Headlines

ਸਿੱਖ ਨੌਜਵਾਨ ਹਸਰਤ ਸਿੰਘ ਨੂੰ ਇਟਾਲੀਅਨ ਵਿਅਕਤੀ ਦੀ ਜਾਨ ਬਚਾਉਣ ਲਈ ਕੀਤਾ ਸਨਮਾਨਿਤ 

 ਰੋਮ ਇਟਲੀ, (ਗੁਰਸ਼ਰਨ ਸਿੰਘ ਸੋਨੀ) -ਬੀਤੇ ਦਿਨੀ ਰੇਜੋ ਇਮੀਲੀਆ ਜ਼ਿਲੇ ਦੇ ਕਸਬਾ ਲੁਸਾਰਾ ਵਿਖੇ ਵਾਪਰੇ ਇੱਕ ਹਾਦਸੇ ਦੌਰਾਨ 27 ਸਾਲਾ ਸਿੱਖ ਨੌਜਵਾਨ ਹਸਰਤ ਸਿੰਘ ਵੱਲੋਂ 56 ਸਾਲਾਂ ਦੇ ਇਟਾਲੀਅਨ ਵਿਅਕਤੀ ਦੀ ਜਾਨ ਬਚਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਿੱਖ ਨੌਜਵਾਨ ਨੇ ਸਿੱਖੀ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਅਤੇ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਹੋਇਆ ਆਪਣੇ ਮਾਂ ਪਿਓ ਅਤੇ ਆਪਣੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਬੀਤੇ ਦਿਨੀ ਜਦੋਂ ਇਹ ਨੌਜਵਾਨ ਆਪਣੀ ਕਾਰ ‘ਤੇ ਕੰਮ ਤੋਂ ਦੁਪਹਿਰ ਦੀ ਰੋਟੀ ਖਾਣ ਲਈ ਘਰ ਜਾ ਰਿਹਾ ਸੀ ਤਾਂ ਸੁਜਾਰਾ ਦੇ ਨਾਲ ਲੱਗਦੇ ਇੰਡਸਟਰੀਅਲ ਏਰੀਏ ਦੇ ਨਜ਼ਦੀਕ ਇਸ ਨੂੰ ਸੜਕ ਦੇ ਨਾਲ ਲੱਗਦੇ ਨਾਲੇ ਵਿੱਚ ਕੋਈ ਚੀਜ਼ ਨਜ਼ਰ ਆਈ ਜੋ ਕਿ ਦੂਰੋਂ ਘਾਹ ਕੱਟਣ ਵਾਲੀ ਮਸ਼ੀਨ ਦਾ ਭੁਲੇਖਾ ਪਾ ਰਹੀ ਸੀ। ਪਰ ਨਜ਼ਦੀਕ ਜਾਣ ਤੇ ਇਸ ਨੌਜਵਾਨ ਨੇ ਵੇਖਿਆ ਕਿ ਉਹ ਇੱਕ ਮੋਪਡ(ਸਕੂਟਰੀ) ਸੀ ਅਤੇ ਇੱਕ 56 ਸਾਲਾਂ ਇਟਾਲੀਅਨ ਵਿਅਕਤੀ ਖਾਲੇ(ਨਾਲੇ) ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਕਿਉਂਕਿ ਨਾਲੇ ਵਿੱਚ ਪਾਣੀ ਅਤੇ ਚਿੱਕੜ ਸੀ। ਇਸ ਕਰਕੇ ਉਹ ਵਿਅਕਤੀ ਵਿੱਚ ਹੀ ਫਸਿਆ ਹੋਇਆ ਸੀ ‘ਤੇ ਉਸ ਦਾ ਮੂੰਹ ਪਾਣੀ ਵਿੱਚ ਹੋਣ ਕਾਰਨ ਪਾਣੀ ਵਿੱਚੋਂ ਬੁਲਬਲੇ ਨਿਕਲ ਰਹੇ ਸਨ। ਇਸ ਸਿੱਖ ਨੌਜਵਾਨ ਨੇ ਕਿਸੇ ਵੀ ਤਰ੍ਹਾਂ ਦੀ ਦੇਰੀ ਕੀਤੇ ਤੋਂ ਬਿਨਾਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਚਿੱਕੜ ਵਾਲੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਉਸ ਨੇ ਵੇਖਿਆ ਕਿ ਚਿੱਕੜ ਵਿੱਚ ਉਹ ਆਦਮੀ ਪੂਰੀ ਤਰ੍ਹਾਂ ਫਸ ਚੁੱਕਾ ਹੈ ਤਾਂ ਉਸ ਨੇ ਮਦਦ ਲਈ ਹੋਰ ਲੋਕਾਂ ਨੂੰ ਵੀ ਗੁਹਾਰ ਲਗਾਈ ਤਾਂ ਇੱਕ ਹੋਰ ਆਦਮੀ ਜੋ ਕਿ ਪਿੱਛੋਂ ਆ ਰਿਹਾ ਸੀ। ਉਸਨੇ ਇਸ ਨੌਜਵਾਨ ਦੀ ਮਦਦ ਕੀਤੀ ਅਤੇ ਉਸ ਇਟਾਲੀਅਨ ਵਿਅਕਤੀ ਨੂੰ ਉਸ ਚਿੱਕੜ ਅਤੇ ਪਾਣੀ ਨਾਲ ਭਰੀ ਦਲਦਲ ਵਿੱਚੋਂ ਬਾਹਰ ਕੱਢ ਲਿਆ। ਉਪਰੰਤ ਇਸ ਨੌਜਵਾਨ ਨੇ 118 ‘ਤੇ ਕਾਲ ਕਰਕੇ ਡਾਕਟਰੀ ਸਹਾਇਤਾ ਲਈ ਮਦਦ ਮੰਗੀ ਅਤੇ ਉਸ ਵਿਅਕਤੀ ਨੂੰ ਹੈਲੀ ਐਂਬੂਲੈਂਸ ਰਾਹੀਂ ਪਾਰਮਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਉਸਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਡਾਕਟਰੀ ਸਹਾਇਤਾ ਤੋਂ ਇਲਾਵਾ ਉੱਥੇ ਮੌਕੇ ਤੇ ਰੇਜੋ ਇਮੀਲੀਆ ਜ਼ਿਲ੍ਹੇ ਦੀ ਕਾਰਾਬਿਨੇਰੀ ਪੁਲਿਸ ਵੀ ਪਹੁੰਚੀ।ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੇ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਿੱਖ ਨੌਜਵਾਨ ਹਸਰਤ ਸਿੰਘ ਨੇ ਇਨਸਾਨੀਅਤ ਨਾਤੇ ਜੋ ਕਾਰਜ ਕੀਤਾ ਹੈ। ਉਸ ਨੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਲਈ ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਵਿਖੇ ਬੁਲਾ ਕੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਕਿ ਅੱਗੇ ਤੋਂ ਵੀ ਅਜਿਹੇ ਚੰਗੇ ਕੰਮਾਂ ਲਈ ਉਹ ਅਤੇ ਉਸ ਵਰਗੇ ਹੋਣ ਨੌਜਵਾਨ ਵੀ ਪ੍ਰੇਰਿਤ ਹੋ ਸਕਣ।