ਪ੍ਰਧਾਨ ਮੰਤਰੀ ਟਰੂਡੋ ਤੇ ਹੋਰਾਂ ਵਲੋਂ ਘਟਨਾ ਦੀ ਨਿੰਦਾ-
ਬਰੈਂਪਟਨ (ਸੇਖਾ)- ਇਥੇ ਹਿੰਦੂ ਸਭਾ ਮੰਦਰ ਨੇੜੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਕਥਿਤ ਤੌਰ ’ਤੇ ਮੰਦਰ ਵਿੱਚ ਮੌਜੂਦ ਸ਼ਰਧਾਲੂਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਕ ਹੋ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ਉਪਰ ਘੁੰਮ ਰਹੀਆਂ ਵੀਡੀਓਜ਼ ਵਿਚ ਖਾਲਿਸਤਾਨੀ ਸਮਰਥਕਾਂ ਖਾਲਿਸਤਾਨੀ ਝੰਡਿਆਂ ਤੇ ਡੰਡਿਆਂ ਨਾਲ ਮੰਦਿਰ ਦੇ ਵਿਹੜੇ ਵਿਚ ਉਹਨਾਂ ਦਾ ਵਿਰੋਧ ਕਰਨ ਆਏ ਯੁਵਕਾਂ ਨਾਲ ਭਿੜਦੇ ਨਜ਼ਰ ਆ ਰਹੇ ਹਨ। ਇਹ ਵਿਰੋਧ ਪ੍ਰਦਰਸ਼ਨ ਮੰਦਰ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਲਾਏ ਗਏ ਕੌਂਸਲਰ ਕੈਂਪ ਦੇ ਖ਼ਿਲਾਫ਼ ਕੀਤਾ ਜਾ ਰਿਹਾ ਸੀ।
ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਮੰਦਰ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਹੱਦ ਨੂੰ ਪਾਰ ਕੀਤਾ ਗਿਆ ਹੈ।
ਉਨ੍ਹਾਂ ‘ਐਕਸ’ ’ਤੇ ਲਿਖਿਆ, “ਅੱਜ ਕੈਨੇਡੀਅਨ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਇੱਕ ਲਾਲ ਲਕੀਰ ਪਾਰ ਕਰ ਦਿੱਤੀ ਗਈ ਹੈ। ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਅੰਦਰ ਹਿੰਦੂ-ਕੈਨੇਡੀਅਨ ਸ਼ਰਧਾਲੂਆਂ ’ਤੇ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਹਮਲਾ ਦਰਸਾਉਂਦਾ ਹੈ ਕਿ ਖਾਲਿਸਤਾਨੀ ਹਿੰਸਕ ਕੱਟੜਪੰਥੀ ਕਿੰਨੀ ਡੂੰਘੀ ਹੋ ਗਈ ਹੈ। ਕੈਨੇਡਾ ਵਿੱਚ ਮੈਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਰਿਪੋਰਟਾਂ ਵਿੱਚ ਇੱਕ ਛੋਟਾ ਜਿਹਾ ਸੱਚ ਹੈ ਕਿ ਕੈਨੇਡੀਅਨ ਰਾਜਨੀਤਿਕ ਉਪਕਰਣਾਂ ਤੋਂ ਇਲਾਵਾ ਖਾਲਿਸਤਾਨੀਆਂ ਨੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਘੁਸਪੈਠ ਕੀਤੀ ਹੈ।’’
ਹਮਲਿਆਂ ਤੋਂ ਬਾਅਦ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਨੇ ਮੰਦਰ ’ਤੇ ਹਮਲੇ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ, ਔਰਤਾਂ ਅਤੇ ਮਰਦਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਹ ਸਭ ਖਾਲਿਸਤਾਨੀਆਂ ਦੇ ਹਮਦਰਦ ਸਿਆਸਤਦਾਨਾਂ ਦੀ ਸ਼ਹਿ ਹੇਠ ਹੋ ਰਿਹਾ ਹੈ।ਪਿਛਲੇ ਸਾਲ ਵਿੰਡਸਰ ਵਿੱਚ ਇੱਕ ਹਿੰਦੂ ਮੰਦਰ ’ਤੇ ਭਾਰਤ-ਵਿਰੋਧੀ ਨਾਅਰੇ ਲਿਖੇ ਗਏ ਸਨ।
