Headlines

ਭਾਰਤ ਵਲੋਂ ਕੌਂਸਲਰ ਕੈਂਪ ਰੱਦ ਕਰਨ ਦਾ ਫੈਸਲਾ

ਬਰੈਂਪਟਨ ( ਦੇ ਪ੍ਰ ਬਿ)- ਇਥੋਂ ਦੇ ਹਿੰਦੂ ਸਭਾ ਮੰਦਿਰ ਵਿੱਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਈ ਕੌਂਸਲਰ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ।‘ਐਕਸ’ ਉੱਤੇ ਕੌਂਸਲੇਟ ਜਨਰਲ ਦੀ ਇਕ ਪੋਸਟ ਅਨੁਸਾਰ ਸੁਰੱਖਿਆ ਏਜੰਸੀਆਂ ਵੱਲੋੋਂ ਕਮਿਊਨਿਟੀ ਕੈਂਪ ਦੇ ਪ੍ਰਬੰਧਕਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥਾ ਪ੍ਰਗਟਾਉਣ ਦੇ ਮੱਦੇਨਜ਼ਰ ਕੌਂਸਲੇਟ ਨੇ ਕੁਝ ਅਨੁਸੂਚਿਤ ਕੌਂਸਲਰ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਝੜਪਾਂ ਕਾਰਨ ਮੰਦਰ ਦੇ ਅਧਿਕਾਰੀਆਂ ਅਤੇ ਭਾਰਤੀ ਕੌਂਸਲੇਟ ਦੁਆਰਾ ਸਹਿ-ਸੰਗਠਿਤ ਇੱਕ ਕੌਂਸਲਰ ਸਮਾਗਮ ਵਿੱਚ ਵਿਘਨ ਪਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ 4 ਨਵੰਬਰ ਨੂੰ ਭਾਰਤ ਨੇ ਕੈਨੇਡਾ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ।ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਿੰਦੂ ਸਭਾ ਮੰਦਰ ’ਤੇ ਹਿੰਸਾ ਦੀ ਨਿੰਦਾ ਕਰਦਿਆਂ ਕੈਨੇਡੀਅਨ ਸਰਕਾਰ ਨੂੰ ਹਮਲਿਆਂ ਤੋਂ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਅਤੇ ਜ਼ਿੰਮੇਵਾਰ ਲੋਕਾਂ ’ਤੇ ਮੁਕੱਦਮਾ ਚਲਾਉਣ ਦੀ ਮੰਗ ਵੀ ਕੀਤੀ।ਜੈਸਵਾਲ ਨੇ ਕਿਹਾ ਕਿ ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਕਰਦੇ ਹਾਂ। ਭਾਰਤੀਆਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਇੱਕੋ ਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਕੌਂਸਲਰ ਅਫਸਰਾਂ ਦੀ ਪਹੁੰਚ ਨੂੰ ਡਰਾਉਣ, ਪਰੇਸ਼ਾਨੀ ਅਤੇ ਹਿੰਸਾ ਨਾਲ ਨਹੀਂ ਰੋਕਿਆ ਜਾਵੇਗਾ।