Headlines

ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਸਾਂਝੀ ਕਮੇਟੀ ਦੇ ਗਠਨ ਲਈ ਵਿਚਾਰ-ਵਟਾਂਦਰਾ

ਲਹਿੰਦੇ ਪੰਜਾਬ ਵਿੱਚ ਸਕੂਲਾਂ ‘ਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ‘ਤੇ ਸਮੂਹਿਕ ਖੁਸ਼ੀ ਦਾ ਪ੍ਰਗਟਾਵਾ

ਬਰੈਂਪਟਨ, (ਡਾ. ਝੰਡ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਨੂੰ ਕਰਵਾਏ ਗਏ ਸੈਮੀਨਾਰ ਵਿੱਚ ਪੰਜਾਬੀ ਭਾਸ਼ਾ ਨੂੰ ਓਨਟਾਰੀਓ ਖਿੱਤੇ ਵਿਚ ਪ੍ਰਫੁੱਲਤ ਕਰਨ ਲਈ ਵੱਖ-ਵੱਖ ਬੁਲਾਰਿਆਂ ਵੱਲੋਂ ਆਏ ਵਿਚਾਰਾਂ ਵਿੱਚੋਂ ਇੱਕ ਅਹਿਮ ਇਸ ਦੇ ਲਈ ਅੱਗੋਂ ਯਤਨ ਕਰਨ ਲਈ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੀ ਸਾਂਝੀ ਕਮੇਟੀ ਬਨਾਉਣ ਬਾਰੇ ਸੀ। ਸੈਮੀਨਾਰ ਵਿਚ ਪਾਸ ਹੋਏ ਸੱਤ ਮਤਿਆਂ ਵਿੱਚ ਇੱਕ ਮਤਾ ਇਸ ਦੇ ਬਾਰੇ ਵੀ ਸੀ। ਇਸ ਵਿਚਾਰ ਨੂੰ ਅੱਗੇ ਤੋਰਨ ਲਈ ਲੰਘੇ ਐਤਵਾਰ 3 ਨਵੰਬਰ ਨੂੰ ਵੱਖ-ਵੱਖ ਸਭਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿਚ ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਹੋਏ ਫ਼ੈਸਲੇ ’ਤੇ ਬੇਹੱਦ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਾਕਿਸਤਾਨੀ ਪੰਜਾਬੀਆਂ ਨੂੰ ਇਸ ਦੀ ਹਾਰਦਿਕ ਮੁਬਾਰਕਬਾਦ ਦਿੱਤੀ ਗਈ। ਮੀਟਿੰਗ ਆਰੰਭ ਕਰਦਿਆਂ ਕਿਰਪਾਲ ਸਿੰਘ ਪੰਨੂੰ ਨੇ ਇਸ ਦੀ ਲੋੜ ਤੇ ਇਸਦੇ ਉਦੇਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਵੱਖ-ਵੱਖ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸਭਾਵਾਂ ਤੇ ਸੰਸਥਾਵਾਂ ਦੀ ਇਕ ਸਾਂਝੀ ਕਮੇਟੀ ਬਨਾਉਣ ਦੀ ਲੋੜ ਹੈ ਜੋ ਪੰਜਾਬੀ ਭਾਸ਼ਾ ਨੂੰ ਓਨਟਾਰੀਓ ਵਿੱਚ ਹੋਰ ਅੱਗੇ ਲਿਜਾਣ ਲਈ ਕੰਮ ਕਰੇ। ਇਸ ਕਮੇਟੀ ਦੇ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ ਅਤੇ ਅੱਗੋਂ ਇਸ ਦੀਆਂ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਇਸ ਕਮੇਟੀ ਨੂੰ ਫ਼ੰਡਾਂ ਦੀ ਵੀ ਲੋੜ ਪਵੇਗੀ ਅਤੇ ਇਸ ਦੇ ਲਈ ਇਕ ਸਾਂਝਾ ਫ਼ੰਡ ਕਾਇਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਭਾਵਾਂ ਦੇ ਨਾਲ ਅਹਿਮ ਪੰਜਾਬੀ ਸ਼ਖ਼ਸੀਅਤਾਂ ਤੇ ਵਿਦਵਾਨਾਂ ਦੀ ਵੀ ਇਸ ਸਾਂਝੀ ਕਮੇਟੀ ਵਿਚ ਸ਼ਮੂਲੀਅਤ ਕੀਤੀ ਜਾਵੇ। ਮੀਟਿੰਗ ਦੀ ਕਾਰਵਾਈ ਚਲਾਉਣ ਲਈ ਉਨ੍ਹਾਂ ਨੇ ਡਾ. ਸੁਖਦੇਵ ਸਿੰਘ ਝੰਡ ਦੀ ਡਿਊਟੀ ਲਗਾ ਦਿੱਤੀ ਜਿਨ੍ਹਾਂ ਵੱਲੋਂ ਸਾਰੇ ਮੈਂਬਰਾਂ ਨੂੰ ਵਾਰੀ ਸਿਰ ਬੋਲ ਕੇ ਆਪਣੇ ਸੁਝਾਅ ਦੇਣ ਲਈ ਬੇਨਤੀ ਕੀਤੀ ਗਈ।

ਮੀਟਿੰਗ ਦੇ ਪਹਿਲੇ ਬੁਲਾਰੇ ਡਾ. ਦਲਬੀਰ ਸਿੰਘ ਕਥੂਰੀਆ ਦਾ ਵਿਚਾਰ ਸੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਆਪਣੇ ਤੌਰ ‘ਤੇ ਵੱਖ-ਵੱਖ ਕਾਨਫ਼ਰੰਸਾਂ ਤੇ ਸੈਮੀਨਾਰ ਕਰਵਾ ਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਇਕੱਠੇ ਹੋ ਕੇ ਹੰਭਲਾ ਮਾਰਿਆ ਹੈ ਅਤੇ ਉਨ੍ਹਾਂ ਨੇ ਉੱਥੇ ਮਿਲ਼ ਕੇ ਪੰਜਾਬ ਅਸੈਂਬਲੀ ਵਿੱਚ ਪੰਜਾਬੀ ‘ਚ ਬੋਲਣ ਅਤੇ ਸਕੂਲਾਂ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵੱਲੋਂ ਪੜ੍ਹਾਈ ਜਾਣ ਵਾਲਾ ਵੱਡਾ ਮੋਰਚਾ ਫ਼ਤਿਹ ਕਰ ਲਿਆ ਹੈ। ਉਨ੍ਹਾਂ ਤੋਂ ਬਾਅਦ ਡਾ. ਦਰਸ਼ਨਦੀਪ ਅਰੋੜਾ ਨੇ ਕਿਹਾ ਕਿ ਇੱਕ ਪਲੇਟਫ਼ਾਰਮ ‘ਤੇ ਇਕੱਠੇ ਹੋ ਕੇ ਸਾਨੂੰ ਆਪਸ ਵਿੱਚ ਵੱਖ-ਵੱਖ ਡਿਊਟੀਆਂ ਵੰਡ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮਾਤ-ਭਾਸ਼ਾ ਸਿੱਖਣੀ ਤੇ ਬੋਲਣੀ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਪਰ ਇਸ ਦੇ ਨਾਲ ਸਾਨੂੰ ਦੂਸਰੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ।