ਇਸ ਦੌਰਾਨ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਦਾਅਵਾ ਕੀਤਾ ਕਿ ਕੁਝ ਗੁੰਡੇ 1984 ਦੇ ਕਤਲੇਆਮ ਦੀ ਯਾਦ ਵਿੱਚ ਬਰੈਂਪਟਨ ਵਿੱਚ ਇਕੱਠੇ ਹੋਏ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਡਰਾ-ਧਮਕਾ ਰਹੇ ਸਨ। ਸੋਸ਼ਲ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਬਦਮਾਸ਼ਾਂ ਨੇ ਨੇੜਲੇ ਹਿੰਦੂ ਸਭਾ ਮੰਦਰ ਵਿੱਚ ਪਨਾਹ ਲੈ ਲਈ, ਜਿਸ ਕਾਰਨ ਝੜਪ ਹੋ ਗਈ।
–ਕੌਂਸਲਰ ਕੈਂਪ ਦਾ ਵਿਰੋਧ ਕਰ ਰਹੇ ਸਨ ਮੁਜ਼ਾਹਰਾਕਾਰੀ-
ਹੋਰ ਰਿਪੋਰਟ ਮੁਤਾਬਿਕ ਜਿਸ ਸਮੇਂ ਝੜਪ ਹੋਈ, ਉਦੋਂ ਮੰਦਰ ਵਿਚ ਹਿੰਦੂ ਸਭਾ ਮੰਦਰ, ਬਰੈਂਪਟਨ ਦੇ ਸਹਿਯੋਗ ਨਾਲ ਇਕ ਕੌਂਸਲਰ ਕੈਂਪ ਚੱਲ ਰਿਹਾ ਸੀ, ਜਿਹੜਾ ਭਾਰਤੀ ਹਾਈ ਕਮਿਸ਼ਨ ਵੱਲੋਂ ਲਾਇਆ ਗਿਆ ਸੀ ਅਤੇ ਖ਼ਾਲਿਸਤਾਨੀ ਵੱਖਵਾਦੀਆਂ ਵੱਲੋਂ ਇਸ ਕੈਂਪ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਬਰੈਂਪਟਨ ਵਿੱਚ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਅਨਸਰਾਂ ਵੱਲੋਂ ਪਾਏ ਗਏ ਹਿੰਸਕ ਵਿਘਨ ਦੀ ਨਿੰਦਾ ਕੀਤੀ ਹੈ। ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਸਥਾਨਕ ਸਹਿ-ਪ੍ਰਬੰਧਕਾਂ ਦੇ ਪੂਰਨ ਸਹਿਯੋਗ ਨਾਲ ਸਾਡੇ ਕੌਂਸਲਰਾਂ ਦੁਆਰਾ ਕੀਤੇ ਜਾ ਰਹੇ ਰੂਟੀਨ ਕੌਂਸਲਰ ਕੰਮ ਲਈ ਅਜਿਹੀਆਂ ਰੁਕਾਵਟਾਂ ਨੂੰ ਦੇਖਣਾ ਬਹੁਤ ਨਿਰਾਸ਼ਾਜਨਕ ਹੈ।’’
ਬਿਆਨ ਵਿਚ ਕਿਹਾ ਗਿਆ ਹੈ, “ਅਸੀਂ ਭਾਰਤੀ ਨਾਗਰਿਕਾਂ ਸਮੇਤ ਬਿਨੈਕਾਰਾਂ ਦੀ ਸੁਰੱਖਿਆ ਲਈ ਵੀ ਬਹੁਤ ਚਿੰਤਤ ਹਾਂ, ਜਿਨ੍ਹਾਂ ਦੀ ਮੰਗ ‘ਤੇ ਅਜਿਹੇ ਸਮਾਗਮ/ਕੈਂਪ ਲਾਏ ਜਾਂਦੇ ਹਨ। ਭਾਰਤ ਵਿਰੋਧੀ ਅਨਸਰਾਂ ਦੇ ਅਜਿਹੇ ਯਤਨਾਂ ਦੇ ਬਾਵਜੂਦ, ਸਾਡਾ ਵਣਜ ਦੂਤਾਵਾਸ ਭਾਰਤੀ ਅਤੇ ਕੈਨੇਡੀਅਨ ਬਿਨੈਕਾਰਾਂ ਨੂੰ 1,000 ਤੋਂ ਵੱਧ ਜੀਵਨ ਸਰਟੀਫਿਕੇਟ ਜਾਰੀ ਕਰ ਸਕਿਆ…।” ਬਿਆਨ ਵਿੱਚ ਹੋਰ ਕਿਹਾ ਗਿਆ ਹੈ ਕਿ ਵੈਨਕੂਵਰ ਅਤੇ ਸਰੀ ਵਿੱਚ ਵੀ 2 ਅਤੇ 3 ਨਵੰਬਰ ਨੂੰ ਲਗਾਏ ਗਏ ਅਜਿਹੇ ਕੈਂਪਾਂ ਵਿੱਚ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਦੌਰਾਨ, ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਨੇੜੇ ਲਾਏ ਗਏ ਅਜਿਹੇ ਹੀ ਕੌਂਸਲਰ ਕੈਂਪ ਖ਼ਿਲਾਫ਼ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਐਤਵਾਰ ਨੂੰ ਹਿੰਸਕ ਰੂਪ ਧਾਰ ਗਿਆ, ਜਿਸ ਵਿੱਚ ਕਥਿਤ ਤੌਰ ‘ਤੇ ਮੰਦਰ ਦੇ ਸ਼ਰਧਾਲੂਆਂ ਅਤੇ ਉਥੇ ਆਪਣੇ ਕੰਮ ਕਰਵਾਉਣ ਲਈ ਆਏ ਹੋਏ ਲੋਕਾਂ ‘ਤੇ ਹਮਲਾ ਕੀਤਾ ਗਿਆ।
ਸਰੀ ਵਿਚ ਤਿੰਨ ਹੁੱਲੜਬਾਜ਼ ਗ੍ਰਿਫਤਾਰ ਤੇ ਰਿਹਾਅ-
ਸਰੀ ( ਦੇ ਪ੍ਰ ਬਿ)–ਐਤਵਾਰ ਨੂੰ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵਿਚ ਕੌਂਸਲਰ ਕੈਂਪ ਦੌਰਾਨ ਖਾਲਿਸਤਾਨੀ ਸਮਰਥਕਾਂ ਵਲੋਂ ਕੀਤੇ ਗਏ ਰੋਸ ਵਿਖਾਵੇ ਦੌਰਾਨ ਹਿੰਦੂ ਨੌਜਵਾਨਾਂ ਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਵੀ ਹਿੰਸਕ ਝੜਪ ਹੁੰਦੀ ਹੁੰਦੀ ਟਲੀ। ਇਸ ਦੌਰਾਨ ਸਰੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਦ ਵਿਚ ਰਾਤ ਨੂੰ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਮੰਦਿਰ ਕਮੇਟੀ ਦਾ ਦੋਸ਼ ਹੈ ਕਿ ਸਰੀ ਪੁਲਿਸ ਨੇ ਬਾਹਰੋ ਆਏ ਖਾਲਿਸਤਾਨੀ ਸਮਰਥਕਾਂ ਖਿਲਾਫ ਕਾਰਵਾਈ ਕਰਨ ਦੀ ਬਿਜਾਏ ਮੰਦਿਰ ਨਾਲ ਸਬੰਧਿਤ ਹੀ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਤੱਖ ਦਰਸ਼ੀਆਂ ਮੁਤਾਬਿਕ ਇਹਨਾਂ ਨੌਜਵਾਨਾਂ ਵਲੋਂ ਸਰੀ ਪੁਲਿਸ ਦੇ ਇਕ ਅਫਸਰ ਨੂੰ ਖਾਲਿਸਤਾਨੀ ਕਹਿਣ ਉਪਰੰਤ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਧਰ ਲਿਆ। ਇਸਦੇ ਵਿਰੋਧ ਵਿਚ ਮੰਦਿਰ ਕਮੇਟੀ ਵਲੋਂ ਅਗਲੇ ਦਿਨ ਆਰ ਸੀ ਐਮ ਪੀ ਹੈਡਕੁਆਰਾਟਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਉਧਰ ਸਰੀ ਆਰ ਸੀ ਐਮ ਪੀ ਨੇ ਇਕ ਬਿਆਨ ਰਾਹੀ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਹੋਏ ਟਕਰਾਅ ਤੋਂ ਬਾਅਦ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਅਤੇ ਗ੍ਰਿਫਤਾਰੀਆਂ ਕੀਤੀਆਂ। 3 ਨਵੰਬਰ ਨੂੰ ਦੁਪਹਿਰ 2:30 ਵਜੇ, ਭਾਰਤੀ ਕੌਂਸਲਰ ਕੈਂਪਾਂ ਦੌਰਾਨ ਜਨਤਕ ਸੁਰੱਖਿਆ ਨੂੰ ਕਾਇਮ ਰੱਖਣ ਲਈ ਫਰੰਟਲਾਈਨ ਅਧਿਕਾਰੀ ਮੰਦਰ ਵਿੱਚ ਸਨ ਜਦੋਂ ਖਾਲਿਸਤਾਨੀ ਪ੍ਰਦਰਸ਼ਨਕਾਰੀ ਵੀ ਉਥੇ ਪਹੁੰਚੇ ਹੋਏ ਸਨ। ਸ਼ਾਂਤੀ ਬਣਾਈ ਰੱਖਣ ਲਈ ਕਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ।
