੋਰ ਮੁਲਕਾਂ ਨੂੰ ਪ੍ਰਭਾਵਿਤ ਕਰਨ ਲਈ ਜਾਣਬੁੱਝ ਕੇ ਕੌਮਾਂਤਰੀ ਮੀਡੀਆ ਨੂੰ ਬੇਬੁਨਿਆਦ ਦੋਸ਼ ਲੀਕ ਕੀਤੇ ਹਨ।’’ ਜੈਸਵਾਲ ਨੇ ਕਿਹਾ ਕਿ ਅਜਿਹੇ ਗ਼ੈਰਜ਼ਿੰਮੇਵਾਰਾਨਾ ਬਿਆਨਾਂ ਨਾਲ ਦੁਵੱਲੇ ਸਬੰਧਾਂ ’ਤੇ ਗੰਭੀਰ ਅਸਰ ਪਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਸ਼ਾਹ ਨੇ ਉਨ੍ਹਾਂ ਦੇ ਮੁਲਕ ਅੰਦਰ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਿੰਸਾ ਤੇ ਧਮਕੀਆਂ ਦੇਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਮੌਰੀਸਨ ਨੇ ਕੌਮੀ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੂੰ ਇਹ ਵੀ ਦੱਸਿਆ ਸੀ ਕਿ ਉਸ ਨੇ ‘ਵਾਸ਼ਿੰਗਟਨ ਪੋਸਟ’ ਕੋਲ ਸ਼ਾਹ ਦੇ ਨਾਮ ਦੀ ਪੁਸ਼ਟੀ ਕੀਤੀ ਸੀ। ਅਮਰੀਕੀ ਅਖ਼ਬਾਰ ’ਚ ਸ਼ਾਹ ’ਤੇ ਲਾਏ ਗਏ ਦੋਸ਼ਾਂ ਦੀ ਸਭ ਤੋਂ ਪਹਿਲਾਂ ਖ਼ਬਰ ਨਸ਼ਰ ਹੋਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ। ਜੈਸਵਾਲ ਨੇ ਕੈਨੇਡਾ ’ਤੇ ਦੋਸ਼ ਲਾਇਆ ਕਿ ਉਹ ਭਾਰਤੀ ਕੌਂਸੁਲਰ ਅਮਲੇ ’ਤੇ ਆਡੀਓ ਤੇ ਵੀਡੀਓ ਨਿਗਰਾਨੀ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਧਮਕਾ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੂਟਨੀਤਕ ਰਵਾਇਤਾਂ ਦੀ ਘੋਰ ਉਲੰਘਣਾ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਮਾਮਲੇ ’ਚ ਕੈਨੇਡਾ ਸਰਕਾਰ ਕੋਲ ਰਸਮੀ ਤੌਰ ’ਤੇ ਵਿਰੋਧ ਜਤਾਇਆ ਹੈ।