Headlines

ਕੈਨੇਡਾ ਨੇ ਭਾਰਤ ਨੂੰ ਸਾਈਬਰ ਖਤਰੇ ਵਾਲੇ ਮੁਲਕਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ

ਓਟਵਾ-ਕੈਨੇਡਾ ਨੇ ਪਹਿਲੀ ਵਾਰ ਭਾਰਤ ਦਾ ਨਾਮ ਸਾਈਬਰ ਖ਼ਤਰੇ ਵਾਲੇ ਵਿਰੋਧੀਆਂ ਦੀ ਸੂਚੀ ’ਚ ਰੱਖਿਆ ਹੈ ਜੋ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਸ਼ਹਿ ਪ੍ਰਾਪਤ ਕੁਝ ਅਨਸਰ ਕੈਨੇਡਾ ਖ਼ਿਲਾਫ਼ ਜਾਸੂਸੀ ਕਰ ਸਕਦੇ ਹਨ। ਦੋਹਾਂ ਮੁਲਕਾਂ ਵਿਚਕਾਰ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਕੌਮੀ ਸਾਈਬਰ ਖ਼ਤਰਾ ਮੁਲਾਂਕਣ (2025-26) ਰਿਪੋਰਟ ’ਚ ਚੀਨ, ਰੂਸ, ਇਰਾਨ ਅਤੇ ਉੱਤਰ ਕੋਰੀਆ ਮਗਰੋਂ ਭਾਰਤ ਦਾ ਨਾਮ ਪੰਜਵੇਂ ਨੰਬਰ ’ਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘‘ਅਸੀਂ ਸਮਝਦੇ ਹਾਂ ਕਿ ਭਾਰਤ ਸਰਕਾਰ ਦੀ ਸ਼ਹਿ ’ਤੇ ਕੁਝ ਅਨਸਰ ਕੈਨੇਡਾ ਸਰਕਾਰ ਦੇ ਨੈੱਟਵਰਕ ਖ਼ਿਲਾਫ਼ ਸਾਈਬਰ ਖ਼ਤਰਾ ਸਰਗਰਮੀਆਂ ਨੂੰ ਅੰਜਾਮ ਦੇ ਸਕਦੇ ਹਨ।’’ ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਕੈਨੇਡਿਆਈ ਸਿੱਖ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਤੇ ਦੋਵੇਂ ਮੁਲਕਾਂ ਵਿਚਕਾਰ ਰਿਸ਼ਤਿਆਂ ’ਚ ਤਣਾਅ ਚੱਲ ਰਿਹਾ ਹੈ। ਕੈਨੇਡਾ ’ਚ ਵਿਅਕਤੀਆਂ ਅਤੇ ਸੰਗਠਨਾਂ ਨੂੰ ਦਰਪੇਸ਼ ਸਾਈਬਰ ਖ਼ਤਰਿਆਂ ’ਤੇ ਰੌਸ਼ਨੀ ਪਾਉਣ ਵਾਲੀ ਰਿਪੋਰਟ 30 ਅਕਤੂਬਰ ਨੂੰ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਕਿਉਰਿਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 2018, 2022 ਅਤੇ 2023-24 ਦੀ ਕੌਮੀ ਸਾਈਬਰ ਖ਼ਤਰਾ ਮੁਲਾਂਕਣ ਰਿਪੋਰਟਾਂ ’ਚ ਭਾਰਤ ਦਾ ਕੋਈ ਜ਼ਿਕਰ ਨਹੀਂ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਆਪਣੇ ਸਾਈਬਰ ਪ੍ਰੋਗਰਾਮ ਦੀ ਵਰਤੋਂ ਕੌਮੀ ਸੁਰੱਖਿਆ ਲੋੜਾਂ ਨੂੰ ਅੱਗੇ ਵਧਾਉਣ ਲਈ ਕਰਦਾ ਹੈ ਜਿਸ ’ਚ ਜਾਸੂਸੀ, ਅਤਿਵਾਦ ਦਾ ਟਾਕਰਾ ਅਤੇ ਭਾਰਤ ਸਰਕਾਰ ਖ਼ਿਲਾਫ਼ ਆਪਣੀ ਆਲਮੀ ਸਥਿਤੀ ਤੇ ਜਵਾਬੀ ਬਿਆਨਬਾਜ਼ੀ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਉਧਰ ਭਾਰਤ ਨੇ ਕੈਨੇਡਾ ਵੱਲੋਂ ਮੁਲਕ ਨੂੰ ਸਾਈਬਰ ਖ਼ਤਰੇ ਵਾਲੇ ਮੁਲਕਾਂ ਦੀ ਸੂਚੀ ’ਚ ਰੱਖੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ‘ਮੁਲਕ ’ਤੇ ਹਮਲੇ’ ਦੀ ਕੈਨੇਡੀਅਨ ਰਣਨੀਤੀ ਦੀ ਇਕ ਹੋਰ ਮਿਸਾਲ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਰੇਆਮ ਕਬੂਲਿਆ ਹੈ ਕਿ ਉਹ ਭਾਰਤ ਖ਼ਿਲਾਫ਼ ਆਲਮੀ ਰਾਏ ਨੂੰ ਬਦਲਣਾ ਚਾਹੁੰਦੇ ਹਨ ਜਿਵੇਂ ਕਿ ਉਹ ਹੋਰ ਮੌਕਿਆਂ ’ਤੇ ਬਿਨਾਂ ਕਿਸੇ ਸਬੂਤਾਂ ਦੇ ਦੋਸ਼ ਲਾਉਂਦੇ ਆ ਰਹੇ ਹਨ।