ਇਸੇ ਦੌਰਾਨ ਦੋਵਾਂ ਗਰੁੱਪਾਂ ਵਿਚਾਲੇ ਹਿੰਸਾ ਭੜਕ ਗਈ ਜਿਸ ਉਪਰੰਤ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਬਾਦ ਵਿਚ ਸਰੀ ਆਰਸੀਐਮਪੀ ਦੇ ਜਨਰਲ ਜਾਂਚ ਯੂਨਿਟ ਨੇ ਆਪਣੀ ਜਾਂਚ ਪੂਰੀ ਕਰਦੇ ਹੋਏ ਸਾਰੇ ਸ਼ੱਕੀਆਂ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ ।
ਫਿਰਕੂ ਤਣਾਅ ਦੌਰਾਨ ਹਿੰਦੂ -ਸਿੱਖ ਆਗੂਆਂ ਦੀ ਤਸਵੀਰ ਵਾਇਰਲ-
ਸਰੀ ਦੇ ਹਿੰਦੂ ਮੰਦਿਰ ਵਿਚ ਕੌੰਸਲਰ ਕੈਂਪ ਦੌਰਾਨ ਖਾਲਿਸਤਾਨੀ ਸਮਰਥਕਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਭਾਰਤ ਸਰਕਾਰ ਦੇ ਏਜੰਟਾਂ ਖਿਲਾਫ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਕਤਲ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸਦੇ ਜਵਾਬ ਵਿਚ ਮੰਦਿਰ ਕਮੇਟੀ ਨਾਲ ਸਬੰਧਿਤ ਨੌਜਵਾਨਾਂ ਵਲੋਂ ਖਾਲਿਸਤਾਨ ਖਿਲਾਫ ਤੇ ਹਰਦੀਪ ਸਿੰਘ ਨਿੱਝਰ ਖਿਲਾਫ ਜਵਾਬੀ ਨਾਅਰੇਬਾਜ਼ੀ ਕੀਤੀ ਗਈ। ਇਸ ਨਾਅਰੇਬਾਜ਼ੀ ਦੌਰਾਨ ਦੋਵਾਂ ਗਰੁੱਪਾਂ ਵਿਚਾਲੇ ਝੜਪ ਨਾਲ ਸਥਾਨਕ ਭਾਈਚਾਰੇ ਵਿਚ ਫਿਰਕੂ ਤਣਾਅ ਦੀਆਂ ਖਬਰਾਂ ਹਨ। ਸੋਸ਼ਲ ਮੀਡੀਆ ਉਪਰ ਇਕ ਦੂਸਰੇ ਭਾਈਚਾਰੇ ਨਾਲ ਸਬੰਧਿਤ ਕਾਰੋਬਾਰਾਂ ਦੇ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ। ਸਰੀ ਦੇ ਹਿੰਦੂ-ਸਿੱਖ ਭਾਈਚਾਰੇ ਦਰਮਿਆਨ ਫਿਰਕੂ ਤਣਾਅ ਪੈਦਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਰਮਿਆਨ ਸੋਸ਼ਲ ਮੀਡੀਆ ਉਪਰ ਮਰਹੂਮ ਖਾਲਿਸਤਾਨੀ ਆਗੂ ਨਿੱਝਰ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਪੁਰਾਣੀ ਸਾਂਝ ਦਰਸਾਉਂਦੀ ਇਕ ਫੋਟੋ ਵੀ ਘੁੰਮ ਰਹੀ ਹੈ।
ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਮਰਹੂਮ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਇਕ ਪੁਰਾਣੀ ਤਸਵੀਰ ਜਿਸ ਵਿਚ ਦੋਵੇਂ ਖੁਸ਼ੀ ਭਰੇ ਮੂਡ ਵਿਚ ਤਸਵੀਰ ਖਿਚਵਾਉਂਦੇ ਨਜ਼ਰ ਆਉਂਦੇ ਹਨ।