ਸਰੀ ( ਦੇ ਪ੍ਰ ਬਿ)–ਐਤਵਾਰ ਨੂੰ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵਿਚ ਕੌਂਸਲਰ ਕੈਂਪ ਦੌਰਾਨ ਖਾਲਿਸਤਾਨੀ ਸਮਰਥਕਾਂ ਵਲੋਂ ਕੀਤੇ ਗਏ ਰੋਸ ਵਿਖਾਵੇ ਦੌਰਾਨ ਹਿੰਦੂ ਨੌਜਵਾਨਾਂ ਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਵੀ ਹਿੰਸਕ ਝੜਪ ਹੁੰਦੀ ਹੁੰਦੀ ਟਲੀ। ਇਸ ਦੌਰਾਨ ਸਰੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਦ ਵਿਚ ਰਾਤ ਨੂੰ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਮੰਦਿਰ ਕਮੇਟੀ ਦਾ ਦੋਸ਼ ਹੈ ਕਿ ਸਰੀ ਪੁਲਿਸ ਨੇ ਬਾਹਰੋ ਆਏ ਖਾਲਿਸਤਾਨੀ ਸਮਰਥਕਾਂ ਖਿਲਾਫ ਕਾਰਵਾਈ ਕਰਨ ਦੀ ਬਿਜਾਏ ਮੰਦਿਰ ਨਾਲ ਸਬੰਧਿਤ ਹੀ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਤੱਖ ਦਰਸ਼ੀਆਂ ਮੁਤਾਬਿਕ ਇਹਨਾਂ ਨੌਜਵਾਨਾਂ ਵਲੋਂ ਸਰੀ ਪੁਲਿਸ ਦੇ ਇਕ ਅਫਸਰ ਨੂੰ ਖਾਲਿਸਤਾਨੀ ਕਹਿਣ ਉਪਰੰਤ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਧਰ ਲਿਆ। ਇਸਦੇ ਵਿਰੋਧ ਵਿਚ ਮੰਦਿਰ ਕਮੇਟੀ ਵਲੋਂ ਅਗਲੇ ਦਿਨ ਆਰ ਸੀ ਐਮ ਪੀ ਹੈਡਕੁਆਰਾਟਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਉਧਰ ਸਰੀ ਆਰ ਸੀ ਐਮ ਪੀ ਨੇ ਇਕ ਬਿਆਨ ਰਾਹੀ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਹੋਏ ਟਕਰਾਅ ਤੋਂ ਬਾਅਦ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਅਤੇ ਗ੍ਰਿਫਤਾਰੀਆਂ ਕੀਤੀਆਂ। 3 ਨਵੰਬਰ ਨੂੰ ਦੁਪਹਿਰ 2:30 ਵਜੇ, ਭਾਰਤੀ ਕੌਂਸਲਰ ਕੈਂਪਾਂ ਦੌਰਾਨ ਜਨਤਕ ਸੁਰੱਖਿਆ ਨੂੰ ਕਾਇਮ ਰੱਖਣ ਲਈ ਫਰੰਟਲਾਈਨ ਅਧਿਕਾਰੀ ਮੰਦਰ ਵਿੱਚ ਸਨ ਜਦੋਂ ਖਾਲਿਸਤਾਨੀ ਪ੍ਰਦਰਸ਼ਨਕਾਰੀ ਵੀ ਉਥੇ ਪਹੁੰਚੇ ਹੋਏ ਸਨ। ਸ਼ਾਂਤੀ ਬਣਾਈ ਰੱਖਣ ਲਈ ਕਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ।
ਇਸੇ ਦੌਰਾਨ ਦੋਵਾਂ ਗਰੁੱਪਾਂ ਵਿਚਾਲੇ ਹਿੰਸਾ ਭੜਕ ਗਈ ਜਿਸ ਉਪਰੰਤ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਬਾਦ ਵਿਚ ਸਰੀ ਆਰਸੀਐਮਪੀ ਦੇ ਜਨਰਲ ਜਾਂਚ ਯੂਨਿਟ ਨੇ ਆਪਣੀ ਜਾਂਚ ਪੂਰੀ ਕਰਦੇ ਹੋਏ ਸਾਰੇ ਸ਼ੱਕੀਆਂ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ ।
ਫਿਰਕੂ ਤਣਾਅ ਦੌਰਾਨ ਹਿੰਦੂ -ਸਿੱਖ ਆਗੂਆਂ ਦੀ ਤਸਵੀਰ ਵਾਇਰਲ-
ਸਰੀ ਦੇ ਹਿੰਦੂ ਮੰਦਿਰ ਵਿਚ ਕੌੰਸਲਰ ਕੈਂਪ ਦੌਰਾਨ ਖਾਲਿਸਤਾਨੀ ਸਮਰਥਕਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਭਾਰਤ ਸਰਕਾਰ ਦੇ ਏਜੰਟਾਂ ਖਿਲਾਫ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਕਤਲ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸਦੇ ਜਵਾਬ ਵਿਚ ਮੰਦਿਰ ਕਮੇਟੀ ਨਾਲ ਸਬੰਧਿਤ ਨੌਜਵਾਨਾਂ ਵਲੋਂ ਖਾਲਿਸਤਾਨ ਖਿਲਾਫ ਤੇ ਹਰਦੀਪ ਸਿੰਘ ਨਿੱਝਰ ਖਿਲਾਫ ਜਵਾਬੀ ਨਾਅਰੇਬਾਜ਼ੀ ਕੀਤੀ ਗਈ। ਇਸ ਨਾਅਰੇਬਾਜ਼ੀ ਦੌਰਾਨ ਦੋਵਾਂ ਗਰੁੱਪਾਂ ਵਿਚਾਲੇ ਝੜਪ ਨਾਲ ਸਥਾਨਕ ਭਾਈਚਾਰੇ ਵਿਚ ਫਿਰਕੂ ਤਣਾਅ ਦੀਆਂ ਖਬਰਾਂ ਹਨ। ਸੋਸ਼ਲ ਮੀਡੀਆ ਉਪਰ ਇਕ ਦੂਸਰੇ ਭਾਈਚਾਰੇ ਨਾਲ ਸਬੰਧਿਤ ਕਾਰੋਬਾਰਾਂ ਦੇ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ। ਸਰੀ ਦੇ ਹਿੰਦੂ-ਸਿੱਖ ਭਾਈਚਾਰੇ ਦਰਮਿਆਨ ਫਿਰਕੂ ਤਣਾਅ ਪੈਦਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਰਮਿਆਨ ਸੋਸ਼ਲ ਮੀਡੀਆ ਉਪਰ ਮਰਹੂਮ ਖਾਲਿਸਤਾਨੀ ਆਗੂ ਨਿੱਝਰ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਪੁਰਾਣੀ ਸਾਂਝ ਦਰਸਾਉਂਦੀ ਇਕ ਫੋਟੋ ਵੀ ਘੁੰਮ ਰਹੀ ਹੈ।
ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਮਰਹੂਮ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਇਕ ਪੁਰਾਣੀ ਤਸਵੀਰ ਜਿਸ ਵਿਚ ਦੋਵੇਂ ਖੁਸ਼ੀ ਭਰੇ ਮੂਡ ਵਿਚ ਤਸਵੀਰ ਖਿਚਵਾਉਂਦੇ ਨਜ਼ਰ ਆਉਂਦੇ ਹਨ।