Headlines

“ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਾਸਿਕ ਮੀਟਿੰਗ

ਬਰੈਂਪਟਨ  (ਰਛਪਾਲ ਕੌਰ ਗਿੱਲ)- “ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਹੀਨੇਵਾਰ ਮੀਟਿੰਗ ਦੌਰਾਨ ਕਾਫ਼ਲੇ ਦੇ ਵਿੱਛੜ ਚੁੱਕੇ ਮੈਂਬਰ ਤੇ ਰਹਿ ਚੁੱਕੇ ਸੰਚਾਲਕ ਗੁਰਦਾਸ ਮਿਨਹਾਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਕੁਲਜੀਤ ਕੌਰ ਪਾਹਵਾ ਦਾ ਕਾਵਿ ਸੰਗ੍ਰਹਿ “ਸੱਚ ਅੰਬਰ” ਬਾਰੇ ਖੁੱਲ੍ਹ ਕੇ ਗਲਬਾਤ ਹੋਣ ਦੇ ਇਲਾਵਾ ਕਿਤਾਬ ਰੀਲੀਜ਼ ਵੀ ਕੀਤੀ ਗਈ ਅਤੇ ਢਾਹਾਂ ਪੁਰਸਕਾਰ ਦੀ ਵਿਜੇਤਾ ਅਤੇ ਕਹਾਣੀ ਸੰਗ੍ਰਹਿ “ਟੈਬੂ” ਦੀ ਲੇਖਿਕਾ ਸੁਰਿੰਦਰ ਨੀਰ (ਜੰਮੂ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।

ਕਾਫ਼ਲੇ ਦੇ ਸਟੇਜ ਸੰਚਾਲਕ ਕੁਲਵਿੰਦਰ ਖਹਿਰਾ ਨੇ ਵਿੱਛੜ ਚੁੱਕੇ ਹਾਸਰਸ ਕਵੀ ਤੇ ਕਾਫ਼ਲੇ ਦੇ ਸੰਚਾਲਕ ਰਹਿ ਚੁੱਕੇ ਗੁਰਦਾਸ ਮਿਨਹਾਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਗੁਰਦਾਸ ਮਿਨਹਾਸ ਦੀਆਂ ਕਵਿਤਾਵਾਂ ਵਿੱਚ ਹਾਸਰਸ ਤੋਂ ਇਲਾਵਾ ਵਿਅੰਗ ਰਾਹੀਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ `ਤੇ ਗਹਿਰੀ ਚੋਟ ਵੀ ਹੁੰਦੀ ਸੀ। ਉਨ੍ਹਾਂ ਕਿਹਾ ਕਿ “ਕਿਸੇ ਵੀ ਕਲਾਕਾਰ ਦੇ ਦੋ ਪਰਿਵਾਰ ਹੁੰਦੇ ਹਨ: ਇੱਕ ਉਹ ਜੋ ਉਸਦਾ ਸੰਸਾਰਕ ਪਰਿਵਾਰ ਹੁੰਦਾ ਹੈ ਅਤੇ ਦੂਸਰਾ ਉਹ ਜੋ ਉਸਦੇ ਕਲਾਤਮਕ ਘੇਰੇ ਵਾਲ਼ਾ ਪਰਿਵਾਰ ਹੁੰਦਾ ਹੈ। ਗੁਰਦਾਸ ਮਿਨਹਾਸ ਸਾਡੇ ਕਾਫ਼ਲਾ ਪਰਿਵਾਰ ਦਾ ਹਿੱਸਾ ਸੀ ਅਤੇ ਅੱਜ ਕਾਫ਼ਲਾ ਆਪਣੇ ਪਰਿਵਾਰ ਦੇ ਇੱਕ ਮੈਂਬਰ ਦੇ ਵਿਛੋੜੇ `ਤੇ ਗਮਗ਼ੀਨ ਹੈ।” ਕੁਲਜੀਤ ਮਾਨ ਨੇ ਕਿਹਾ, “ਗੁਰਦਾਸ ਮਿਨਹਾਸ ਲੇਖਕ ਹੋਣ ਤੋਂ ਇਲਾਵਾ ਬਹੁਤ ਹੀ ਹਸਮੁਖ ਤੇ ਵਧੀਆ ਇਨਸਾਨ ਸਨ”। ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ, “ਉਹਦੇ ਵਿੱਚ ਮਿਠਾਸ ਤੇ ਅਪਣੱਤ ਸੀ, ਉਹ ਕੇਨੈਡਾ ਬਾਰੇ ਬਹੁਤ ਜਾਣਕਾਰੀ ਰੱਖਦੇ ਸਨ। ਉਸਨੇ ਕਾਫ਼ਲੇ ਦੇ ਮੈਂਬਰਾਂ ਦੀ ਜਾਣਕਾਰੀ ਭਰਪੂਰ ਲਿਸਟ ਤਿਆਰ ਕੀਤੀ ਸੀ।” ਉਂਕਾਰਪ੍ਰੀਤ ਨੇ ਕਿਹਾ, “ਉਹ ਕਾਫ਼ਲੇ ਨਾਲ ਤਹਿ ਦਿਲੋਂ ਸਮਰਪਿਤ ਸੀ।” ਇਸ ਤੋਂ ਇਲਾਵਾ ਕਾਫ਼ਲਾ ਸੰਚਾਲਕ ਪਿਆਰਾ ਸਿੰਘ ਕੁਦੋਵਾਲ ਨੇ ਵੀ ਗੁਰਦਾਸ ਮਿਨਹਾਸ ਦੀ ਅਮਰੀਕੀ ਰਾਸ਼ਟਰਪਤੀ ਬੁਸ਼ ਬਾਰੇ ਲਿਖੀ ਹਾਸਰਸ ਕਵਿਤਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।

ਨਿਰਮਲ ਜਸਵਾਲ ਨੇ ਕੁਲਦੀਪ ਪਾਹਵਾ ਬਾਰੇ ਜਾਣਕਾਰੀ ਦੇਂਦਿਆ ਕਿਹਾ ਕਿ ਇਨ੍ਹਾਂ ਨੇ ਆਚੋਲਨਾ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ। ਇਨ੍ਹਾਂ ਦੀਆਂ ਅੱਠ ਆਲੋਚਨਾ ਦੀਆਂ ਕਿਤਾਬਾਂ ਅਤੇ ਦੋ ਕਾਵਿ ਸੰਗ੍ਰਹਿ ਤੋਂ ਇਲਾਵਾ ਕੁਝ ਹੋਰ ਲਿਖਤਾਂ ਵੀ ਹਨ।

ਉਂਕਾਰਪ੍ਰੀਤ ਨੇ ਬਹੁਤ ਹੀ ਆਲੋਚਨਾਤਮਕ ਵਿਧੀ ਤੇ ਡੂੰਘਾਈ ਨਾਲ ਕੁਲਦੀਪ ਪਾਹਵਾ ਦੇ “ਸੱਚ ਅੰਬਰ” ਬਾਰੇ ਚਰਚਾ ਕੀਤੀ। ਉਸਨੇ ਕਿਹਾ ਕਿ ਕੁਲਦੀਪ ਦੀ “ਸੱਚ ਅੰਬਰ” ਪੜ੍ਹਦਿਆਂ ਅਜਿਹੇ ਅੰਤ੍ਰੀਵ ਭਾਵ ਤੁਹਾਡੇ ਚਿੱਤ ਚੋਂ ਉਰਜਿਤ ਤੇ ਦ੍ਰਿਸ਼ਟੀਮਾਨ ਹੋਣ ਲੱਗਦੇ ਹਨ ਕਿ ਕਵਿਤਾ ਤੁਹਾਡੇ ਅੰਦਰ ਲਹਿੰਦੀ ਜਾਂਦੀ ਹੈ ਤੇ ਮਹਿਸੂਸ ਹੁੰਦਾ ਹੈ ਕਿ ਇਹ ਕਵਿਤਾ ਨਾ ਸੂਖ਼ਮ ਦੀ ਹੈ, ਨਾ ਸਥੂਲ ਦੀ ਹੈ, ਨਾ ਜਾਗ ਦੀ ਹੈ ਤੇ ਨਾ ਹੀ ਨੀਂਦ ਦੀ ਹੈ ਸਗੋਂ ਚੇਤਨਾ ਵਿੱਚ ਵਸੇ ਇਨ੍ਹਾਂ ਸਭ ਜੁੱਟਾਂ ਦੇ ਅੰਤ੍ਰੀਵ ਭਾਵ ਦੀ ਕਵਿਤਾ ਹੈ। ਸ਼ਾਖਸੀ ਭਾਵ ਦੀ ਕਵਿਤਾ ਪੰਜਾਬੀ ਸਾਹਿਤ ਵਿੱਚ ਬਹੁਤ ਘੱਟ ਹੈ ਤੇ ਇਸ ਸ਼ਾਖਸੀ ਭਾਵ ਵਾਲੀਆਂ ਕਵਿਤਾਵਾਂ ਦੇ ਕਾਵਿ ਸੰਗ੍ਰਹਿ ਨੂੰ ਪੜ੍ਹ ਕੇ ਬਹੁਤ ਚੰਗਾ ਲੱਗਾ।”

