Headlines

ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਕਥਾ ਦਰਬਾਰ ਕਰਵਾਏ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਕਥਾ ਦਰਬਾਰ ਕਰਵਾਏ ਗਏ। ਗਿਆਨੀ ਹਰਦੇਵ ਸਿੰਘ ਨੇ ਗੁਰੂ ਸਾਹਿਬ ਦੀ ਬਾਣੀ ਤੇ ਇਤਿਹਾਸ ਬਾਰੇ ਵਿਚਾਰਾਂ ਕੀਤੀਆਂ। ਉਹਨਾਂ ਦੱਸਿਆ ਕਿ ਗੁਰੂ ਜੀ ਦੇ ਵਿਚਾਰਾਂ ਵਿਚ ਦਲੀਲ ਸੀ । ਉਹਨਾਂ ਆਪਣੀ ਦਲੀਲ ਨਾਲ ਵਿਰੋਧ ਵਿਚਾਰਾਂ ਵਾਲਿਆਂ ਨੂੰ ਵੀ ਕਾਇਲ ਕਰ ਲਿਆ ਤੇ ਉਹ ਗੁਰੂ ਸਾਹਿਬ ਦੇ ਮੁਰੀਦ ਹੋ ਗਏ। ਉਹਨਾਂ ਤੋਂ ਉਪਰੰਤ ਕਥਾਵਾਚਕ ਨਿਸ਼ਾਨ ਸਿੰਘ ਨੇ ਗੁਰੂ ਸਾਹਿਬ ਦੀ ਬਾਣੀ ਵਿਚ ਸਿੱਧ ਗੋਸ਼ਟਿ, ਪੱਟੀ, ਆਸਾ ਦੀ ਵਾਰ, ਆਰਤੀ ਤੇ ਵਿਚਾਰ ਵਿਚਾਰ ਪ੍ਰਗਟ ਕੀਤੇ। ਜਨੇਊ ਤੋਂ ਇਨਕਾਰ ਕਰਕੇ ਨਵੀਂ ਪਿਰਤ ਪਾਈ ਕਿ ਉਹ ਜੋ ਧਰਮ ਦੇ ਚਿੰਨ ਤੁਸੀਂ ਪਹਿਨਦੇ ਹੋ ਇਹਦੇ ਨਾਲ ਕੋਈ ਧਰਮੀ ਨਹੀ ਹੋ ਸਕਦਾ। ਧਰਮੀ ਹੋਣ ਲਈ ਗਿਆਨ ਦੀ ਜ਼ਰੂਰਤ ਹੈ। ਸਿੱਖ ਧਰਮ ਗਿਆਨ ਦਾ ਧਰਮ ਹੈ। ਭਾਈ ਨਿਸ਼ਾਨ ਸਿੰਘ ਦੀਆਂ ਗੁਰਮਤਿ ਵਿਚਾਰਾਂ ਤੋਂ ਸੰਗਤਾਂ ਬਹੁਤ ਪ੍ਰਭਾਵਿਤ ਹੋਈਆਂ। ਅਖੀਰ ਵਿਚ ਗਿਆਨੀ ਸੁਰਿੰਦਰ ਸਿੰਘ ਨੇ ਗੁਰੂ ਸਾਹਿਬ ਦੀ ਬਾਣੀ ਦੇ ਆਧਾਰ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਜੀ ਤੇ ਹੋਰ ਕਥਾ ਵਾਚਕਾਂ ਦਾ ਸਿਰੋਪਾ ਸਾਹਿਬ ਨਾਲ ਸਨਮਾਨ ਕੀਤਾ। ਅਗਲੇ ਹਫਤੇ ਢਾਡੀ ਦਰਬਾਰ ਹੋਵੇਗਾ ਜਿਸ ਵਿਚ ਪ੍ਰਸਿਧ ਢਾਡੀ ਜਥੇ ਪਹੁੰਚ ਰਹੇ ਹਨ। 15 ਨਵੰਬਰ ਨੂੰ ਗੁਰੂ ਸਾਹਿਬ ਦੇ ਆਗਮਨ ਪੁਰਬ ਮੌਕੇ ਸਾਰਾ ਦਿਨ ਕੀਰਤਨ ਦਰਬਾਰ ਸਜਾਏ ਜਾਣਗੇ।

Leave a Reply

Your email address will not be published. Required fields are marked *