ਡਾ. ਜੋਗਾ ਸਿੰਘ ਵਿਰਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਖਿੱਤੇ ਵਿੱਚ ਭਾਸ਼ਾ ਦੀ ਪ੍ਰਫੁੱਲਤਾ ਲਈ ਦੋ ਪੱਖ ਜ਼ਰੂਰੀ ਹਨ, ਇਕ ਸਰਕਾਰੀ ਤੇ ਦੂਸਰਾ ਲੋਕਾਂ ਦਾ। ਸਰਕਾਰ ਦਾ ਪੱਖ ਤਾਂ ਬਾਅਦ ਵਿਚ ਆਉਂਦਾ ਹੈ,  ਪਹਿਲਾਂ ਲੋਕਾਂ ਦਾ ਹੀ ਆਉਂਦਾ ਹੈ ਜਿਸ ਵਿਚ ਸੱਭ ਤੋਂ ਅਹਿਮ ਗੱਲ ਹੈ ਕਿ ਸਕੂਲਾਂ ਵਿਚ ਬੱਚੇ ਲਿਆਂਦੇ ਕਿਵੇਂ ਜਾਣ? ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਮਾਂ-ਬੋਲੀ ਸਿੱਖਣ ਦੇ ਕੀ ਲਾਭ ਹਨ। ਗਲੋਬਲ ਪੱਧਰ ‘ਤੇ ਆਰਥਿਕ ਮੰਡੀ ਦੀ ਗੱਲ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਅਜੋਕੇ ਯੁੱਗ ਵਿਚ ‘ਬਹੁ-ਭਾਸ਼ੀਏ’ (ਮਲਟੀ-ਲਿੰਗੂਅਲ) ਬਣਨ ਦੀ ਗੱਲ ਕੀਤੀ। ਉਨ੍ਹਾ ਕਿਹਾ ਕਿ ਪੰਜਾਬੀ ਬੋਲੀ ਨੂੰ ਕਿੱਤਾ-ਮੁਖੀ ਬਣਾਇਆ ਜਾਏ।  ਪੰਜਾਬ ਦਾ ਇਤਿਹਾਸ ਜਾਣਨ ਲਈ ਪੰਜਾਬੀ ਭਾਸ਼ਾ ਦਾ ਗਿਆਨ ਜ਼ਰੂਰੀ ਹੈ। ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਕਰੈਡਿਟ ਕੋਰਸ ਸ਼ੁਰੂ ਕੀਤੇ ਜਾਣ ਅਤੇ ਅਕਾਦਮਿਕ ਪੱਧਰ ‘ਤੇ ਇਸ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਜਾਨਣ ਦੀ ਲੋੜ ਹੈ ਕਿ ਕੈਨੇਡਾ ਵਾਲੇ ਬੱਚੇ ਪੰਜਾਬੀ ਕਿਉਂ ਪੜ੍ਹਨ? ਉਨ੍ਹਾਂ ਹੋਰ ਕਿਹਾ ਕਿ ਪੰਜਾਬੀ ਕੇਵਲ ਸਿੱਖਾਂ ਦੀ ਭਾਸ਼ਾ ਨਹੀਂ ਹੈ ਅਤੇ ਦੂਸਰੀਆਂ ਜਾਤਾਂ/ਬਰਾਦਰੀਆਂ ਤੇ ਕਮਿਊਨਿਟੀਆਂ ਨੂੰ ਵੀ ਇਸ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਡਾ. ਜਗਮੋਹਨ ਸਿੰਘ ਸੰਘਾ ਨੇ ਸਾਰੀਆਂ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸਭਾਵਾਂ ਵਿੱਚੋਂ ਦੋ-ਦੋ ਮੈਂਬਰ ਲੈ ਕੇ ਇੱਕ ਸਾਂਝੀ ਕਮੇਟੀ ਬਨਾਉਣ ਤੋਂ ਪਹਿਲਾਂ ਇਸ ਦੇ ਉਦੇਸ਼ (ਔਬਜੈੱਕਟਿਵ) ਪ੍ਰੀਭਾਸ਼ਿਤ ਕਰਨ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ 20 ਅਕਤੂਬਰ ਨੂੰ ਹੋਏ ਸੈਮੀਨਾਰ ਵਿਚ ਪਾਸ ਹੋਏ ਮਤਿਆਂ ਨੂੰ ਅੱਗੇ ਵਧਾਉਣ, ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਲਈ ਉਤਸ਼ਾਹਿਤ ਕਰਨ, ਸਾਰੀਆਂ ਸਾਹਿਤਕ ਤੇ ਸੱਭਿਆਚਾਰਕ ਸਭਾਵਾਂ ਦੇ ਮੈਂਬਰਾਂ ਲਈ ਮੀਟਿੰਗਾਂ ਕਰਨ ਲਈ ਕੋਈ ਸਾਂਝੀ ਜਗ੍ਹਾ ਮੁਹੱਈਆ ਕਰਵਾਉਣ, ਰਾਜਸੀ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਅਤੇ ਵੱਖ-ਵੱਖ ਪੱਧਰ ‘ਤੇ ਸਰਕਾਰਾਂ ਨੂੰ ਆਪਣੀਆਂ ਮੰਗਾਂ ਪਹੁੰਚਾਉਣ ਤੇ ਇਨ੍ਹਾਂ ਉੱਪਰ ਅਮਲ ਕਰਵਾਉਣ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਬਲਦੇਵ ਸਿੰਘ ਰਹਿਪਾ ਨੇ ਇਸ ਮੁੱਦੇ ਨੂੰ ਅੱਗੇ ਤੋਰਨ ਲਈ ਪੰਜਾਬੀ ਕਮਿਊਨਿਟੀ ਨਾਲ ਮਿਲ਼ ਕੇ ਕੰਮ ਕਰਨ, ਪੰਜਾਬੀ ਅਧਿਆਪਕਾਂ ਦੇ ਮਹੱਤਵਪੂਰਨ ਰੋਲ, ਰਾਜਸੀ ਨੇਤਾਵਾਂ ਵੱਲੋਂ ਇਸ ਦੇ ਲਈ ਅਮਲੀ ਤੌਰ ‘ਤੇ ਨਾਲ ਮਿਲ ਕੇ ਚੱਲਣ, ਸਮਾਜਿਕ, ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ (ਧਾਰਮਿਕ ਨਹੀਂ) ਨੂੰ ਨਾਲ ਮਿਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੰਮ ਕਰਕੇ ਵਿਖਾਉਣ ਦੀ ਲੋੜ ਹੈ। ਇਸ ਦੇ ਲਈ ਸਾਨੂੰ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਦਾ ਅਧਾਰ ਸਕੂਲਾਂ ਤੋਂ ਆਰੰਭ ਹੁੰਦਾ ਹੈ।

ਕਰਨ ਅਜਾਇਬ ਸਿੰਘ ਸੰਘਾ ਨੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਪੰਜਾਬੀ ਬੋਲੀ ਦੇ ਹਿਤੈਸ਼ੀਆਂ, ਵਿਦਵਾਨਾਂ ਅਤੇ ਸਾਹਿਤਕਾਰਾਂ ਦੀਆਂ ਵੱਖ-ਵੱਖ ਟੀਮਾਂ ਬਨਾਉਣੀਆਂ ਚਾਹੀਦੀਆਂ ਹਨ ਜੋ ਆਪਣੇ ਪੱਧਰ ‘ਤੇ ਕੰਮ ਕਰਨ। ਦੋ-ਦੋ ਮੈਂਬਰ ਹਰੇਕ ਸਭਾ ਤੋਂ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਅਤੇ ਇਸ ਦਾ ਨਾਂ ਵੀ ਕੋਈ ਵੱਖਰਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਜਰਬਾਕਾਰ ਸਰਪ੍ਰਸਤ ਇਸ ਕਮੇਟੀ ਨੂੰ ਗਾਈਡ ਕਰਨ ਅਤੇ ਮਾਹਿਰ ਵਕੀਲ ਇਸ ਦਾ ਕਾਨੂੰਨੀ ਪੱਖ ਵੇਖਣ। ਵੱਖ-ਵੱਖ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਸਭਾਵਾਂ ਆਪੋ-ਆਪਣਾ ਕੰਮ ਜਾਰੀ ਰੱਖਣ ਅਤੇ ਇਹ ਸਾਂਝੀ ਕਮੇਟੀ ਇੱਕ ‘ਫੈੱਡਰੇਸ਼ਨ’ ਵਾਂਗ ਕੰਮ ਕਰੇ ਜੋ ਸਾਂਝੇ ਮੁੱਦਿਆਂ ਤੇ ਮਸਲਿਆਂ ਵਿੱਚ ਸਾਰੀਆਂ ਸਭਾਵਾਂ ਨੂੰ ਨਾਲ ਲੈ ਕੇ ਚੱਲੇ। ਇਸ ਕਮੇਟੀ ਦਾ ਕੋਈ ਪ੍ਰਧਾਨ ਜਾਂ ਸਕੱਤਰ ਨਹੀਂ ਹੋਣਾ ਚਾਹੀਦਾ, ਬਲਕਿ ਇੱਕ ‘ਕੋਆਰਡੀਨੇਟਰ’ ਹੋਣਾ ਚਾਹੀਦਾ ਹੈ, ਕਿਉਂਕਿ ਪ੍ਰਧਾਨਗੀਆਂ/ਸਕੱਤਰੀਆਂ ਵਿਚ ਉਲਝ ਕੇ ਕੰਮ ਸਗੋਂ ਉਲਝ ਜਾਂਦਾ ਹੈ।

ਡਾ. ਦਵਿੰਦਰ ਸਿੰਘ ਲੱਧੜ ਨੇ ਵਾਲੰਟੀਅਰਾਂ ਦੀ ਇੱਕ ਕਮੇਟੀ ਬਨਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਾਲੰਟੀਅਰ ਪੱਧਰ ‘ਤੇ ਹੀ ਨਿਰਸਵਾਰਥ ਹੋ ਕੇ ਕੰਮ ਕੀਤਾ ਜਾ ਸਕਦਾ ਹੈ। ਹਰਦਿਆਲ ਸਿੰਘ ਝੀਤਾ ਨੇ  ਕਿਹਾ ਕਿ ਇਹ ਸਾਂਝੀ ਕਮੇਟੀ ਕਿਸੇ ਲਾਲਚ, ਅਹੰਮ ਅਤੇ ਈਗੋ ਤੋਂ ਦੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਕੈਨੇਡਾ ਵਿਚ ਲੋੜ ਉੱਪਰ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਇਹ ਵੀ ਕਿ ਇਹ ਲੋੜ ਕਿਵੇਂ ਪੂਰੀ ਕੀਤੀ ਜਾਵੇ।

ਡਾ. ਸੋਹਣ ਸਿੰਘ ਪਰਮਾਰ ਨੇ ਪੰਜਾਬੀ ਬੱਚਿਆਂ ਦੇ ਨਾਲ ਨਾਲ ਗ਼ੈਰ-ਪੰਜਾਬੀਆਂ ਨੂੰ ਵੀ ਪੰਜਾਬੀ ਪੜ੍ਹਾਏ ਜਾਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਨ ਲਈ ਉਨ੍ਹਾਂ ਨੂੰ ਖ਼ੁਦ ਮਿਲਿਆ ਜਾਏ ਅਤੇ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਮਿਲਣਾ ਜ਼ਰੂਰੀ ਹੈ।

ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਸ ਬਾਰੇ ਬੋਲਦਿਆਂ ਪੰਜਾਬੀ ਭਾਸ਼ਾ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਇਸ ਦੇ ਲਈ ਪੜ੍ਹਨ-ਸਮੱਗਰੀ ਦੀ ਵੀ ਗੱਲ ਕੀਤੀ। ਮੈਡਮ ਗੁਰਕੀਰਤ ਬਟਾਲਵੀ ਨੇ ਬੱਚਿਆਂ ਨੂੰ ਸਕੂਲਾਂ ਵਿਚ ਪੰਜਾਬੀ ਪੜ੍ਹਣ ਦਾ ਸ਼ੌਕ ਪੈਦਾ ਕਰਨ ਲਈ ਛੋਟੀਆਂ-ਛੋਟੀਆਂ ਕਵਿਤਾਵਾਂ ਰਾਹੀਂ ਇਸ ਦੀ ਸ਼ੁਰੂਆਤ ਕਰਨ ਦੀ ਗੱਲ ਕਹੀ। ਰਮਿੰਦਰ ਵਾਲੀਆ ਵੱਲੋਂ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਗੱਲ ਕੀਤੀ ਗਈ।

