Headlines

ਟਰੰਪ ਦੀ ਰਾਸ਼ਟਰਪਤੀ ਵਜੋਂ ਵਾਪਸੀ

ਨਿਊਯਾਰਕ-ਬੀਤੀ ਰਾਤ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਆਏ ਨਤੀਜਿਆਂ ਵਿਚ ਵੋਟਰਾਂ ਦਾ ਫੈਸਲਾ ਚੋਣ ਸਰਵੇਖਣਾ ਤੇ ਭਵਿੱਖਬਾਣੀ ਨਾਲੋਂ ਵਧੇਰੇ ਨਿਰਣਾਇਕ ਰਿਹਾ।
ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ  ਲੋੜੀਂਦੀਆਂ 270 ਇਲੈਕਟੋਰਲ ਕਾਲਜ ਵੋਟਾਂ ਦਾ ਅੰਕੜਾ ਪਾਰ ਕਰ ਲਿਆ। ਅਧਿਕਾਰਤ ਐਲਾਨ ਤੋਂ ਪਹਿਲਾਂ ਇੱਕ ਜੇਤੂ ਭਾਸ਼ਣ ਵਿੱਚ, ਉਸਨੇ “ਦੇਸ਼ ਨੂੰ ਪਹਿਲ ਦੇਣ” ਅਤੇ ਅਮਰੀਕਾ ਲਈ “ਸੁਨਹਿਰੀ ਯੁੱਗ” ਲਿਆਉਣ ਦੀ ਸਹੁੰ ਖਾਧੀ।
ਪਿਛਲੀਆਂ 2020 ਦੀਆਂ ਚੋਣਾਂ ਦੌਰਾਨ ਉਹ ਬਾਈਡਨ ਤੋਂ ਹਾਰ ਗਏ ਸਨ। ਉਹਨਾਂ ਦੀ ਹੁਣ ਚਾਰ ਸਾਲ ਬਾਅਦ ਵ੍ਹਾਈਟ ਹਾਊਸ ਵਿੱਚ ਵਾਪਸੀ ਹੋਈ ਹੈ।

ਡੋਨਾਲਡ ਟਰੰਪ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਅਗਲੇ ਸਾਲ 20 ਜਨਵਰੀ ਨੂੰ ਅਹੁਦੇ ਦਾ ਹਲਫ਼ ਲੈਣਗੇ। ਟਰੰਪ ਦੀ ਜਿੱਤ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਵਾਪਸੀ ਮੰਨਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਪਹੁੰਚਣ ਲਈ ਦੋਵਾਂ ਉਮੀਦਵਾਰਾਂ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਸੀ ਤੇ ਟਰੰਪ ਨੇ ਪੰਜ ਸਵਿੰਗ ਸਟੇਟਾਂ ਵਿਚੋਂ ਇਕ ਵਿਸਕੌਨਸਿਨ ਦਾ ਚੋਣ ਮੈਦਾਨ ਫ਼ਤਹਿ ਕਰਕੇ ਜਾਦੂਈ ਅੰਕੜਾ ਹਾਸਲ ਕਰ ਲਿਆ। ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ (ਏਪੀ) ਮੁਤਾਬਕ ਭਾਰਤੀ ਸਮੇਂ ਅਨੁਸਾਰ ਸ਼ਾਮੀਂ 7 ਵਜੇ ਤੱਕ ਰਿਪਬਲਿਕਨ ਉਮੀਦਵਾਰ ਟਰੰਪ ਨੇ 277 ਤੇ ਭਾਰਤੀ ਮੂਲ ਦੀ ਡੈਮੋਕਰੈਟਿਕ ਉਮੀਦਵਾਰ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਸਨ। ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਵਿਚੋਂ 35 ਲਈ ਗਿਣਤੀ ਦਾ ਅਮਲ ਜਾਰੀ ਸੀ।

ਟਰੰਪ ਚਾਰ ਸਾਲ ਪਹਿਲਾਂ (2020 ’ਚ) ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਕੋਲੋਂ ਹਾਰ ਗਏ ਸਨ। ਟਰੰਪ ਨੇ ਉਦੋਂ ਚੋਣ ਨਤੀਜਿਆਂ ਨੂੰ ਵੀ ਚੁਣੌਤੀ ਦਿੱਤੀ ਸੀ ਤੇ ਸੱਤਾ ਦੇ ਤਬਾਦਲੇ ਦੌਰਾਨ ਆਪਣੇ ਹਮਾਇਤੀਆਂ ਨੂੰ ਅਮਰੀਕੀ ਸੰਸਦ ਵੱਲ ਮਾਰਚ ਕਰਨ ਦੀ ਅਸਿੱਧੀ ਅਪੀਲ ਕੀਤੀ ਸੀ। ਟਰੰਪ ਹਮਾਇਤੀਆਂ ਦਾ ਮਾਰਚ ਮਗਰੋਂ ਹਿੰਸਕ ਹਮਲਿਆਂ ਵਿਚ ਤਬਦੀਲ ਹੋ ਗਿਆ ਤੇ ਅਮਰੀਕੀ ਸੰਸਦ ਦੇ ਅੰਦਰ ਝੜਪਾਂ ਦੀਆਂ ਤਸਵੀਰਾਂ ਨੇ ਕੁੱਲ ਆਲਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਂਝ ਅੱਜ ਦੀ ਜਿੱਤ ਨਾਲ ਟਰੰਪ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਨੂੰ (ਸੰਸਦ ’ਤੇ ਹਮਲੇ ਦੇ) ਸੰਗੀਨ ਜੁਰਮ ਲਈ ਦੋਸ਼ੀ ਠਹਿਰਾਏ ਜਾਣ ਮਗਰੋਂ ਅਮਰੀਕਾ ਦੇ ਸਿਖਰਲੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ। ਟਰੰਪ ਨੇ ਪੈਨਸਿਲਵੇਨੀਆ, ਜੌਰਜੀਆ, ਉੱਤਰੀ ਕੈਰੋਲੀਨਾ ਤੇ ਵਿਸਕੌਨਸਿਨ ਜਿਹੇ ਸਵਿੰਗ ਸਟੇਟ ਜਿੱਤ ਕੇ ਆਪਣੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡੀ ਸੱਟ ਮਾਰੀ। ਖ਼ਬਰ ਲਿਖੇ ਜਾਣ ਤੱਕ ਕੁਝ ਹੋਰਨਾਂ ਅਹਿਮ ਰਾਜਾਂ ਐਰੀਜ਼ੋਨਾ, ਮਿਸ਼ੀਗਨ ਤੇ ਨੇਵਾਦਾ ਵਿਚ ਵੋਟਾਂ ਦੀ ਗਿਣਤੀ ਜਾਰੀ ਸੀ।