ਕੁਲਵਿੰਦਰ ਖਹਿਰਾ ਨੇ ਸੱਚ ਅੰਬਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕੁਦਰਤ ਤੇ ਮਨੁੱਖ ਨੂੰ ਇੱਕ-ਮਿਕ ਦੇਖਣ ਦੀ ਕਵਿਤਾ ਹੈ ਜਿਸ ਵਿੱਚੋਂ ਲਿਬਰਲ ਨਾਰੀਵਾਦ, ਰੋਮਾਂਸਵਾਦ (ਕੁਦਰਤ ਨਾਲ਼), ਰਹੱਸਵਾਦ ਆਦਿ ਵਿਚਾਰਧਾਰਾਵਾਂ ਦੇ ਦੀਦਾਰ ਵੀ ਹੁੰਦੇ ਹਨ।

ਜਤਿੰਦਰ ਰੰਧਾਵਾ ਨੇ ਸੱਚ ਅੰਬਰ ਬਾਰੇ ਕਿਹਾ ਕਿ ਇਸ ਵਿੱਚ ਅਧਿਆਤਮਕ, ਫ਼ਲਾਸਫੀ ਤੇ ਸੰਵੇਦਨਸ਼ੀਲਤਾ ਦੀ ਗੱਲ ਹੈ। ਇਨ੍ਹਾਂ ਕਵਿਤਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਦਾ ਪ੍ਰਭਾਵ ਵੀ ਹੈ ਤੇ ਇਨ੍ਹਾਂ ਕਵਿਤਾਵਾਂ ਵਿੱਚ ਹਿੰਦੀ ਭਾਸ਼ਾ ਦੇ ਸ਼ਬਦਾਂ ਦੀ ਸਮੋਈ ਵੀ ਹੈ। ਸੁਰਜੀਤ ਕੌਰ ਨੇ ਡਾ਼ ਕੁਲਦੀਪ ਪਾਹਵਾ ਦੀ ਕਵਿਤਾ ਨੂੰ ਰਹੱਸਮਈ ਤੇ ਉੱਚ ਕੋਟੀ ਦੀ ਕਵਿਤਾ ਕਹਿੰਦਿਆਂ ਕੁਲਦੀਪ ਜੀ ਨੂੰ ਵਧਾਈ ਦਿੱਤੀ। ਪਿਆਰਾ ਸਿੰਘ ਕੁਦੋਵਾਲ ਨੇ ਕਿਹਾ ਕਿ ਕੁਲਦੀਪ ਪਾਹਵਾ ਦੀਆਂ ਅਲੋਚਨਾ ਤੇ ਵਾਰਤਿਕ ਦੀਆਂ ਕਿਤਾਬਾਂ ਵੀ ਬਹੁਤ ਰੌਚਕ ਹਨ। ਡਾ਼ ਨਾਹਰ ਸਿੰਘ ਨੇ ਕਿਹਾ ਕਿ ਇਹ ਦੇਖਣ ਦੀ ਲੋੜ ਹੈ ਕਿ ਕੀ ਇਹ ਕਵਿਤਾ ਫਲਾਸਫ਼ੀਕਲ ਹੈ ਜਾਂ ਕੁਦਰਤ ਨੂੰ ਵੱਖਰੀ ਤਰ੍ਹਾਂ ਬਿਆਨ ਕਰਦੀ ਹੈ?