ਮੀਟਿੰਗ ਦੀ ਕਾਰਵਾਈ ਨੂੰ ਸਮੇਟਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਇਸ ਇਕੱਤਰਤਾ ਵਿਚ ਇਹ ਨੁਕਤੇ ਅਤੇ ਸੁਝਾਅ ਸਾਹਮਣੇ ਆਏ ਹਨ :

  1. ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸਭਾਵਾਂ ਤੇ ਸੰਸਥਾਵਾਂ ਵਿੱਚੋਂ ਉਨ੍ਹਾਂ ਦੇ ਦੋ-ਦੋ ਨੁਮਾਇੰਦੇ ਲੈ ਕੇ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇ।
  2. ਇਹ ਕਮੇਟੀ ‘ਫ਼ੈੱਡਰੇਸ਼ਨ’ ਵਾਂਗ ਕੰਮ ਕਰੇ ਜਿਸ ਦਾ ਇੱਕ ‘ਕੋਆਰਡੀਨੇਟਰ’ ਹੋਵੇ ਜੋ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਵਿਚਕਾਰ ਤਾਲਮੇਲ ਬਣਾ ਕੇ ਇਸਦੀਆਂ ਇਕੱਤਰਤਾਵਾਂ ਦਾ ਪ੍ਰਬੰਧ ਕਰੇ।
  3. ਇਸ ਫ਼ੈੱਡਰੇਸ਼਼ਨ ਦਾ ਪ੍ਰਧਾਨ, ਸਕੱਤਰ ਜਾਂ ਕੋਈ ਹੋਰ ਅਹੁਦੇਦਾਰ ਬਨਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਨਾਲ ਕੰਮ ਦੇ ਉਲਝਣ ਦੀ ਸੰਭਾਵਨਾ ਬਣ ਸਕਦੀ ਹੈ।
  4. ਇਹ ਸਾਂਝੀ ਕਮੇਟੀ ਦੀਆਂ ਅੱਗੋਂ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਜਾਣ ਜੋ ਆਪੋ ਆਪਣੀਆਂ ਡਿਊਟੀਆਂ ਸੰਭਾਲਣ।
  5. ਸਾਂਝੀ ਕਮੇਟੀ ਲਈ ਇੱਕ ਸਾਂਝਾ ਫ਼ੰਡ ਕਾਇਮ ਕਰਨ ਦੀ ਲੋੜ ਹੈ ਜੋ ਵੱਖ-ਵੱਖ ਸਭਾਵਾਂ, ਸੰਸਥਾਵਾਂ ਅਤੇ ਵਿਅੱਕਤੀਆਂ ਵੱਲੋਂ ਆਵੇ।
  6. ਸਾਂਝੀ ਕਮੇਟੀ ਅਤੇ ਹੋਰ ਸੰਸਥਾਵਾਂ ਤੇ ਸਭਾਵਾਂ ਦੀਆਂ ਵੱਖ-ਵੱਖ ਮੀਟਿੰਗਾਂ ਕਰਨ ਲਈ ਕਿਸੇ ਸਾਂਝੀ ਜਗ੍ਹਾ/ਇਮਾਰਤ ਦੀ ਲੋੜ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸਥਾਨਕ ਤੇ ਪ੍ਰੋਵਿੰਸ਼ਿਅਲ ਪੱਧਰ ‘ਤੇ ਯਤਨ ਕੀਤੇ ਜਾਣ।
  7. ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਉਨ੍ਹਾਂ ਕੋਲ ਅਤੇ ਉਨ੍ਹਾਂ ਦੇ ਮਾਪਿਆਂ ਤੱਕ ਨਿੱਜੀ ਤੌਰ ‘ਤੇ ਪਹੁੰਚ ਕੀਤੀ ਜਾਵੇ।
