Headlines

ਬੁੱਢਾ ਦਲ ਦਾ ਸਥਾਪਨਾ ਦਿਵਸ ਦਾ ਮੰਤਵ ਅਤੇ ਮਨੋਰਥ

8 ਨਵੰਬਰ ਨੂੰ 411ਵੇਂ ਸਥਾਪਨਾ ਦਿਵਸ ਤੇ ਵਿਸ਼ੇਸ਼ –

ਦਿਲਜੀਤ ਸਿੰਘ ਬੇਦੀ-

ਪਿਛਲੇ ਕਈ ਸਾਲਾਂ ਤੋਂ ਬੁੱਢਾ ਦਲ ਵੱਲੋਂ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਪੁਰਬ ਅਤੇ ਬੁੱਢਾ ਦਲ ਦਾ ਸਥਾਪਨਾ ਦਿਵਸ ਦਸਮ ਪਾਤਸ਼ਾਹ ਦੇ ਪ੍ਰਲੋਕ ਗਬਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਮਨਾਇਆ ਜਾਂਦਾ ਹੈ। ਇਹ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਆਪਣਾ 411ਵਾਂ ਵਰਦਾਨ ਅਤੇ 316ਵਾਂ ਸਥਾਪਨਾ ਦਿਵਸ 8 ਨਵੰਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕਰਕੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ ਵੱਡੇ ਪੱਧਰ ਤੇ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾ ਰਹੀ ਹੈ। ਜਥੇਬੰਦੀ ਬੁੱਢਾ ਦਲ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੁ ਘਰ ਹੁਕਮ ਪਾਲਕ ਅਨਿਨ ਸੇਵਕ ਸੂਰਬੀਰ ਯੋਧੇ ਬਾਬਾ ਬੁੱਢਾ ਜੀ ਨੂੰ “ਬੁੱਢਾ ਦਲ” ਦੇ “ਬਖਸ਼ੇ ਵਰਦਾਨ ਬਚਨਾਂ” ਨੂੰ ਹੀ ਸੰਪੂਰਨ ਰੂਪ ਦੇਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਾਜਿਆ ਨਿਵਾਜਿਆ ਹੋਇਆ ਦਲਪੰਥ ਹੈ।

ਜਹਾਂਗੀਰ ਬਾਦਸ਼ਾਹ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਵਰ ਦੇ ਕਿਲੇ੍ਹ ਵਿੱਚ ਸਨ ਤਾਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਫੌਜ ਲੈ ਕੇ ਗਵਾਲੀਅਰ ਜਾਣ ਦੀ ਬੇਨਤੀ ਕੀਤੀ।ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਹੁਕਮਨਾਮਾ ਜਾਰੀ ਕੀਤਾ ਕਿ ਹਰੇਕ ਘਰ ‘ਚੋ ਇਕ ਗੁਰਸਿਖ ਸ਼ਸਤਰਧਾਰੀ ਹੋ ਕੇ ਗਵਾਲੀਅਰ ਵਲ ਨਾਲ ਚੱਲੇ।ਬਾਬਾ ਜੀ ਦੇ ਹੁਕਮ ਤੇ 30 ਹਜ਼ਾਰ ਸ਼ਸਤਰਧਾਰੀ ਫੌਜ ਨੇ ਗਵਾਲੀਅਰ ਨੂੰ ਚਾਲੇ ਪਾਏ।ਮੇਹਰਾਂ ਦੇ ਮਾਲਕ ਪਾਤਸ਼ਾਹ ਸਾਹਿਬ  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਾਕੀ 52 ਰਾਜਿਆਂ ਨੂੰ ਰਿਹਾਅ ਕਰਵਾ ਚੁੱਕੇ ਸਨ।ਜਦੋਂ ਵੱਡੀ ਫੌਜ਼ ਨਾਲ ਬਾਬਾ ਬੁੱਢਾ ਜੀ ਨੂੰ ਛੇਵੇਂ ਗੁਰੂ ਜੀ ਨੇ ਤੱਕਿਆ ਤਾਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਨੂੰ ਵਰਦਾਨ 26 ਅਕਤੂਬਰ 1617 ਕੁੱਝ ਵਿਦਵਾਨ 1619 ਮੰਨਦੇ ਹਨ। ਬਖਸ਼ਿਸ਼ ਕੀਤਾ ਕਿ ਬਾਬਾ ਜੀ ਤੁਹਾਡੇ ਨਾਮ ਤੇ ਦਲ ਪੰਥ ਚਲੇਗਾ, ਜਿਸ ਪਾਸ ਪਲੇ ਪਲਾਏ ਭਜੰਗੀ ਅਤੇ ਅਰਾਕੇ (ਘੋੜੇ) ਆਉਣਗੇ।ਨਿਸ਼ਾਨ ਝੂਲਣਗੇ, ਨਿਗਾਰਿਆਂ ਤੇ ਚੋਟਾਂ ਪੈਣਗੀਆਂ, ਇਹ ਰਿਧੀਆਂ ਸਿੱਧੀਆਂ ਨਾਲ ਭਰਪੂਰ ਹੋਵੇਗਾ।ਵਰ ਸਰਾਪ ਬਚਨ ਪੂਰੇ ਹੋਣਗੇ।

