Headlines

ਇਟਲੀ ਦੇ ਜਿਲ੍ਹਾ ਵਿਰੋਨਾ  2 ਭਾਰਤੀ ਗੁੱਟਾਂ ਦੀ ਆਪਸੀ  ਲੜਾਈ ਵਿੱਚ 3 ਗੰਭੀਰ ਜਖ਼ਮੀ 

 ਮਿਲਾਨ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਪ੍ਰਸਿੱਧ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਸਨਬੋਨੀਫਾਚੋ ਵਿਖੇ 2 ਭਾਰਤੀ ਗੁੱਟਾਂ ਦੀ ਆਪਸੀ ਲੜਾਈ ਵਿੱਚ 3 ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖ਼ਬਰ ਸਾਹਮ੍ਹਣੇ ਆ ਰਹੀ ਹੈ ਜਿਸ ਅਨੁਸਾਰ ਕੁਝ ਭਾਰਤੀਆਂ ਨੌਜਵਾਨਾਂ ਨੇ ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਸੁਪਰਮਾਰਕੀਟ ਆਈਪਰ ਫੈਮਿਲੀਆ ਦੀ ਪਾਰਕਿੰਗ ਵਿੱਚ ਆਪਸੀ ਕਿਸੇ ਟਸਲਬਾਜੀ ਦੇ ਚੱਲਦਿਆਂ ਸਮਾਂ ਦੇਕੇ ਇਟਾਲੀਅਨ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਹਥਿਆਰਾਂ ਨਾਲ ਚਾਕੂ,ਪਿਸਤੌਲ ਤੇ ਹੋਰ ਹਥਿਆਰਾਂ ਨਾਲ ਮੂੰਹ ਚੱਕ ਕੇ ਲੜਾਈ ਕੀਤੀ ਇਹ ਲੜਾਈ ਜਿਸ ਵਿੱਚ ਕਰੀਬ 15 ਨੌਜਵਾਨਾਂ ਨੇ ਲੜਾਈ ਕਰਕੇ ਭਾਰਤੀ ਭਾਈਚਾਰਾਂ ਨੂੰ ਪੁਲਸ ਪ੍ਰਸ਼ਾਸ਼ਨ ਤੇ ਆਮ ਲੋਕਾਂ ਦੀ ਅਲੋਚਨਾ ਦਾ ਪਾਤਰ ਬਣਾਇਆ ਉਸ ਵਿੱਚ ਇੱਕ ਗੁੱਟ ਦੇ 3 ਭਾਰਤੀ ਪੰਜਾਬੀ ਨੌਜਵਾਨਾਂ ਦੀ ਬਹੁਤ ਜ਼ਿਆਦਾ ਕੁੱਟ-ਮਾਰ ਕੀਤੀ ਇਸ ਮਾਰੂ ਲੜਾਈ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲੀ ਵੀ ਚਲਾਈ ਗਈ ਜਿਸ ਨਾਲ 1 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।ਤਿੰਨੋਂ ਨੌਜਵਾਨ ਹਸਪਤਾਲ ਦਾਖਲ ਹਨ।ਇਸ ਘਟਨਾ ਦੀ ਜਿੱਥੇ ਸਥਾਨਕ ਮੀਡੀਏ ਵਿੱਚ  ਚਰਚਾ ਹੋ ਰਹੀ ਹੈ ਉੱਥੇ ਇਟਾਲੀਅਨ ਲੋਕ ਇਹਨਾਂ ਭਾਰਤੀਆਂ ਤੋਂ ਕਾਫ਼ੀ ਚਿੜੇ ਹੋਏ ਦੇਖੇ ਗਏ ।ਇਹ ਲੜਾਈ ਜਿਹੜੀ ਦੋ ਭਾਰਤੀ ਗੁੱਟਾਂ ਵਿੱਚ ਜੰਮ ਕੇ ਹੋਈ ਇਸ ਨੂੰ ਅੰਜਾਮ ਦੇਣ ਲਈ ਤੇਜਧਾਰ ਹਥਿਆਰਾਂ ਤੋਂ ਲੈਕੇ ਗੋਲੀਆਂ ਤੱਕ ਚਲਾਈਆਂ ਗਈਆ ਜਿਸ ਵਿੱਚ 3 ਭਾਰਤੀ ਨੌਜਵਾਨ ਗੰਭੀਰ ਜਖ਼ਮੀ ਹੋਏ ਜਿਨ੍ਹਾਂ ਨੂੰ ਬਾਅਦ ਵਿੱਚ ਹਸਤਪਾਲ ਦਾਖਲ ਕਰਵਾਇਆ ਗਿਆ ਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਜਿਹੜਾ ਜਿ਼ਆਦਾ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਇਸ ਮੰਦਭਾਗੀ ਘਟਨਾ ਉਪੱਰ ਸ਼ਹਿਰ ਦੇ ਮੇਅਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਪਹਿਲਾਂ ਕਦੀ ਵੀ ਸ਼ਹਿਰ ਵਿੱਚ ਰਹਿੰਦੇ ਭਾਰਤੀਆਂ ਦਾ ਅਜਿਹਾ ਰੂਪ ਨਹੀਂ ਦੇਖਿਆ ਜਿਹੜਾ ਕਿ ਖਤਰਨਾਕ ਤੇ ਚਿੰਤਾਜਨਕ ਹੈ।ਭਾਰਤੀ ਲੋਕਾਂ ਨੇ ਇਸ ਘਟਨਾ ਨੂੰ ਕਾਨੂੰਨ ਦੀ ਮਰਿਆਦਾ ਭੰਗ ਕਰਨ ਦਾ ਅਣ ਮਨੁੱਖੀ ਕਾਰਾ ਦੱਸਿਆ ਜਿਹੜਾ ਕਿ ਹੋਰ ਪਰਵਾਸੀ ਲੋਕਾਂ ਲਈ ਅਨੇਕਾਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਕਿਸੇ ਵੀ ਨੌਜਵਾਨ ਦੀ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਆਦ ਸਾਰੇ ਭਾਰਤੀ ਨੌਜਵਾਨ ਘਟਨਾ ਸਥਲ ਤੋਂ ਰੱਫੂ ਚੱਕਰ ਹੋ ਗਏ ਸਨ।ਗੌਰਤਲਬ ਹੈ ਇਸ ਦਿਨ ਹੀ ਲਾਸੀਓ ਸੂਬੇ ਦੇ ਇੱਕ ਧਾਰਮਿਕ ਅਸਥਾਨ ਦੇ ਬਾਹਰ ਵੀ ਕੁਝ ਇਸ ਤਰ੍ਹਾਂ ਹੀ ਦੋ ਗੁੱਟਾਂ ਦੀ ਝੜਪ ਹੋਈ ਜਿਸ ਦੀ ਕਿ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ ।ਇਟਲੀ ਵਿੱਚ ਭਾਰਤੀ ਲੋਕ ਕਿਸੇ ਸਮੇਂ ਸਰਕਾਰੇ ਦਰਬਾਰੇ ਮਿਹਨਤੀ ਤੇ ਸ਼ਰੀਫ਼ ਪਰਵਾਸੀਆਂ ਵਜੋਂ ਜਾਣੇ ਜਾਂਦੇ ਸਨ ਪਰ ਅਫਸੋਸ ਅਜਿਹੇ ਕਾਰਨਾਮਿਆਂ ਸਮੁੱਚੇ ਭਾਈਚਾਰੇ ਦੀ ਸਾਖ਼ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਜਿਸ ਪ੍ਰਤੀ ਭਾਰਤੀ ਲੋਕਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਅਹਿਮ ਲੋੜ ਹੈ।