ਡਾ਼ ਕੁਲਦੀਪ ਪਾਹਵਾ ਨੇ ਕਿਹਾ ਕਿ “ਮੇਰੀ ਕਾਵਿ ਭਾਸ਼ਾ ਬਾਰੇ ਕਹੀ ਗਲਬਾਤ ਨੂੰ ਮੈਂ ਸਵੀਕਾਰ ਕਰਦੀ ਹਾਂ ਪਰ ਮੈਨੂੰ ਇਸਦਾ ਕੋਈ ਮਲਾਲ ਨਹੀਂ ਕਿਉਂਕਿ ਮੈਂ ਗਲੋਬਲ ਟਾਇਮ ਵਿੱਚ ਰਹਿ ਰਹੀ ਹਾਂ। ਮੈਨੂੰ ਮੇਰੀ ਕਾਵਿ ਯਾਤਰਾ ਵਿੱਚ ਇੱਕ ਗੱਲ ਦਾ ਮਲਾਲ ਜ਼ਰੂਰ ਹੈ ਕਿ ਮੈਂ ਕਵਿਤਾ ਨੂੰ ਅੰਦਰ ਅੰਦਰ ਜਿਊਂਦੀ ਰਹਿਣ ਦੇ ਬਾਵਜੂਦ ਬਹੁਤ ਘੱਟ ਲਿਖ ਸਕੀ ਹਾਂ ਕਿਉਂਕਿ ਸਿੰਗਲ ਮਦਰ ਹੋਣ ਦੇ ਨਾਤੇ ਮੇਰੀਆਂ ਜ਼ਿੰਮੇਵਾਰੀਆਂ ਬਹੁਤ ਰਹੀਆਂ ਹਨ। ਮੈਂ ਪਹਿਲੀਆਂ ਕਵਿਤਾਵਾਂ ਹਿੰਦੀ ਵਿੱਚ ਲਿਖੀਆਂ ਸਨ।” ਕੁਲਦੀਪ ਪਾਹਵਾ ਨੇ ਆਪਣੀਆਂ ਕੁਝ ਕਵਿਤਾਵਾਂ ਆਪਣੇ “ਰੁੱਤਾਂ ਦੇ ਸਿਰਨਾਵੇਂ” ਤੇ “ਸੱਚ ਅੰਬਰ” ਕਾਵਿ ਸੰਗ੍ਰਹਿ ਵਿੱਚੋਂ ਸਾਂਝੀਆਂ ਵੀ ਕੀਤੀਆਂ।

ਕਾਫ਼ਲਾ ਸੰਚਾਲਕ ਪਿਆਰਾ ਸਿੰਘ ਕੁਦੋਵਾਲ ਨੇ ਸੁਰਿੰਦਰ ਨੀਰ (ਜੰਮੂ) ਬਾਰੇ ਸੰਖੇਪ ਜਾਣਕਾਰੀ ਦੇਂਦਿਆ ਕਿਹਾ ਕਿ ਇਨ੍ਹਾਂ ਦਾ ਕਹਾਣੀ ਸੰਗ੍ਰਹਿ “ਟੈਬੂ” ਢਾਹਾਂ ਇਨਾਮ ਲਈ ਚੁਣਿਆ ਗਿਆ ਹੈ। ਇਹ ਛੇ ਭਾਸ਼ਾਵਾਂ ਜਾਣਦੇ ਹਨ। ਇਨ੍ਹਾਂ ਕਸ਼ਮੀਰੀ ਲੋਕਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਲਿਖਿਆ ਹੈ। ਇਨ੍ਹਾਂ ਤਿੰਨ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਲਿਖੇ ਹਨ।