ਸਮਾਂ ਆਪਣੀ ਚਾਲੇ ਸਫਰ ਤਹਿ ਕਰਦਾ ਗਿਆ।ਛੇਵੇਂ ਪਾਤਸ਼ਾਹ ਦੀ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਸਜਾਇਆ। ਅੰਮ੍ਰਿਤ ਛਕਾਉਣ ਵਾਲੇ ਸਿੰਘਾਂ ਵਿੱਚ ਬਾਬਾ ਬਿਨੋਦ ਸਿੰਘ ਸ਼ਾਮਲ ਸਨ।ਅੰਮ੍ਰਿਤ ਦੀ ਦਾਤ ਦੇਣ ਉਪਰੰਤ ਬਾਬਾ ਬੰਦਾ ਸਿੰਘ ਨੂੰ ਪੰਜਾਬ ਭੇਜਣ ਦਾ ਹੁਕਮ ਕੀਤਾ ਤਾਂ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ

ਸੰਗ ਹਮਾਰੇ ਭੇਜੀਏ ਸੋਊ॥

ਸਿੱਖੀ ਸਿਖਿਆ ਬਤਾਵੈ ਜੋਊ॥

ਗੁਰੂ ਪਾਤਸਾਹ ਜੀ ਮੇਰੇ ਨਾਲ ਸੂਝਵਾਨ ਸਿੰਘਾਂ ਨੂੰ ਭੇਜਣਾ ਕਰੋ ਜੋ ਬਾਣੀ ਬਾਣੇ ਦਾ ਪ੍ਰਚਾਰ ਕਰਕੇ ਪੰਥ ਵਿੱਚ ਵਾਧਾ ਕਰਣ ਤਾਂ ਉਸ ਵਕਤ ਬਾਬਾ ਬਿਨੋਦ ਸਿੰਘ ਜੋ ਗੁਰੂ ਅੰਗਦ ਸਾਹਿਬ ਦੀ ਸਤਵੀਂ ਪੀੜ੍ਹੀ ‘ਚੋ ਸਨ ਨੂੰ ਪੰਥ ਦਾ ਜਥੇਦਾਰ ਬਣਾ ਪੰਜ ਸਿੰਘ ਸਾਹਿਬਾਨ ਨਾਲ ਇੱਕ ਨਿਸ਼ਾਨ ਸਾਹਿਬ, ਨਗਾਰਾ ਅਤੇ ਆਪਣੇ ਗਾਤਰੇ ਦੇ ਸ਼ਸਤਰ ਬਖ਼ਸ਼ਿਸ਼ ਕੀਤੇ ਜੋ ਬੁੱਢਾ ਦਲ ਪਾਸ ਮੌਜੂਦ ਹਨ। ਜਿਨਾਂ ਦੀ ਤਾਬਿਆ ਖਾਲਸਾ ਪੰਥ ਬੁੱਢਾ ਦਲ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵਿਚਰ ਰਿਹਾ ਹੈ।

ਗੁਰੂ ਜੀ ਨੇ ਸਿੰਘ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ , ਭਾਈ ਬਾਜ ਸਿੰਘ, ਭਾਈ ਦਇਆ ਸਿੰਘ, ਅਤੇ ਭਾਈ ਰਣ ਸਿੰਘ ਨੂੰ ਪੰਜਾਬ ਭੇਜਣ ਸਮੇਂ, ‘ਬਾਬਾ ਬੰਦਾ ਸਿੰਘ ਬਹਾਦਰ ਨੂੰ ਅਦੇਸ਼ ਕੀਤਾ ਕਿ ਇਨਾਂ ਪੰਜਾਂ ਦੀ ਤਾਬਿਆਂ ‘ਚ ਰਹਿਣਾ ਹੈ ਕੋਈ ਦੁਬਿਧਾ ਆਵੇ ਤਾਂ ਇਨ੍ਹਾਂ ਨਾਲ  ਗੁਰਮਤਾ ਕਰ ਅਰਦਾਸ ਉਪਰੰਤ ਅੱਗੇ ਤੁਰਨਾ ਹੈ’।ਗੁਰੂ ਦੀ ਬਖਸ਼ਿਸ਼ ਨਾਲ ਇਨ੍ਹਾਂ ਪੰਝੀ ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ।ਸੇਹਰ ਖੰਡਾ ਪਿੰਡ ਤੋਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਇਹਨਾਂ ਬਹਾਦਰ ਵੀਰਾਂ ਦੇ ਸਵਾਗਤ ਲਈ ਅੱਗੇ ਆ ਗਈਆਂ। ਸਧਾਰਨ ਜਨਤਾ ’ਤੇ ਹੋ ਰਹੇ ਅਤਿ ਦੇ ਤਸ਼ੱਦਦ ਅਤੇ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਦਰਦ ਨੇ ਸਿੱਖ ਸੰਗਤਾਂ ਦੇ ਮਨਾਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਪਿਆ ਸੀ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਜੀ  ਦੀ ਅਗਵਾਈ ਵਿਚ ਖਾਲਸਾਈ ਝੰਡੇ ਹੇਠ ਇਕੱਠੇ ਹੋ ਗਏ। ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਅਰਾ ‘ਰਾਜ ਕਰੇਗਾ ਖਾਲਸਾ’ ਨਿਸਚਿਤ ਕਰ ਦਿੱਤਾ।ਬਹੁਤ ਸਾਰੇ ਦੁਸ਼ਮਣਾਂ ਦਸ਼ਟਾਂ ਨੂੰ ਸੋਧਦਿਆਂ ਜਿੱਤਾਂ ਪ੍ਰਾਪਤ ਕੀਤੀਆਂ।ਸੋਨੀਪਤ, ਕੈਥਲ, ਘੜਾਮ, ਠਸਕਾ, ਸ਼ਾਹਬਾਦ, ਕਪੂਰੀ, ਸਮਾਣਾ, ਸਢੌਰਾ ਨੂੰ ਫਤਹਿ ਕੀਤਾ।ਚੱਪੜਚਿੜੀ ਤੋਂ ਬਾਅਦ ਸਰਹੰਦ ਫਤਹਿ ਕੀਤੀ।ਅਜ਼ਾਦ ਰਾਜ ਕਾਇਮ ਕਰਨ ਦੀ ਜਿਹੜੀ ਚਿਣਗ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਲੱਗੀ ਸੀ ਸਮਾਂ ਪਾ ਕੇ ਉਹੀ ਮਿਸਲਾਂ ਦੇ ਸਾਹਮਣੇ ਆਈ।ਇਸ ਦੇ ਫਸਲਰੂਪ ਹੀ ਮਹਾਰਾਜ ਰਣਜੀਤ ਸਿੰਘ ਦਾ ਖਾਲਸਾ ਰਾਜ ਹੋਦ ਵਿੱਚ ਆਇਆ।ਮੁਗਲ ਧਾੜਵੀ ਫੌਜਾਂ ਦਾ ਸਿੱਖਾਂ ਤੇ ਅੰਨੇਵਾਹ ਤਸੱਦਦ ਮਾੜਧਾੜ ਕਤਲੋ ਗਾਰਦ ਦੀ  ਜੰਗ ਲਗਾਤਾਰ ਜਾਰੀ ਸੀ।

ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਛੰਭ ਵਿਚ ਸੰਨ 1746 ਨੂੰ ਛੋਟੇ ਘੱਲੂਘਾਰੇ ਵਿਚ ਅੰਦਾਜ਼ਨ 10000 ਦੇ ਕਰੀਬ ਸਿੱਖ ਸ਼ਹੀਦ ਹੋਏ। ਇਸ ਛੋਟੇ ਘੱਲੂਘਾਰੇ ਦੌਰਾਨ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਰ ਇਨ੍ਹਾਂ ਕੁਰਬਾਨੀਆਂ ਨੇ ਬੁੱਢਾ ਦਲ ਦੇ ਤੀਸਰੇ ਮੁਖੀ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਦੀ ਅਗਵਾਈ ਵਿੱਚ ਸਿਖ ਧਰਮ ਦੀ  ਅਣਖ ਅਤੇ ਅਜ਼ਾਦੀ ਲਈ ਸੀਸ ਦੇਣ ਅਤੇ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਦਾ ਜਜ਼ਬਾ ਵੀ ਪ੍ਰਬਲ ਕੀਤਾ। ਸਿੱਖੀ ਪ੍ਰਚੰਡ ਹੋ ਕੇ ਨਿਕਲੀ ਅਤੇ ਪੰਥ ਦੀ ਚੜ੍ਹਦੀ ਕਲਾ ਅਤੇ ਉੱਜਲੇ ਭਵਿੱਖ ਦੀ ਆਸ ਬੱਝੀ। 5 ਫਰਵਰੀ, 1762 ਈਸਵੀ ਵਿਚ ਕੁੱਪ-ਰਹੀੜੇ ਵਿਖੇ ਵੱਡਾ ਘੱਲੂਘਾਰਾ ਵਾਪਰਿਆ। ਜਦੋਂ ਕੋਈ ਵੱਡਾ ਕੌਮੀ ਮਸਲਾ ਸਾਹਮਣੇ ਹੁੰਦਾ ਸੀ ਤਾਂ ਸਿੱਖ ਦੀਵਾਲੀ, ਵਿਸਾਖੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜੁੜਦੇ ਸਨ ।ਭਾਰਤ ਵਿਚ ਭਾਰੀ ਲੁੱਟਮਾਰ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਦੁਰਾਨੀ 1761 ਈਸਵੀ ਵਿਚ ਪੰਜਾਬ ਵਿਚੋਂ ਲੰਘਿਆ ਤਾਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਸੀ। ਇਸੇ ਹਮਲੇ ਦੌਰਾਨ ਹੀ ਸਿੰਘ   ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੋ ਬੁੱਢਾ ਦਲ ਦੇ ਚੌਥੇ ਜਥੇਦਾਰ ਸਨ ਨੇ ਅਹਿਮਦਸ਼ਾਹ ਵਲੋਂ  ਕੈਦ ਕਰਕੇ ਲਿਜਾਈਆਂ ਜਾ ਰਹੀਆਂ 2200 ਹਿੰਦੂ ਇਸਤਰੀਆਂ ਨੂੰ ਛੁਡਾ ਕੇ ਘਰੋ-ਘਰੀਂ ਸਤਿਕਾਰ ਸਹਿਤ ਪਹੁੰਚਾਈਆਂ ਸਨ।