ਟਰੰਪ ਵੱਲੋਂ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ-

ਡੋਨਲਡ ਟਰੰਪ(78) ਨੇ ਰਾਸ਼ਟਰਪਤੀ ਚੋਣਾਂ ਵਿਚ ਮਿਲੇ ਫ਼ਤਵੇ ਨੂੰ ‘ਬੇਮਿਸਾਲ ਤੇ ਸ਼ਕਤੀਸ਼ਾਲੀ’ ਕਰਾਰ ਦਿੰਦਿਆਂ ਅਮਰੀਕਾ ਲਈ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਫਲੋਰਿਡਾ ਦੇ ਪਾਮ ਬੀਚ ਸਥਿਤ ਪਾਮ ਬੀਚ ਕਨਵੈਨਸ਼ਨ ਸੈਂਟਰ ਵਿਚ  ਤੜਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਅਮਰੀਕਾ ਲਈ ਸੱਚਮੁੱਚ ਸੁਨਹਿਰੀ ਯੁੱਗ ਹੋਵੇਗਾ। ਇਹ ਸ਼ਾਨਦਾਰ ਜਿੱਤ ਹੈ, ਜੋ ਸਾਨੂੰ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਵਿਚ ਮਦਦ ਕਰੇਗੀ।’’ ਇਸ ਮੌਕੇ ਟਰੰਪ ਨਾਲ ਉਨ੍ਹਾਂ ਦੀ ਪਤਨੀ ਮਿਲਾਨੀਆ ਟਰੰਪ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਉਪ ਰਾਸ਼ਟਰਪਤੀ ਚੁਣੇ ਜਾਣ ਵਾਲੇ ਜੇਡੀ ਵੈਂਸ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੈਂਸ ਵੀ ਮੰਚ ਉੱਤੇ ਹਾਜ਼ਰ ਸੀ। ਟਰੰਪ ਨੇ ਚੋਣ ਅਮਲ ਦੌਰਾਨ ਸਹਿਯੋਗ ਲਈ ਵੈਂਸ ਜੋੜੇ ਦਾ ਸ਼ੁਕਰੀਆ ਅਦਾ ਕੀਤਾ। ਟਰੰਪ ਨੇ ਕਿਹਾ, ‘‘ਇਹ ਅਜਿਹਾ ਅੰਦੋਲਨ ਸੀ ਜਿਹੜਾ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖਿਆ ਸੀ। ਸੱਚ ਕਹਾਂ ਤਾਂ ਮੇਰਾ ਮੰਨਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਅੰਦੋਲਨ ਹੈ। ਇਸ ਦੇਸ਼ ਵਿਚ ਤੇ ਸ਼ਾਇਦ ਇਸ ਤੋਂ ਪਰੇ ਵੀ ਅਜਿਹਾ ਕਦੇ ਨਹੀਂ ਹੋਇਆ। ਹੁਣ ਇਹ ਨਵੇਂ ਮੁਕਾਮ ਉੱਤੇ ਪਹੁੰਚਣ ਜਾ ਰਿਹਾ ਹੈ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਉਭਰਨ ਵਿਚ ਮਦਦ ਕਰਾਂਗੇ।’’ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਸਕਦੇ ਹਨ।ਟਰੰਪ ਨੇ ਕਿਹਾ, ‘‘ਅਮਰੀਕਾ ਵਿਚ ਸਾਨੂੰ ਲੋਕਾਂ ਦਾ ਬੇਮਿਸਾਲ ਤੇ ਸ਼ਕਤੀਸ਼ਾਲੀ ਫ਼ਤਵਾ ਮਿਲਿਆ ਹੈ। ਸਾਨੂੰ ਸੈਨੇਟ ਦਾ ਮੁੜ ਕੰਟਰੋਲ ਮਿਲ ਗਿਆ ਹੈ।’’ ਉਹਨਾਂ ਹੋਰ ਕਿਹਾ, ‘‘ਮੈਂ ਆਖਰੀ ਸਾਹ ਤੱਕ ਤੁਹਾਡੇ ਲਈ ਲੜਾਂਗਾ ਅਤੇ ਅਮਰੀਕਾ ਨੂੰ ਮਜ਼ਬੂਤ, ਸੁਰੱਖਿਅਤ ਤੇ ਖ਼ੁਸ਼ਹਾਲ ਰਾਸ਼ਟਰ ਬਣਾਉਣ ਤੱਕ ਟਿਕ ਕੇ ਨਹੀਂ ਬੈਠਾਂਗਾ।’’ ਉਧਰ ਵੈਂਸ ਨੇ ਭਾਸ਼ਣ ’ਚ ਟਰੰਪ ਦੀ ਜਿੱਤ ਨੂੰ ਮਹਾਨ ਸਿਆਸੀ ਵਾਪਸੀ ਦਾ ਨਾਮ ਦਿੱਤਾ।