ਸੁਰਿੰਦਰ ਨੀਰ ਨੇ ਬੋਲਦਿਆਂ ਕਿਹਾ ਕਿ ਤਿੰਨ ਚਾਰ ਸਾਲ ਬਾਅਦ ਕਾਫ਼ਲੇ ਵਿੱਚ ਆ ਕੇ ਇੰਜ ਲੱਗਦਾ ਹੈ ਜਿਵੇਂ ਮੈਂ ਆਪਣੇ ਪਰਿਵਾਰ ਨਾਲ ਮਿਲ ਰਹੀ ਹਾਂ। ਮੇਰੀ ਕਿਤਾਬ ਨੂੰ ਢਾਹਾਂ ਇਨਾਮ ਲਈ ਚੁਨਣਾ ਜੰਮੂ ਕਸ਼ਮੀਰ ਦੇ ਲੇਖਕਾਂ ਲਈ ਮਾਣ ਵਾਲੀ ਗੱਲ ਹੈ। ਮੇਰੇ ਨਾਵਲ ਸ਼ਿਕਾਰਗਾਹ ਰਾਹੀ ਮੇਰੀ ਜਾਣ ਪਹਿਚਾਣ ਸਾਹਿਤਕ ਅਦਾਰਿਆਂ ਵਿੱਚ ਹੋਈ ਹੈ। ਇਸ ਵਿੱਚ ਆਮ ਲੋਕਾਂ ਦੇ ਦਰਦ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ “ਕਸ਼ਮੀਰ ਵਿੱਚ ਮਿਲੀਟੈਂਸੀ ਦੇ ਦੌਰਾਨ ਸਿੱਖਾਂ ਦੀ ਗੱਲ ਨਹੀ ਸੀ ਹੋ ਰਹੀ, ਜਿੰਨ੍ਹਾਂ ਨੇ ਸਾਰੇ ਦੁੱਖ ਝੱਲਦੇ ਹੋਏ ਇਲਾਕਾ ਨਹੀਂ ਛੱਡਿਆ। ਸਿੱਖਾਂ ਦਾ ਉੱਥੇ  ਰਹਿਣਾ secularism ਲਈ ਵਧੀਆ ਸੀ ਪਰ ਉਹਨਾਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਸੀ। ਇਸ ਦੁਖਾਂਤ ਨੂੰ ਦਰਸਾਉਣ ਲਈ ਮੈਨੂੰ ਸ਼ਿਕਾਰਗਾਹ ਨਾਵਲ ਲਿਖਣਾ ਪਿਆ।” ਸੁਰਿੰਦਰ ਨੀਰ ਨੇ ਆਪਣੇ ਦੂਸਰੇ ਨਾਵਲਾਂ “ਮਾਇਆ” ਤੇ “ਚਸ਼ਮੇ ਬੁਲਬੁਲ” ਤੇ “ਟੈਬੂ” ਬਾਰੇ ਵੀ ਗਲਬਾਤ ਕੀਤੀ ਅਤੇ ਮੀਟਿੰਗ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਵੀ ਬਹੁਤ ਸੰਜੀਦਗੀ ਨਾਲ ਦਿੱਤੇ।

ਅਖੀਰ ਵਿੱਚ ਹਰਮੇਸ਼ ਜੀਂਦੋਵਾਲ ਨੇ ਸਾਬਰ ਅਲੀ ਦੀ ਕਵਿਤਾ ਤਰੰਨਮ ਵਿੱਚ ਪੇਸ਼ ਕੀਤੀ। ਕੁਲਵਿੰਦਰ ਖਹਿਰਾ ਨੇ ਸਭ ਦਾ ਧੰਨਵਾਦ ਕੀਤਾ।

ਇਸ ਤੋਂ ਇਲਾਵਾ ਮਨਮੋਹਨ ਗੁਲਾਟੀ, ਹਰਜਸਪ੍ਰੀਤ ਕੌਰ ਗਿੱਲ, ਮਲਵਿੰਦਰ ਸਿੰਘ, ਸੰਦੀਪ ਸਿੰਘ, ਨਵਜੋਤ ਸਿੰਘ, ਸ਼ਾਮ ਸਿੰਘ ਅੰਗਸੰਗ, ਬਨੀਤ ਪਾਹਵਾ, ਜਗੀਰ ਸਿੰਘ ਕਾਹਲੋਂ, ਤਰਨਪ੍ਰੀਤ ਕੌਰ, ਸ਼ਮਸ਼ੇਰ ਸਿੰਘ, ਗੁਰਦੇਵ ਚੌਹਾਨ, ਰਾਵੀ ਮਿਨਹਾਸ, ਰਮਿੰਦਰ ਵਾਲੀਆ, ਸੁਖਜਿੰਦਰ ਸਿੰਘ, ਪਰਮਜੀਤ ਕੌਰ, ਹੀਰਾ ਲਾਲ ਅਗਨੀਹੋਤਰੀ, ਹਰਦਿਆਲ ਸਿੰਘ ਝੀਤਾ, ਸੋਨੀਆ, ਮੰਨਤ, ਮੰਨੀਆਤਾ, ਮਨਿੰਦਰ ਕੌਰ ਅਤੇ ਦਲੇਰ ਸਿੰਘ ਨੇ ਵੀ ਹਾਜ਼ਰੀ ਲਵਾਈ।