  8. ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਕਰੈਡਿਟ ਕੋਰਸ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾਣ।
  9. ਪੰਜਾਬੀ ਭਾਸ਼ਾ ਨੂੰ ਕੈਨੇਡਾ ਨੂੰ ਕਿੱਤਾ-ਮੁਖੀ ਬਣਾਏ ਜਾਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਜੋ ਵਿਦਿਆਰਥੀਆਂ ਵਿਚ ਇਸ ਦੇ ਲਈ ਉਤਸ਼ਾਹ ਪੈਦਾ ਹੋ ਸਕੇ।
  10. ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਬਹੁ-ਭਾਸ਼ੀਏ ਬਣਨ ਦੀ ਲੋੜ ਹੈ। ਹੋਰ ਭਾਸ਼ਾਵਾਂ ਸਿੱਖਣ ਸਮੇਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਵੱਲ ਪ੍ਰੇਰਿਤ ਕੀਤਾ ਜਾਵੇ।
  11. ਰਾਜਸੀ ਨੇਤਾਵਾਂ ਨੂੰ ਨਾਲ ਲੈ ਕੇ ਸਰਕਾਰੀ ਪੱਧਰ ‘ਤੇ ਪੰਜਾਬੀ ਭਾਸ਼ਾ ਨੂੰ ਉਚੇਰਾ ਦਰਜਾ ਦਿਵਾਉਣ ਲਈ ਯਤਨ ਕੀਤੇ ਜਾਣ।
  12. ਪੰਜਾਬੀ ਕੇਵਲ ਸਿੱਖਾਂ ਦੀ ਹੀ ਭਾਸ਼ਾ ਨਹੀਂ ਹੈ। ਹੋਰ ਜਾਤਾਂ/ਬਰਾਦਰੀਆਂ ਅਤੇ ਕਮਿਊਨਿਟੀਆਂ ਦੇ ਲੋਕਾਂ ਨੂੰ ਪੰਜਾਬੀ ਪੜ੍ਹਨ, ਬੋਲਣ ਅਤੇ ਇਸ ਨੂੰ ਅੱਗੇ ਵਧਾਉਣ ਲਈ ਕਿਹਾ ਜਾਣਾ ਚਾਹੀਦਾ ਹੈ।
  13. ਪੰਜਾਬੀਆਂ ਦੇ ਨਾਲ-ਨਾਲ ਗ਼ੈਰ-ਪੰਜਾਬੀਆਂ ਨੂੰ ਵੀ ਪੰਜਾਬੀ ਸਿੱਖਣ ਲਈ ਪ੍ਰੇਰਿਆ ਜਾਵੇ।
  14. ਪੰਜਾਬੀ ਭਾਸ਼ਾ ਨੂੰ ਅੱਗੋਂ ਹੋਰ ਪ੍ਰਫੁੱਲਤ ਕਰਨ ਲਈ ਇਸ ਵਿਚ ਪੜ੍ਹਨ ਸਮੱਗਰੀ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ।
  15. ਕੈਨੇਡਾ ਬਹੁ-ਭਾਸ਼ਾਈ ਦੇਸ਼ ਹੈ ਅਤੇ ਇਸ ਵਿਚ ਦੋ-ਭਾਸ਼ੀਆਂ ਦੀ ਕਾਫ਼ੀ ਜ਼ਰੂਰਤ ਹੈ ਅਤੇ ਇਹ ਅੱਗੋਂ ਵੀ ਰਹੇਗੀ। ਭਾਸ਼ਾ ਦੀ ਇਸ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਪ੍ਰੇਰਿਤ ਕਰਨ ਦੇ ਯਤਨ ਕੀਤੇ ਜਾਣ।

ਅਖ਼ੀਰ ਵਿਚ ਕਿਰਪਾਲ ਸਿੰਘ ਪੰਨੂੰ ਅਤੇ ਡਾ. ਝੰਡ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੀ ਮੀਟਿੰਗ ਲਈ ਸ਼ੁਭ-ਇੱਛਾਵਾਂ ਨਾਲ ਇਸ ਮੀਟਿੰਗ ਦੀ ਸਮਾਪਤੀ ਹੋਈ।