ਸੁਲਤਾਨ-ਉਲ-ਕੌਮ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸ. ਤਾਰਾ ਸਿੰਘ ਗੈਬਾ ਆਦਿ ਸਰਦਾਰ ਸਾਰੀ ਸਥਿਤੀ ਦੀ ਸਖਤ ਨਿਗਰਾਨੀ ਕਰ ਰਹੇ ਸਨ। ਉਹ ਜਿਥੇ ਮੋਰਚਾ ਕਮਜ਼ੋਰ ਪੈਂਦਾ ਦੇਖਦੇ ਉਥੇ ਤੁਰੰਤ ਪਹੁੰਚ ਜਾਂਦੇ। ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਉਹ ਅਜਿਹੇ ਮੁਕਾਬਲੇ ਲਈ ਤਿਆਰ ਨਹੀਂ ਸਨ, ਦੂਜਾ ਉਨ੍ਹਾਂ ਦੇ ਦਲ ਨਾਲ ਇਸਤਰੀਆਂ ਅਤੇ ਬੱਚੇ ਵੀ ਸਨ ਜਿਨ੍ਹਾਂ ਨੂੰ ਉਹ ਦੁਸ਼ਮਣ ਤੋਂ ਬਚਾ ਕੇ ਰੱਖਣਾ ਚਾਹੁੰਦੇ ਸਨ। ਘੇਰਾ ਬਣਾ ਕੇ ਜੂਝਦੇ ਹੋਏ ਉਹ ਅੱਗੇ ਨੂੰ ਵਧ ਰਹੇ ਸਨ ਅਤੇ ਇਹ ਲੜਾਈ ਖੁੱਲ੍ਹੇ ਇਲਾਕੇ ਦੀ ਬਜਾਏ ਪਿੰਡਾਂ ਵਿਚ ਹੋਣ ਲੱਗੀ। ਕੁੱਪ, ਕੁਤਬਾ-ਬਾਹਮਣੀ ਅਤੇ ਗਹਿਲ ਆਦਿ ਪਿੰਡਾਂ ਵਿਚ ਹੋਈ ਲੜਾਈ ਬਹੁਤ ਭਿਆਨਕ ਸੀ। ਬੱਚਿਆਂ ਅਤੇ ਇਸਤਰੀਆਂ ਸਮੇਤ ਲਗਭਗ ਤੀਹ ਤੋਂ ਪੈਂਤੀ ਹਜ਼ਾਰ ਸਿੱਖ ਇਸ ਲੜਾਈ ਵਿਚ ਸ਼ਹੀਦੀ ਪਾ ਗਏ। ਕੋਈ ਵੀ ਸਿੱਖ ਅਜਿਹਾ ਨਹੀਂ ਸੀ ਬਚਿਆ ਜਿਸ ਦੇ ਕੋਈ ਫੱਟ ਨਾ ਲੱਗਾ ਹੋਵੇ। ਹਰ ਇਕ ਸਿੰਘ  ਨੇ ਆਪਣਾ ਪੂਰਾ ਤਾਣ ਲਾ ਕੇ ਇਹ ਯੁੱਧ ਲੜਿਆ ਅਤੇ ਸਿੰਘਾਂ ‘ਤੇ ਕਾਬੂ ਨਾ ਪੈਂਦਾ ਵੇਖ ਕੇ ਅਹਿਮਦ ਸ਼ਾਹ ਬਰਨਾਲੇ ਵੱਲ ਚਲਾ ਗਿਆ। ਮੀਲਾਂ ਤੀਕ ਲੋਥਾਂ ਖਿੱਲਰੀਆਂ ਪਈਆਂ ਸਨ। ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ 50 ਗੱਡੇ ਭਰ ਕੇ ਅਹਿਮਦ ਸ਼ਾਹ ਲਾਹੌਰ ਲੈ ਗਿਆ ਅਤੇ ਉਥੇ ਜਾ ਕੇ ਉਸ ਨੇ ਉਨ੍ਹਾਂ ਸਿਰਾਂ ਦੇ ਮੀਨਾਰ ਉਸਾਰ ਦਿੱਤੇ।

ਪੰਜਾਬ ਦੀ ਧਰਤੀ ਤੇ ਜਿਸ ਵਕਤ ਖਾਲਸਾ ਰਾਜ ਦੇ ਨਿਸ਼ਾਨ ਸਥਾਪਤ ਹੋਏ ਤਾਂ ਪੰਥ ਸ਼੍ੀ ਅਕਾਲ ਤਖਤ ਸਾਹਿਬ ਸਨਮੁਖ ਸਜਿਆ।ਪੰਥ ਖਾਲਸਾ ਬੁੱਢਾ ਦਲ ਦੇ ਪਹਿਲੇ ਜਥੇਦਾਰ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਤੋ ਬਾਅਦ ਪੰਥ ਦੀ ਜਥੇਦਾਰੀ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਪਾਸ ਆਈ ਜਿਨਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸੰਗਤ ਵੀ ਮਾਣੀ ਸੀ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਤੋ ਬਾਅਦ ਜਥੇਦਾਰੀ ਦੀ ਸੇਵਾ ਸਿੰਘ ਸਾਹਿਬ  ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਪਾਸ ਆਈ ਇਤਿਹਾਸ ਗਵਾਹੀ ਭਰਦਾ ਹੈ ਇਸ ਸਮੇਂ  ਪੰਥ ਦੇ ਵਿਚ ਭਾਰੀ ਵਾਧਾ ਹੋਇਆ।ਬੁੱਢਾ ਦਲ ਦੇ ਚੌਥੇ ਸਿੰਘ ਸਾਹਿਬ ਜਥੇਦਾਰ ਜੱਸਾ ਸਿੰਘ ਆਹਲੂਵਾਲੀਆਂ, ਪੰਜਵੇਂ ਸਿੰਘ ਸਾਹਿਬ ਬਾਬਾ ਨੈਣਾ ਸਿੰਘ, ਛੇਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ, ਸੱਤਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਸ਼ਹੀਦ, ਅੱਠਵੇ ਸਿੰਘ ਸਾਹਿਬ ਜਥੇਦਾਰ ਬਾਬਾ ਪਹਿਲਾਦਾ ਸਿੰਘ ਸ਼ਹੀਦ, ਨੌਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਗਿਆਨਾ ਸਿੰਘ, ਦਸਵੇਂ ਸਿੰਘ ਸਾਹਿਬ ਜਥੇਦਾਰ ਬ੍ਰਹਮ ਸਰੂਪ ਬਾਬਾ ਤੇਜਾ ਸਿੰਘ, ਗਿਆਰਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ, ਬਾਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਚੇਤ ਸਿੰਘ, ਤੇਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਹੋਏ ਹਨ। ਮੌਜੂਦਾ ਚੌਧਵੇਂ ਮੌਜੂਦਾ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹਨ।ਇਹ ਗੱਲ ਵਰਨਣ ਯੋਗ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਬੁੱਢਾ ਦਲ ਕੋਲ ਰਿਹਾ ਹੈ।ਬੁੱਢਾ ਦਲ ਦੇ ਪਹਿਲੇ ਦੱਸ ਜਥੇਦਾਰ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਤੋਂ ਲੈ ਕੇ ਸਿੰਘ ਸਾਹਿਬ ਜਥੇਦਾਰ ਬ੍ਰਹਮ ਸਰੂਪ ਬਾਬਾ ਤੇਜਾ ਸਿੰਘ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ।

ਗੁਰੂ ਸਾਹਿਬਾਨ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਹੋਏ ਅਤੇ ਹੋਰ ਇਤਿਹਾਸਕ ਸਸਤਰਾਂ ਦੇ ਦਰਸ਼ਨ 8 ਨਵੰਬਰ ਨੂੰ ਹੋ ਰਹੇ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਸਮੇਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਕਰਵਾਏ ਜਾ ਰਹੇ ਹਨ।ਸਿੱਖ ਪੰਥ ਦੇ ਨਾਮਵਰ ਰਾਗੀਆਂ ਦੇ ਅਧਾਰਿਤ ਕੀਰਤਨ ਦਰਬਾਰ ਹੋਵੇਗਾ ਅਤੇ ਨਾਮਵਰ ਕਥਾਵਾਚਕ ਤੇ ਢਾਡੀ ਗੁਰੂਜਸ ਗਾਇਨ ਕਰਨਗੇ ।ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਇਲਾਵਾ ਬਾਕੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ, ਨਿਹੰਗ ਸਿੰਘਾਂ ਛਾਉਣੀਆਂ ਦੇ ਮਹੰਤ ਪੁੱਜਣਗੇ।ਬੁੱਢਾ ਦਲ ਦੇ ਨਿਹੰਗ ਸਿੰਘ ਗਤਕੇ ਦੇ ਜੌਹਰ ਵੀ ਵਿਖਾਉਣਗੇ।